ਬੁਢਲਾਡਾ: ਅਕਾਲੀ-ਭਾਜਪਾ ਦੇ ਹਲਕਾ ਬੁਢਲਾਡਾ ਤੋਂ ਉਮੀਦਵਾਰ ਡਾ. ਨਿਸ਼ਾਨ ਸਿੰਘ ਦੇ ਹੱਕ ਵਿੱਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਬਹੁਤਾ ਸਮਾਂ ਆਪਣੀ ਸਰਕਾਰ ਦੀਆਂ ਸਿਫਤਾਂ ਹੀ ਕੀਤੀਆਂ ਤੇ ਕਿਹਾ ਕਿ ਪਿਛਲੀਆਂ ਚੌਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਾਲ ਦੇ ਰਾਜ ਵਿੱਚ ਵਿਕਾਸ ਲਈ ਕੋਈ ਕਦਮ ਨਹੀਂ ਚੁੱਕਿਆ। ਸੁਖਬੀਰ ਨੇ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਦਿੱਲੀ ਛੱਡ ਕੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਲੈ ਰਿਹਾ ਹੈ, ਜਿਹੜਾ ਕਦੇ ਪੂਰਾ ਨਹੀਂ ਹੋਵੇਗਾ।
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਦੋਸ਼ ਲਾਉਂਦੇ ਹੋਏ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਲਈ ‘ਆਪ’ ਨੂੰ ਜ਼ਿੰਮੇਵਾਰ ਦੱਸਿਆ। ਸੁਖਬੀਰ ਨੇ ਕਿਹਾ ਕੇਜਰੀਵਾਲ ‘ਤੇ ਇਹ ਦੋਸ਼ ਵੀ ਲਾਇਆ ਕਿ ਜਿਸ ਖਾੜਕੂ ਨੇ ਮੰਦਰਾਂ ਤੇ ਗੁਰਦੁਆਰਿਆਂ ’ਚ ਨਾਪਾਕ ਚੀਜ਼ਾਂ ਸੁੱਟੀਆਂ ਤੇ ਇੱਕ ਪੁਜਾਰੀ ਦਾ ਕਤਲ ਕੀਤਾ, ਉਸੇ ਖਾੜਕੂ ਦੇ ਘਰ ਵਿੱਚ ਮੋਗਾ ਵਿਖੇ ਕੇਜਰੀਵਾਲ ਰਹਿ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਕਰਕੇ ਸਿੱਖਾਂ ਵਲੋਂ ਸਰਕਾਰ ਖਿਲਾਫ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ‘ਤੇ ਪੁਲਿਸ ਧੱਕੇਸ਼ਾਹੀ ਅਤੇ ਦੋ ਸਿੱਖਾਂ ਦੇ ਪੁਲਿਸ ਫਾਇਰਿੰਗ ‘ਚ ਹੋਏ ਕਤਲ ਦੇ ਸਬੰਧ ‘ਚ ਬਾਦਲ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਬਰਗਾੜੀ ਘਟਨਾ ਤੋਂ ਬਾਅਦ ਸਰਕਾਰ ਵਲੋਂ ਬਣਾਏ ਗਏ ਕਮਿਸ਼ਨ ਅਤੇ ਜਸਟਿਸ ਕਾਟਜੂ ਕਮਿਸ਼ਨ ਦੀ ਰਿਪੋਰਟ ‘ਤੇ ਵੀ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਬਾਦਲ ਸਰਕਾਰ ਵਲੋਂ ਸਿੱਖਾਂ ‘ਤੇ ਜ਼ੁਲਮ ਕਰਨ ਵਾਲੇ ਪੁਲਿਸ ਅਫਸਰਾਂ ਦਾ ਹੀ ਪੱਖ ਪੂਰਿਆ ਗਿਆ।
ਸੁਖਬੀਰ ਨੇ ਵਿਧਾਨ ਸਭਾ ਚੋਣਾਂ ਦੇ ਸਬੰਧ ‘ਚ ਕਿਹਾ ਕਿ ‘ਆਪ’ ਕੇਵਲ ਮਾਲਵੇ ਵਿੱਚ 21 ਸੀਟਾਂ ’ਤੇ ਹੀ ਮੁਕਾਬਲੇ ‘ਚ ਹੈ। ਕਾਂਗਰਸ ਬਾਰੇ ਸੁਖਬੀਰ ਨੇ ਕਿਹਾ ਕਿ ਜੋ ਕੁਝ ਗਾਂਧੀ ਪਰਿਵਾਰ ਕਹਿੰਦਾ ਹੈ, ਪੰਜਾਬ ਦੇ ਕਾਂਗਰਸੀ ਓਹੀ ਕਰਦੇ ਹਨ। ਕੈਪਟਨ ਅਮਰਿੰਦਰ ਦੀ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਸ ਕੋਲ ਤਾਂ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਵੀ ਮਿਲਣ ਦਾ ਸਮਾਂ ਨਹੀਂ ਹੁੰਦਾ, ਉਹ ਆਮ ਲੋਕਾਂ ਨੂੰ ਕਿਥੋਂ ਮਿਲੇਗਾ।
ਰੈਲੀ ‘ਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਨੇ ਵੀ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਵਿਧਾਇਕ ਚਤਿੰਨ ਸਿੰਘ ਸਮਾਓ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਐਕਸੀਅਨ ਦਿਆਲ ਸਿੰਘ, ਗੁਰਪਾਲ ਸਿੰਘ ਠੇਕੇਦਾਰ, ਆਦਿ ਹਾਜ਼ਰ ਸਨ।
ਸਬੰਧਤ ਖ਼ਬਰ: ਬਹਿਬਲ ਕਲਾਂ ਗੋਲੀ ਕਾਂਡ: ਜਸਟਿਸ ਮਾਰਕੰਡੇ ਕਾਟਜੂ ਕਮਿਸ਼ਨ ਨੇ ਪੁਲਿਸ ਦੀ ਭੂਮਿਕਾ ‘ਤੇ ਉਠਾਏ ਗੰਭੀਰ ਸਵਾਲ …