ਫ਼ਤਿਹਗੜ੍ਹ ਸਾਹਿਬ (12 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਬਸੀ ਪਠਾਣਾਂ ਹਲਕੇ ਦੀ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਰਾਖਵੀਂ ਸੀਟ ਤੋਂ ਸੰਤੋਖ ਸਿੰਘ ਸਲਾਣਾ ਨੇ ਸੱਦਾ ਦਿੱਤਾ ਕਿ ਇਨ੍ਹਾਂ ਚੋਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਚੁਣ ਕੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਮੌਕਾ ਦਿੱਤਾ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਇਸ ਸਮੇਂ ਵਪਾਰਕ ਸੋਚ ਵਾਲੇ ਲੋਕ ਕਾਬਜ਼ ਹਨ ਜਿਨ੍ਹਾਂ ਦਾ ਧਿਆਨ ਹਮੇਸ਼ਾਂ ਗੁਰਧਾਮਾਂ ਦੇ ਪੈਸੇ ਅਤੇ ਜਾਇਦਾਦਾਂ ਦੀ ਲੁੱਟ ਵੱਲ ਹੀ ਰਿਹਾ ਹੈ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਵੱਲ ਇਨ੍ਹਾਂ ਲੋਕਾਂ ਨੇ ਕਦੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾ ਕਿਹਾ ਕਿ ਸਿੱਖ ਕੌਮ ਇਸ ਵਾਰ ਪੰਥਕ ਮੋਰਚੇ ਦੇ ਉਮੀਦਵਾਰਾਂ ਦਾ ਸਾਥ ਦਵੇ ਤਾਂ ਜੋ ਮੌਜ਼ੂਦਾ ਪ੍ਰਬੰਧਕਾਂ ਵਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ, ਗੁਰੂ ਦੀ ਗੋਲਕ ਅਤੇ ਜਾਇਦਾਦਾਂ ਦੀ ਲੁੱਟ ਦਾ ਹਿਸਾਬ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸੰਸਥਾ ’ਤੇ ਕਾਬਜ਼ ਬਾਦਲ ਦਲ ਵਲੋਂ ਜਿਹੜੇ ਨਿੱਜ਼ੀ ਟਰੱਸਟ ਬਣਾ ਕੇ ਗੁਰਧਾਮਾਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਤੇ ਹੋਰ ਸੰਸਥਾਵਾਂ ਹਥਿਆਈਆਂ ਗਈਆਂ ਹਨ, ਉਹ ਸਭ ਟਰੱਸਟ ਭੰਗ ਕੀਤੇ ਜਾਣਗੇ। ਉਕਤ ਆਗੂਆਂ ਨੇ ਕਿਹਾ ਕਿ ਪੰਥਕ ਮੋਰਚੇ ਵਲੋਂ ਇਸ ਪ੍ਰਬੰਧ ਨੂੰ ਅਪਣੇ ਹੱਥਾਂ ਵਿੱਚ ਲੈਣ ਮਗਰੋਂ ਬਾਦਲਕਿਆਂ ਵਲੋਂ ਕੀਤੀਆਂ ਧਾਂਦਲੀਆਂ ਨੂੰ ਕੌਮ ਦੀ ਕਚਹਿਰੀ ਵਿੱਚ ਲਿਆਂਦਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਮੌਜ਼ੂਦਾ ਪ੍ਰਬੰਧਕਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਸਿੱਖਾਂ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਰੋਮਾਂ ਦੀ ਬੇ-ਅਦਬੀ ਅਤੇ ਨਸ਼ਿਆਂ ਵੱਲ ਵਧਿਆ ਹੈ। ਅਸੀਂ ਇਹ ਚੋਣਾਂ ਜਿੱਤ ਕੇ ਸੁਚਾਰੂ ਢੰਗ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਾਂਗੇ ਅਤੇ ਮੌਜ਼ੂਦਾ ਪ੍ਰਬੰਧਕਾਂ ਦੀ ਘਟੀਆਂ ਕਾਰਗੁਜ਼ਾਰੀ ਕਾਰਨ ਸਿੱਖੀ ਤੋਂ ਦੂਰ ਜਾ ਚੁੱਕੇ ਲੋਕਾਂ ਨੂੰ ਵਾਪਸ ਸਿੱਖੀ ਨਾਲ ਜੋੜਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੇ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਹੀ ਜਿਤਾ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜਿਆ ਜਾਵੇ।