ਖਾਸ ਖਬਰਾਂ

ਸੱਜਣ ਕੁਮਾਰ ਖਿਲਾਫ ਮੁਕਦਮਾ ਜਾਰੀ ਰਹੇਗਾ: ਭਾਰਤੀ ਸੁਪਰੀਮ ਕੋਰਟ

By ਸਿੱਖ ਸਿਆਸਤ ਬਿਊਰੋ

September 20, 2010

ਨਵੀਂ ਦਿੱਲੀ (20 ਸਤੰਬਰ, 2010 – ਪੰਜਾਬ ਨਿਊਜ਼ ਨੈਟ.) ਭਾਰਤ ਦੀ ਸਭ ਤੋਂ ਉੱਚੀ ਅਦਾਲਤ ਨੇ ਅੱਜ ਇਹ ਫੈਸਲਾ ਸੁਣਾਇਆ ਹੈ ਕਿ ਨਵੰਬਰ 1984 ਵਿੱਚ ਸਿੱਖਾਂ ਖਿਲਾਫ ਲੋਕਾਂ ਨੂੰ ਭੜਕਾਉਣ ਅਤੇ ਸਿੱਖ ਕਤਲੇਆਮ ਵਿੱਚ ਹਿੱਸਾ ਪਾਉਣ ਦੇ ਦੋਸ਼ੀ ਕਾਂਗਰਸੀ ਆਗੂ, ਸੱਜਣ ਕੁਮਾਰ, ਖਿਲਾਫ ਦਿੱਲੀ ਦੀ ਇੱਕ ਅਦਾਲਤ ਵਿੱਚ ਚੱਲ ਰਿਹਾ ਮੁਕਦਮਾ ਜਾਰੀ ਰਹੇਗਾ। ਸੱਜਣ ਕੁਮਾਰ ਵੱਲੋਂ ਹੇਠਲੀ ਅਦਾਲਤ ਵਿੱਚ ਚੱਲ ਰਹੇ ਮੁਕਦਮੇਂ ਨੂੰ ਰੱਦ ਕਰਵਾਉਣ ਲਈ ਉੱਚ ਅਦਾਲਤ ਪਾਸ ਖਾਸ ਅਰਜੀ ਦਾਖਲ ਕੀਤੀ ਸੀ, ਜਿਸ ਉੱਤੇ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ।

ਸੱਜਣ ਕੁਮਾਰ, ਜੋ ਕਿ ਪਿਛਲੇ 25 ਸਾਲਾਂ ਤੋਂ ਭਾਰਤੀ ਰਾਜ ਤੰਤਰ ਵਿੱਚ ਅਸਰਦਾਰ ਥਾਂ ਕਾਰਨ ਅਦਾਲਤੀ ਕਾਰਵਾਈ ਤੋਂ ਬਚਦਾ ਆ ਰਿਹਾ ਸੀ, ਖਿਲਾਫ 2005 ਵਿੱਚ ਪੇਸ਼ ਕੀਤੀ ਗਈ ਨਾਨਵਤੀ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਾਂਚ ਸ਼ੁਰੂ ਹੋਈ ਸੀ ਅਤੇ ਉਸ ਖਿਲਾਫ ਕਤਲ (ਧਾਰਾ 302), ਡਕੈਤੀ (ਧਾਰਾ 395), ਜਾਇਦਾਦ ਨੂੰ ਨੁਕਸਾਨ ਪਹੁੰਚਾਉਣ (ਧਾਰਾ 425) ਅਤੇ ਫਿਰਕਿਆਂ ਵਿੱਚ ਨਫਰਤ ਪੈਦਾ ਕਰਨ (ਧਾਰਾ 153ਏ) ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਮੁਕਦਮੇਂ ਦੀ ਕਾਰਵਾਈ ਦਿੱਲੀ ਦੀ ਹੇਠਲੀ ਅਦਾਲਤ ਵਿੱਚ ਚੱਲ ਰਹੀ ਸੀ ਅਤੇ ਇੱਕ ਅਹਿਮ ਗਵਾਹ ਬੀਬੀ ਜਗਦੀਸ਼ ਕੌਰ ਦੀ ਗਵਾਹੀ ਉੱਤੇ ਬਹਿਸ ਚੱਲ ਜਾਰੀ ਸੀ ਕਿ 13 ਅਗਸਤ, 2010 ਨੂੰ ਭਾਰਤ ਦੀ ਸਭ ਤੋਂ ਉੱਚੀ ਅਦਾਲਤ ਨੇ ਸੱਜਣ ਕੁਮਾਰ ਦੀ ਅਰਜੀ ਉੱਤੇ ਸੁਣਵਾਈ ਸ਼ੁਰੂ ਕਰਦਿਆਂ ਹੇਠਲੀ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਉੱਤੇ ਠੌੜ੍ਹ-ਚਿਰੀ ਰੋਕ ਲਾ ਦਿੱਤੀ ਸੀ। ਫਿਰ ਅਦਾਲਤ ਨੇ 13 ਸਤੰਬਰ, 2010 ਨੂੰ ਸੱਜਣ ਕੁਮਾਰ ਦੀ ਅਰਜੀ ਉੱਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ, ਅਤੇ ਇਹ ਫੈਸਲਾ ਅੱਜ ਸੁਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਉੱਤੇ ਵਿਓਂਤਬੱਧ ਤਰੀਕੇ ਨਾਲ ਹਮਲੇ ਕੀਤੇ ਗਏ ਅਤੇ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਿੱਖਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਲੁੱਟੀ ਅਤੇ ਸਾੜ ਦਿੱਤੀ ਗਈ। ਇਸ ਕਹਿਰ ਦੀ ਸਭ ਤੋਂ ਵੱਧ ਮਾਰ ਦਿੱਲੀ ਰਹਿੰਦੇ ਸਿੱਖਾਂ ਨੂੰ ਝੱਲਣੀ ਪਈ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਮਰਦਾਂ ਨੂੰ ਕਤਲ ਕਰ ਦਿੱਤਾ ਗਿਆ, ਬੀਬੀਆਂ ਨਾਲ ਬਲਾਤਕਾਰ ਕੀਤੇ ਗਏ ਅਤੇ ਸਿੱਖਾਂ ਦੇ ਕਾਰੋਬਾਰ ਤਬਾਹ ਕਰ ਦਿੱਤੇ ਗਏ।

ਸੱਜਣ ਕੁਮਾਰ ਉਨ੍ਹਾਂ ਭਾਰਤੀ ਆਗੂਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਕਾਤਲਾਂ ਦੀ ਅਗਵਾਈ ਕੀਤੀ ਅਤੇ ਸਿੱਖਾਂ ਨੂੰ ਕਤਲ ਕਰਵਾਇਆ। ਹੁਣ ਜਦੋਂ ਦੁਨੀਆ ਭਰ ਦੇ ਸਿੱਖ ਭਾਰਤ ਦੀ ਅਖੌਤੀ ਜਮਹੂਰੀਅਤ ਨੂੰ ਲਾਹਣਤਾਂ ਪਾ ਰਹੇ ਹਨ ਕਿ 25 ਸਾਲ ਤੋਂ ਵੱਧ ਸਮਾਂ ਬੀਤ ਜਾਣ ਉੱਤੇ ਵੀ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਪੀੜਤਾਂ ਨੂੰ ਇਨਸਾਫ ਮਿਲਿਆ ਹੈ ਤਾਂ ਭਾਰਤੀ ਅਦਾਲਤਾਂ ਵਿੱਚ ਕੁਝ ਕੁ ਦੋਸ਼ੀਆਂ ਖਿਲਾਫ ਮੁਕਦਮੇਂਬਾਜ਼ੀ ਸ਼ੂਰੂ ਹੋਈ ਹੈ ਪਰ ਇਹ ਕਾਰਵਾਈ ਵੀ ਲਮਕਾਊ ਤਰੀਕੇ ਨਾਲ ਹੀ ਚੱਲ ਰਹੀ ਹੈ, ਦੂਸਰੇ ਪਾਸੇ ਬਹੁਤ ਸਾਰੇ ਦੋਸ਼ੀ ਤਾਂ ਜਾਂਚ ਏਜੰਸੀ ਸੀ.ਬੀ.ਅਈ ਵੱਲੋਂ ਹੀ ਬਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਜਗਦੀਸ਼ ਟਾਈਟਲਰ ਦਾ ਨਾਂ ਪ੍ਰਮੁੱਖ ਹੈ। ਇਸ ਤੋਂ ਇਲਾਵਾ ਕਮਲ ਨਾਥ ਵਰਗੇ ਦੋਸ਼ੀ ਭਾਰਤ ਦੀ ਮੌਜੂਦਾ ਸਰਕਾਰ ਦੇ ਮੰਤਰੀ ਹਨ ਅਤੇ ਉਸ ਖਿਲਾਫ ਜਾਂਚ ਤੱਕ ਵੀ ਨਹੀਂ ਹੋਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: