Site icon Sikh Siyasat News

ਭਾਜਪਾ ਅਤੇ ਕਾਂਗਰਸ ਘੱਟਗਿਣਤੀਆਂ ਲਈ ਬਰਾਬਰ ਖਤਰਨਾਕ ਹਨ: ਦਲ ਖਾਲਸਾ

ਹੁਸ਼ਿਆਰਪੁਰ, ਪੰਜਾਬ (ਨਵਮਬਰ 26, 2013): ਦਲ ਖਾਲਸਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਕਾਂਗਰਸੀ ਆਗੂ ਸੋਨੀਆ ਗਾਂਧੀ ਵਿਚਾਲੇ ਚਲ ਰਹੀ ਰਸਾਕਸ਼ੀ ਕਿ ਭਾਜਪਾ ਜਾਂ ਕਾਂਗਰਸ ਵਿਚੋਂ ਕੌਣ ਵੱਧ ਜ਼ਹਿਰੀ ਹੈ ਉਤੇ ਆਪਣੀ ਟਿਪਣੀ ਕਰਦਿਆਂ ਕਿਹਾ ਕਿ ਘੱਟ-ਗਿਣਤੀਆਂ ਲਈ ਦੋਨਾਂ ਨੇ ਆਪਣੇ ਅੰਦਰ ਬਰਾਬਰ ਦਾ ਜ਼ਹਿਰ ਸਾਂਭ ਰੱਖਿਆ ਹੈ।

(ਖੱਬਿਓਂ-ਸੱਜੇ) ਦਲ ਖਾਲਸਾ ਪ੍ਰਧਾਨ ਭਾਈ ਹਰਚਰਨ ਜੀਤ ਸਿੰਘ ਧਾਮੀ, ਸਰਬਜੀਤ ਸਿੰਘ ਘੁਮਾਣ, ਸਤਨਾਮ ਸਿੰਘ ਪਾਉਂਟਾ ਸਾਹਿਬ, ਪ੍ਰਭਜੋਤ ਸਿੰਘ ਨਵਾਂਸ਼ਹਿਰ ਅਤੇ ਹੋਰ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਬਿਆਨ ਵਿੱਚ ਕਿਹਾ ਕਿ ਦੋਨੇ ਪਾਰਟੀਆਂ ਦੇ ਆਗੂ ਇੱਕ-ਦੂਜੇ ਉਤੇ ਪਲਟਵਾਂ ਵਾਰ ਕਰਦਿਆਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਹਨ ਕਿ ਦੂਸਰਾ ਵੱਧ ਜ਼ਹਿਰੀ ਹੈ।

ਉਹਨਾਂ ਕਿਹਾ ਕਿ ਘੱਟ-ਗਿਣਤੀ ਕੌਮਾਂ ਅਤੇ ਲੋਕਾਂ ਲਈ ਅਸਲ ਵਿੱਚ ਦੋਨੇ ਬਰਾਬਰ ਦੇ ਜ਼ਹਿਰੀ ਹਨ।

ਉਹਨਾਂ ਕਿਹਾ ਕਿ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਨੂੰ ਦੋਨਾਂ ਨੇ ਡਸਿਆ ਹੈ। ਉਹਨਾਂ ਕਿਹਾ ਕਿ 1984 ਵਿੱਚ ਸਿੱਖਾਂ ਨਾਲ ਜੋ ਘਿਨਾਉਣਾ ਕੰਮ ਕਾਂਗਰਸ ਨੇ ਕੀਤਾ ਉਹ ਹੀ ਕੁਝ ਭਾਜਪਾ ਨੇ ਮੁਸਲਮਾਨਾਂ ਅਤੇ ਈਸਾਈਆਂ ਨਾਲ ਸਨ 2002 ਅਤੇ 2008 ਵਿੱਚ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨਾਲ ਸਬੰਧਤਿ ਫਿਰਕੂ ਭੀੜ ਦੇ ਜ਼ਹਿਰੀ ਦਿਮਾਗਾਂ ਨੇ ਹੀ 1984, 2002 ਅਤੇ 2008 ਵਿੱਚ ਨਿਰਦੋਸ਼ਾਂ ਦਾ ਖੂਨ ਧਰਤੀ ‘ਤੇ ਡੋਲਿਆ ਸੀ।

ਦਲ ਖਾਲਸਾ ਆਗੂ ਨੇ ਕਿਹਾ ਕਿ ਹਿੰਦੂ ਵੋਟਾਂ ਬਟੋਰਨ ਲਈ ਇਹਨਾਂ ਦੋਨੇ ਪਾਰਟੀਆਂ ਨੇ ਘੱਟ-ਗਿਣਤੀਆਂ ਨਾਲ ਦੁਰਵਿਹਾਰ ਕੀਤਾ ਅਤੇ ਸਮੇ-ਸਮੇ ਉਹਨਾਂ ਵਿਰੁੱਧ ਜ਼ਹਿਰ ਉਗਲਿਆ ਹੈ।

ਰਵਾਇਤੀ ਅਕਾਲੀ ਗਰੁਪਾਂ ਦੀਆਂ ਨੀਤੀਆਂ ਉਤੇ ਟਿਪਣੀ ਕਰਦਿਆਂ ਉਹਨਾਂ ਕਿਹਾ ਕਿ ਕੁਝ ਛੋਟੇ ਗਰੁੱਪ ਕਾਂਗਰਸ ਦੇ ਮਗਰ ਲੱਗੇ ਹੋਏ ਹਨ ਜਦਕਿ ਅਕਾਲੀ ਦਲ ਦਾ ਮੁੱਖ ਧੜਾ ਭਾਜਪਾ ਮਗਰ। ਉਹਨਾਂ ਅਫਸੋਸ ਪ੍ਰਗਟਾਉਦਿਆਂ ਕਿਹਾ ਕਿ ਸਿੱਖ ਰਾਜਨੀਤੀ ਬਾਦਲ-ਪੱਖੀ ਅਤੇ ਬਾਦਲ-ਵਿਰੋਧੀ ਹਿੱਸਿਆ ਵਿੱਚ ਵੰਡੀ ਹੋਈ ਹੈ।

ਦਲ ਖਾਲਸਾ ਆਗੂ ਨੇ ਕਿਹਾ ਕਿ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਉਣ ਪਿਛੇ ਜੋ ਅਸਲ ਮਨਸ਼ਾ ਅਤੇ ਉਦੇਸ਼ ਸਨ, ਉਹ ਸਮੇ ਦੇ ਨਾਲ-ਨਾਲ ਇਸ ਦੀ ਲੀਡਰਸ਼ਿਪ ਵਲੋਂ ਘੱਟੀਂ ਰੋਲ ਦਿੱਤੇ ਗਏ ਹਨ। ਉਹਨਾਂ ਪੰਥਕ ਏਕੇ ਉਤੇ ਜ਼ੋਰ ਦੇਂਦਿੰਆਂ ਕਿਹਾ ਕਿ ਸਮੂਹ ਅਕਾਲੀ ਧੜਿਆਂ ਨੂੰ ਕਾਂਗਰਸ ਅਤੇ ਭਾਜਪਾ ਦੇ ਪ੍ਰਛਾਂਵੇ ਹੇਂਠ ਤੋਂ ਬਾਹਰ ਨਿਕਲਕੇ ਆਪਣੀ ਸੁਤੰਤਰ ਹੋਂਦ ਮੁੜ ਬਹਾਲ ਕਰਨੀ ਚਾਹੀਦੀ ਹੈ।

Read/Listen this news in English:

Tug-of-war between Sonia and Modi: Who is more poisonous BJP or Congress – ask ethnic and religious minorities – Dal Khalsa

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version