ਟੀਵੀ 84 ਲਈ ਪੰਥਕ ਟੀਵੀ ਦਾ ਖਿਤਾਬ ਹਾਸਲ ਕਰਦੇ ਹੋਏ ਡਾ. ਅਮਰਜੀਤ ਸਿੰਘ ਵਾਸ਼ਿੰਗਟਨ

ਵਿਦੇਸ਼

ਯੂ.ਐਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਟੀਵੀ84 ਨੂੰ ‘ਪੰਥਕ ਚੈਨਲ’ ਦਾ ਦਿੱਤਾ ਗਿਆ ਖਿਤਾਬ

By ਸਿੱਖ ਸਿਆਸਤ ਬਿਊਰੋ

April 14, 2016

ਵਾਸ਼ਿੰਗਟਨ, (ਡੀ.ਸੀ): 30 ਮਿਲੀਅਨ ਸਿੱਖ ਕੌਮ ਦੇ ਮੁੱਢਲੇ ਹੱਕਾਂ ਦੇ ਮੁੱਦੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਦੁਨੀਆ ਭਰ ਵਿੱਚ ਵਾਪਰ ਰਹੀਆਂ ਮਨੁੱਖੀ ਅਧਿਕਾਰਾਂ ਦੇ ਹਨਨ ਦੀਆਂ ਘਟਨਾਵਾਂ ਨੂੰ ਸੁਚੱਜੇ ਢੰਗ ਨਾਲ ਸਾਹਮਣੇ ਲਿਆਉਣ ਲਈ ਯੂ.ਐਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਟੀਵੀ84 ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

9 ਅਪ੍ਰੈਲ ਨੂੰ ਵਾਸ਼ਿੰਗਟਨ ਡੀ.ਸੀ ਵਿਖੇ ਸਿੱਖ ਅਜ਼ਾਦੀ ਮਾਰਚ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ, ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸੀ। ਲਿੰਕਨ ਮੈਮੋਰੀਅਲ ਤੋਂ ਕੈਪੀਟਲ ਹਿੱਲ ਤੱਕ ‘ਸਿੱਖ ਅਜ਼ਾਦੀ ਮਾਰਚ’ ਸਿੱਖੀ ਆਨ ਸ਼ਾਨ ਦਾ ਪ੍ਰਤੀਕ ਹੋ ਨਿਬੜਿਆ। ਮਾਰਚ ਦੀ ਸਮਾਪਤੀ ਕੈਪੀਟਨ ਹਿੱਲ ਦੇ ਸਾਹਮਣੇ ਹੋਈ ਜਿੱਥੇ ਕਿ ਵਿਸ਼ੇਸ਼ ਤੌਰ ਤੇ ਸਟੇਜ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਟੇਜ ਤੋਂ ਅੱਡ-ਅੱਡ ਜਥੇਬੰਦੀਆਂ ਨਾਲ ਸਬੰਧਤ ਵੱਖ-ਵੱਖ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਮੁੱਖ ਮਹਿਮਾਨ ਜਗਮੀਤ ਸਿੰਘ ਐਮ.ਪੀ.ਪੀ ਟਰਾਂਟੋ, ਓਂਟਾਰੀਓ ਸ਼ਾਮਲ ਸਨ।

ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ.ਹਿੰਮਤ ਸਿੰਘ ਨੇ ਕਿਹਾ ਕਿ “ਕੌਮੀ ਹੱਕਾਂ ਦੀ ਅਵਾਜ਼ ਆਮ ਸਿੱਖਾਂ ਦੇ ਘਰ-ਘਰ ਤੱਕ ਪਹੁੰਚਾਉਣ ਦਾ ਕੰਮ ਟੀਵੀ84 ਨੇ ਪਿਛਲੇ ਤਿੰਨ ਸਾਲਾਂ ਤੋਂ ਬਖੂਬੀ ਨਿਭਾਇਆ ਹੈ ਅਤੇ ਟੀਵੀ84 ਵੱਲੋਂ ਸਿੱਖ ਹੱਕਾਂ ਦੀ ਗੱਲ ਨਿਡਰ ਹੋ ਕੇ ਕੀਤੀ ਜਾ ਰਹੀ ਹੈ।

ਸੱਚ ਹੱਕ ਇਨਸਾਫ ਦੀ ਅਵਾਜ਼ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਉਣ ਲਈ ਟੀਵੀ84 ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।” ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਉਹ ਅੱਜ ਦੇ ਇਸ ਇਕੱਠ ਵਿੱਚ ਟੀਵੀ84 ਨੂੰ ‘ਪੰਥਕ ਚੈਨਲ’ ਦਾ ਖਿਤਾਬ ਦਿੰਦੇ ਹਨ।

ਇਸ ਸਬੰਧੀ ਵਿਸ਼ੇਸ਼ ਪਲੈਕ ਟੀਵੀ84 ਦੀ ਟੀਮ ਨੂੰ ਭੇਟ ਕੀਤੀ ਗਈ, ਜਿਸ ਨੂੰ ਡਾ.ਅਮਰਜੀਤ ਸਿੰਘ ਨੇ ਹਾਸਲ ਕੀਤਾ। ਟੀਵੀ84 ਦੇ ਸੰਸਥਾਪਕਾਂ ਡਾ.ਰਣਜੀਤ ਸਿੰਘ, ਸ.ਹਰਦਿਆਲ ਸਿੰਘ ਅਤੇ ਡਾ.ਅਮਰਜੀਤ ਸਿੰਘ ਵੱਲੋਂ ਇਹ ਸਨਮਾਨ ਦੇਣ ਲਈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਧੰਨਵਾਦ ਕੀਤਾ ਗਿਆ। ਲਗਭੱਗ 5 ਘੰਟੇ ਦੇ ਇਸ ਅਜ਼ਾਦੀ ਮਾਰਚ ਦਾ ਟੀਵੀ84 ਵੱਲੋਂ ਲਾਈਵ ਪ੍ਰਸਾਰਣ ਕੀਤਾ ਗਿਆ ਜਿਸਦਾ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਨੇ ਅਨੰਦ ਮਾਣਿਆ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: