ਟਰਲੋਕ: ਭਾਰਤ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ‘ਤੇ ਕੀਤੇ ਗਏ ਫੌਜੀ ਹਮਲੇ ਅਤੇ ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਰਕਾਰੀ ਸ਼ਹਿ ‘ਤੇ ਹੋਈ ਸਿੱਖਾਂ ਦੀ ਕਤਲੋਗਾਰਤ ਨੂੰ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਟਰਲੋਕ ਦੀ ‘ਸਿਟੀ ਕਾਉਂਸਲ’ ਨੇ ਸਿੱਖ ਨਸਲਕੁਸ਼ੀ ਐਲਾਨਦਿਆਂ ਜੂਨ 2018 ਨੂੰ ਸਿੱਖ ਨਸਲਕੁਸ਼ੀ ਦਿਹਾੜੇ ਵਜੋਂ ਯਾਦ ਕਰਨ ਦਾ ਐਲਾਨ ਕੀਤਾ ਹੈ।
22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ ‘ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਅਤੇ ਤਬਾਹ ਕੀਤੇ ਗਏ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦਾ ਵੀ ਜ਼ਿਕਰ ਕੀਤਾ ਗਿਆ।
ਸਿੱਖਾਂ ਨਾਲ ਭਾਰਤ ਵਿਚ ਹੋਈਆਂ ਬੇੲਨਿਸਾਫੀਆਂ ਨੂੰ ਯਾਦ ਕਰਦਿਆਂ ਟਰਲੋਕ ਸ਼ਹਿਰ ਦੀ ਮੇਅਰ ਨੇ ਜੂਨ 2018 ਨੂੰ ਸਿੱਖ ਕਤਲੇਆਮ ਦਿਹਾੜੇ ਵਜੋਂ ਯਾਦ ਕਰਦਿਆਂ ਸਿੱਖਾਂ ਦੇ ਦੁੱਖ ਵਿਚ ਸ਼ਾਮਿਲ ਹੋਣ ਦੀ ਗੱਲ ਕਹੀ।
ਜਿਕਰਯੋਗ ਹੈ ਕਿ ਆਪਣੀਆਂ ਰਾਜਸੀ ਅਤੇ ਧਾਰਮਿਕ ਮੰਗਾਂ ਲਈ ‘ਧਰਮ ਯੁੱਧ ਮੋਰਚੇ’ ਦੇ ਨਾਂ ਹੇਠ ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ਨੂੰ ਦਬਾਉਣ ਲਈ ਭਾਰਤ ਸਰਕਾਰ ਨੇ ਜੂਨ 1984 ਵਿਚ ਪੰਜਾਬ ‘ਤੇ ਫੌਜੀ ਹਮਲਾ ਕੀਤਾ ਸੀ ਜਿਸ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਕਤਲੇਆਮ ਦੇ ਰੋਸ ਵਜੋਂ ਜਦੋਂ 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਉਸਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਲਗਾਤਾਰ ਕਈ ਦਿਨ ਸਰਕਾਰੀ ਸ਼ਹਿ ‘ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਜਿਸ ਵਿਚ ਹਜ਼ਾਰਾਂ ਸਿੱਖ ਬੜੇ ਅਣਮਨੁੱਖੀ ਢੰਗ ਨਾਲ ਕਤਲ ਕਰ ਦਿੱਤੇ ਗਏ ਸਨ।
ਸਿਟੀ ਕਾਉਂਸਲ ਵਲੋਂ ਪਾਸ ਕੀਤੇ ਗਏ ਮਤੇ ਦੀ ਤਸਵੀਰ: