ਨਵੀਂ ਦਿੱਲੀ (ਫਰਵਰੀ 14, 2011): ਫੈਡਰੇਸ਼ਨ ਅਤੇ ਪੀੜਤ ਪ੍ਰੀਵਾਰ 7 ਮਾਰਚ ਨੂੰ ਕੜਕੜਡੂੰਮਾ ਅਦਾਲਤ ਦੇ ਬਾਹਰ ਜੋਰਦਾਰ ਪ੍ਰਦਰਸ਼ਨ ਕਰਨਗੇ। ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਡੂਟੇਂਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਸਕੱਤਰ ਜਨਰਲ ਸ੍ਰ. ਦਵਿੰਦਰ ਸਿੰਘ ਸੌਢੀ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸੀ.ਬੀ.ਆਈ. ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਜਦਕਿ ਮਹਰੂਮ ਗਿਆਨੀ ਬਾਦਲ ਸਿੰਘ ਦੀ ਸਪੁਤਨੀ ਬੀਬੀ ਲੱਖਵਿੰਦਰ ਕੌਰ ਨੇ ਸੀ.ਬੀ.ਆਈ. ਵੱਲੋਂ ਜਗਦੀਸ਼ ਟਾਈਟਲਰ ਨੂੰ ਦਿੱਤੀ ਕਲੀਨ ਚਿੱਟ ਨੂੰ ਚਣੌਤੀ ਦਿੰਦਿਆ ਕੜਕੜਭੂੰਮਾ ਦੀ ਸੀ.ਬੀ.ਆਈ. ਅਦਾਲਤ ਵਿਚ ਉਹ ਸਾਰੇ ਡਾਕੂਮੈਂਟ ਮੰਗੇ ਸਨ ਜਿਨ੍ਹਾਂ ਦੇ ਅਧਾਰ ’ਤੇ ਸੀ.ਬੀ.ਆਈ. ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ। ਫ਼ੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਹੁਣ ਮਾਨਯੋਗ ਜੱਜ ਸ਼੍ਰੀਮਤੀ ਸਰਿਤਾ ਬੀਰਬਲ ਨੇ ਸੀ.ਬੀ.ਆਈ. ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ 7 ਮਾਰਚ ਨੂੰ ਪੀੜਤ ਲੱਖਵਿੰਦਰ ਕੌਰ ਦੇ ਵਕੀਲ ਸ੍ਰੀ ਨਵਕਿਰਨ ਸਿੰਘ ਅਤੇ ਕਾਮਨਾ ਵੋਰਗ ਨੂੰ ਉਹ ਸਾਰੇ ਸਬੂਤ ਮੁਹੰਈਆ ਕਰੇ ਜਿੰਨਾ ਵਿਚ ਪੰਜ ਸੀ.ਡੀ.ਜ. ਵੀ ਸ਼ਾਮਲ ਹਨ ਜੋ ਸੀ.ਬੀ.ਆਈ. ਨੂੰ ਖੁਦ ਜਗਦੀਸ਼ ਟਾਈਟਲਰ ਨੇ ਸੌਂਪੀਆ ਸਨ। ਉਨ੍ਹਾਂ ਕਿਹਾ ਕਿ ਨਵੰਬਰ 1984 ਸਿੱਖ ਨਸ਼ਲਕੁਸੀ ਕੇਸ ਵਿਚ ਇਹ ਬਹੁਤ ਹੀ ਅਹਿਮ ਪ੍ਰਾਪਤੀ ਹੈ। ਫ਼ੈਡਰੇਸ਼ਨ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰ. ਦਵਿੰਦਰ ਸਿੰਘ ਸੌਢੀ ਨੇ ਕਿਹਾ ਕਿ ਫ਼ੈਡਰੇਸ਼ਨ 7 ਮਾਰਚ ਨੂੰ ਦਿੱਲੀ ਦੀ ਕੜਕੜਡੂੰਮਾ ਅਦਾਲਤ ਦੇ ਬਾਹਰ ਪੀੜਤ ਪ੍ਰੀਵਾਰਾਂ ਨੂੰ ਨਾਲ ਲੈਕੇ ਮੁੜ ਰੋਸ਼ ਪ੍ਰਦਰਸ਼ਨ ਕਰੇਗੀ ਕਿਉਂਕਿ ਸਾਨੂੰ ਖਦਸਾ ਹੈ ਕਿ 7 ਮਾਰਚ ਨੂੰ ਹੋ ਸਕਦਾ ਹੈ ਕਿ ਕੋਈ ਬਹਾਨਾ ਬਣਾ ਕੇ ਉਪਰੋਕਤ ਸਬੂਤ ਸੀ.ਬੀ.ਆਈ. ਪੀੜਤ ਧਿਰ ਨੂੰ ਸੌਪਣ ਤੋਂ ਆਨਾ ਕਾਨੀ ਕਰੇ। ਉਨ੍ਹਾਂ ਹੋਰ ਅਹਿਮ ਖੁਲਾਸਾ ਕਰਦਿਆ ਕਿਹਾ ਕਿ ਕਾਂਗਰਸੀ ਨੇਤਾ ਸੱਜਣ ਕੁਮਾਰ ਕੇਸ ਵਿਚ ਸਾਨੂੰ ਕੁਝ ਹੋਰ ਗਵਾਹ ਅਤੇ ਸਬੂਤ ਮਿਲੇ ਹਨ ਜਿੰਨਾ ਦਾ ਪ੍ਰਗਟਾਵਾਂ ਆਉਦੇ ਦਿਨਾਂ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਕੇਸ ਵਿਚ ਹੁਣ ਤੱਕ ਦੀਆਂ ਗਵਾਹੀਆਂ ਸਬੰਧੀ ਕਈ ਅਹਿਮ ਸਬੂਤਾਂ ਦੇ ਅਧਾਰ ’ਤੇ ਸੱਜਣ ਕੁਮਾਰ ਕੇਸ ਵਿਚ ਸਾਰੇ ਦੋਸ਼ੀਆਂ ਨੂੰ ਸਜਾਵਾਂ ਮਿਲਣੀਆ ਤਹਿ ਹਨ। ਮੌਜੂਦਾ ਕੇਂਦਰੀ ਮੰਤਰੀ ਕਮਲਨਾਥ ਬਾਰੇ ਅਮਰੀਕਾ ਦੀ ਫੈਡਰਲ ਅਦਾਲਤ ਅੰਦਰ ਸਿੱਖਸ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ੍ਰੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਬੜੀ ਸਿੱਦਤ ਨਾਲ ਕੇਸ ਲੜਿਆ ਜਾ ਰਿਹਾ ਹੈ। ਕਮਲਨਾਥ ਵੱਲੋਂ ਆਪਣੇ ਬਚਾਅ ਲਈ ਕਈ ਹੱਥ ਕੰਡੇ ਵਰਤੇ ਜਾ ਰਹੇ ਹਨ ਲੇਕਿਨ ਅਜੇ ਤੱਕ ਉਸ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ। ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਇਨਸਾਫ਼ ਪ੍ਰਾਪਤੀ ਲਈ ਫੈਡਰੇਸ਼ਨ, ਸਿੱਖਸ ਫ਼ਾਰ ਜਸਟਿਸ ਵੱਲੋਂ ਸਾਂਝੇ ਤੌਰ ’ਤੇ ਲੜਿਆ ਜਾ ਰਿਹਾ ਸੰਘਰਸ਼ ਹੁਣ ਅਹਿਮ ਦੌਰ ਵਿਚ ਦਾਖਲ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿਚ ਕਈ ਸਾਰਥਿਕ ਸਿੱਟੇ ਸਾਹਮਣੇ ਆਉਣ ਦੀ ਸੰਭਵਾਨਾ ਹੈ।