November 14, 2020 | By ਇੰਦਰਪ੍ਰੀਤ ਸਿੰਘ
ਸੁਰੱਖਿਆ ਅਤੇ ਆਰਥਿਕਤਾ ਕਿਸੇ ਵੀ ਰਾਜ ਦੀ ਬੁਨਿਆਦ ਹੁੰਦੇ ਹਨ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਆਰਥਿਕ ਮਜ਼ਬੂਤੀ ਦੀ ਲੋੜ ਨੂੰ ਬਾਖੂਬੀ ਸਮਝਦਾ ਸੀ। ਸੰਨ 1800 ਤੋਂ ਬਾਅਦ, ਮਹਾਰਾਜੇ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ, ਲਾਹੌਰ, ਮੁਲਤਾਨ ਆਦਿ ਸ਼ਹਿਰਾਂ ਨੂੰ ਵੱਡੇ ਵਪਾਰਕ ਕੇਂਦਰਾਂ ਵਜੋਂ ਵਿਕਸਿਤ ਕਰਨ ਵੱਲ ਉਚੇਚਾ ਧਿਆਨ ਦਿੱਤਾ। ਮਹਾਰਾਜੇ ਰਣਜੀਤ ਸਿੰਘ ਨੇ ਵਪਾਰਿਕ ਵਸਤਾਂ ਦੀ ਢੋਆ-ਢੋਆਈ ਨੂੰ ਸੁਰੱਖਿਅਤ ਕਰਨ ਅਤੇ ਮੁੱਖ ਮਾਰਗਾਂ ਨੂੰ ਚੋਰਾਂ, ਲੁਟੇਰਿਆਂ ਤੋਂ ਬਚਾਉਣ ਲਈ ਸਫ਼ਲ ਪ੍ਰਬੰਧ ਸਿਰਜਿਆ ਸੀ। ਇਹ ਹੀ ਕਾਰਨ ਸੀ ਕਿ ਜੰਗਲਾਂ ਅਤੇ ਵਸੋਂ ਰਹਿਤ ਇਲਾਕਿਆਂ ਵਿੱਚੋ ਵਪਾਰਕ ਆਵਾਜਾਈ ਨਿਰਵਿਘਨ ਜਾਰੀ ਰਹਿੰਦੀ ਸੀ। ਪੰਡਤ ਦੇਬੀ ਪ੍ਰਸਾਦ ਮੁਤਾਬਿਕ “ਰਣਜੀਤ ਸਿੰਘ ਵੇਲੇ ਵਪਾਰੀਆਂ ਨੂੰ ਕੋਈ ਖ਼ਤਰਾ ਨਹੀਂ ਸੀ ਅਤੇ ਉਹ ਸੁਰੱਖਿਆ ਬਦਲੇ ਬਣਦਾ ਕਰ ਦਿੰਦੇ ਸਨ”। ਪੰਜਾਬ ਵਿੱਚ ਵਪਾਰਕ ਗਤੀਵਿਧੀਆਂ ਖੇਤੀਬਾੜੀ ਅਤੇ ਨਿਰਮਾਣ (Manufacturing) ਉਤਪਾਦਾਂ ਰਾਹੀਂ ਕੀਤੀਆਂ ਜਾਂਦੀਆਂ ਸਨ ।
ਪੰਜਾਬ ਦੇ ਵਪਾਰ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡ ਕੇ ਦੇਖਿਆ ਜਾ ਸਕਦਾ ਹੈ, ਘਰੇਲੂ ਵਪਾਰ ਅਤੇ ਕੌਮਾਂਤਰੀ ਵਪਾਰ।
ਘਰੇਲੂ ਵਪਾਰ
ਡਾ. ਭਗਤ ਸਿੰਘ ਅਨੁਸਾਰ, “ਸਿੱਖ ਰਾਜ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਦੇ ਕਾਰਦਾਰ ਦੁਕਾਨਦਾਰਾਂ ਅਤੇ ਵਪਾਰੀਆਂ ਤੋਂ ਕਰ ਦੀ ਵੱਧ ਤੋਂ ਵੱਧ ਵਸੂਲੀ ਕਰਦੇ ਸਨ”। ਅੰਮ੍ਰਿਤਸਰ ਦੇ ਵਪਾਰ ਪ੍ਰਬੰਧ ਨੂੰ ਸਫਲਤਾਪੂਰਨ ਢੰਗ ਨਾਲ ਚਲਾਉਣ ਲਈ ਮਹਾਰਾਜੇ ਰਣਜੀਤ ਸਿੰਘ ਵਲੋਂ ਮਿਸਰ ਛੱਜੂ ਮੱਲ ਨੂੰ ਅੰਮ੍ਰਿਤਸਰ ਦੇ ਕੁਲੈਕਟਰ ਵਜੋਂ ਲਾਇਆ ਗਿਆ ਅਤੇ ਖਾਸ ਹਦਾਇਤਾਂ ਦਿੱਤੀਆਂ ਗਈਆਂ ਕਿ ਕੇਵਲ ਜਾਇਜ਼ ਕਰ ਦੀ ਵਸੂਲੀ ਹੀ ਕੀਤੀ ਜਾਵੇ। ਸਿੱਖ ਰਾਜ ਵੇਲੇ ਅੰਮ੍ਰਿਤਸਰ, ਪੰਜਾਬ ਦਾ ਸਭ ਤੋਂ ਵੱਡਾ ਵਪਾਰਕ ਕੇਂਦਰ ਸੀ 1830 ਵਿੱਚ, ਲਾਹੌਰ ਵਿਖੇ 2 ਲੱਖ ਕੀਮਤ ਦੀਆਂ ਵਸਤੂਆਂ ਦਾ ਨਿਰਮਾਣ ਕੀਤਾ ਗਿਆ। ਜਦਕਿ ਇਕੱਲੇ ਅੰਮ੍ਰਿਤਸਰ ਵਿੱਚ ਨਿਰਮਾਣ ਕੀਤੀਆਂ ਵਸਤੂਆਂ ਦੀ ਕੀਮਤ 6,90,284 ਰੁਪਏ ਸੀ। ਚੁੰਗੀ ਕਰ ਅੰਕੜੇ ਮੁਤਾਬਿਕ ਅੰਮ੍ਰਿਤਸਰ ਵਿਖੇ 9 ਲੱਖ (ਲਗਭਗ) ਦਾ ਸਾਲਾਨਾ ਵਪਾਰ ਕੀਤਾ ਗਿਆ ਜਦਕਿ ਸਾਰੇ ਪੰਜਾਬ ਵਿੱਚ ਇਹ ਅੰਕੜਾ 16 ਲੱਖ (ਲਗਭਗ) ਦਾ ਸੀ।
ਪੰਜਾਬ ਦੇ ਵੱਖ-ਵੱਖ ਨਗਰਾਂ ਤੋਂ ਵਪਾਰੀਆਂ ਨੇ ਅੰਮ੍ਰਿਤਸਰ ਵਿਚ ਪੱਕਾ ਟਿਕਾਣਾ ਕੀਤਾ ਹੋਇਆ ਸੀ। ਅੰਮ੍ਰਿਤਸਰ ਪ੍ਰਚੂਨ ਦੇ ਨਾਲ-ਨਾਲ ਥੋਕ ਦੀ ਵੱਡੀ ਮੰਡੀ ਸੀ ਛੋਟੇ ਦੁਕਾਨਦਾਰ ਵਪਾਰਕ ਵਸਤੂਆਂ ਅੰਮ੍ਰਿਤਸਰ ਤੋਂ ਖਰੀਦੇ ਸਨ। ਦੂਜੇ ਸ਼ਹਿਰਾਂ ਦੇ ਮੁਕਾਬਲੇ ਅੰਮ੍ਰਿਤਸਰ ਵਿੱਚ ਵਸਤਾਂ ਸਸਤੀਆਂ ਮਿਲਦੀਆਂ ਸਨ।ਜਤੀ ਰਾਮ ਗੁਪਤਾ ਅਨੁਸਾਰ, ਲਾਹੌਰ ਵਿੱਚ ਵਿਕਣ ਵਾਲੀ ਲਗਭਗ ਹਰ ਕੱਚੀ ਵਸਤੂ ਅੰਮ੍ਰਿਤਸਰ ਤੋਂ ਹੀ ਆਉਂਦੀ ਸੀ। ਅੰਮ੍ਰਿਤਸਰ ਤੋਂ ਬਾਅਦ ਲਾਹੌਰ, ਗੁੱਜਰਾਂਵਾਲਾ, ਹੁਸ਼ਿਆਰਪੁਰ ,ਰਾਵਲਪਿੰਡੀ, ਮੁਲਤਾਨ, ਪਿਸ਼ਾਵਰ, ਡੇਰਾ ਗਾਜ਼ੀ ਖਾਂ ਆਦਿ ਪ੍ਰਮੁੱਖ ਵਪਾਰਕ ਸ਼ਹਿਰ ਸਨ ।
ਲਾਹੌਰ ਮੁੱਖ ਤੌਰ ਤੇ ਹਥਿਆਰ, ਗਹਿਣੇ ਅਤੇ ਸ਼ਾਨਦਾਰ ਕੱਪੜਿਆਂ ਦਾ ਵਪਾਰ ਕਰਦਾ ਸੀ। ਮਿਸ਼ਨਰੀ ਇਸਾਈ ਜੌਨ ਲੋਰੀ ਲਾਹੌਰ ਨੂੰ “ਪੰਜਾਬ ਦੀ ਦਿੱਲੀ” ਆਖਦਾ ਹੈ ਲਾਹੌਰ ਜਰਨੈਲੀ (Grand Trunk Road) ਸੜਕ ਉੱਤੇ ਸਥਿਤ ਹੋਣ ਕਾਰਨ ਅੰਤਰ ਰਾਸ਼ਟਰੀ ਸ਼ਹਿਰ ਬਣ ਗਿਆ ਸੀ । ਗੁੱਜਰਾਂਵਾਲਾ ਘਿਉ ਦਾ ਵੱਡਾ ਹਿੱਸਾ ਉਤਪਾਦਨ ਕਰਦਾ ਸੀ । ਗੁੱਜਰਾਂਵਾਲਾ ਤੋਂ ਹੀ ਘਿਉ ਅੰਮ੍ਰਿਤਸਰ ਅਤੇ ਲਾਹੌਰ ਸਪਲਾਈ ਕੀਤਾ ਜਾਂਦਾ ਸੀ, ਜਦਕਿ ਹੁਸ਼ਿਆਰਪੁਰ ਸੂਤੀ ਕੱਪੜੇ ਦੇ ਵਪਾਰ ਅਤੇ ਨਿਰਮਾਣ ਵਿੱਚ ਮੁਖੀ ਸੀ। ਹਸ਼ਿਆਰਪੁਰ ਦੀ ਚਿੱਟੀ ਕਪਾਹ ਤੋਂ ਬਣਿਆ ਸ਼ਾਨਦਾਰ ਕੱਪੜਾ ਅਫ਼ਗ਼ਾਨਿਸਤਾਨ ਵਰਗੇ ਦੇਸ਼ਾਂ ਵਿੱਚ ਜਾਂਦਾ ਸੀ। ਰਾਵਲਪਿੰਡੀ, ਅੰਮ੍ਰਿਤਸਰ ਅਤੇ ਪਿਸ਼ਾਵਰ ਦੇ ਵਪਾਰੀਆਂ ਲਈ ਮੱਧ ਕੇਂਦਰ ਸੀ ਇਥੇ ਦੋਵੇਂ ਸ਼ਹਿਰਾਂ ਦੇ ਵਪਾਰੀ ਲੈਣ ਦੇਣ ਕਰਦੇ ਸਨ। ਰਾਵਲਪਿੰਡੀ ਵਿਚ ਕਿਸ਼ਮਿਸ਼, ਬਦਾਮ, ਅੰਗੂਰ ਅਤੇ ਕੰਬਲਾਂ ਦਾ ਵਪਾਰ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਹੀ ਮੁਲਤਾਨ ਰੇਸ਼ਮੀ ਅਤੇ ਛੀਂਟ (ਛਾਪਿਆ ਹੋਇਆ ਕੱਪੜਾ) ਕੱਪੜੇ, ਖਿਡਾਉਣਿਆਂ ਅਤੇ ਮਿੱਟੀ ਦੇ ਭਾਂਡਿਆਂ ਦੇ ਉਤਪਾਦਨ ਅਤੇ ਵਪਾਰ ਵਿੱਚ ਮੋਹਰੀ ਸੀ।
ਪਿਸ਼ਾਵਰ ਦੇ ਦਸਤਕਾਰ ਜੁੱਤੀਆਂ, ਲੁੰਗੀਆਂ ,ਬੈਲਟਾਂ, ਪੱਖਿਆਂ ਆਦਿ ਨੂੰ ਬਣਾਉਂਦੇ ਅਤੇ ਵੇਚ ਦੇ ਸਨ । ਪਿੰਡ ਦਾਦਨ ਖਾ ਦੇ ਨੇੜੇ ਖਿਊੜਾ ਲੂਣ ਦੀਆਂ ਖਾਣਾਂ ਸਨ ਜਿਸ ਤੋਂ ਸਿੱਖ ਰਾਜ ਨੂੰ 18 ਲੱਖ ਸਾਲਾਨਾ ਦੀ ਆਮਦਨ ਹੁੰਦੀ ਸੀ। ਖਿਊੜਾ ਲੂਣ ਦੀਆਂ ਖਾਣਾਂ ਅੱਜਕਲ ਪਾਕਿਸਤਾਨ ਵਿਚ ਹਨ ਜੋ ਕਿ ਪਾਕਿਸਤਾਨ ਦੀਆਂ ਸਭ ਤੋਂ ਵੱਡੀਆਂ ਅਤੇ ਵਿਸ਼ਵ ਦੀਆਂ ਦੂਜੇ ਨੰਬਰ ਦੀਆਂ ਖਾਣਾਂ ਹਨ। ਉਪਰੋਕਤ ਸ਼ਹਿਰਾਂ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਵੀ ਛੋਟੇ ਪੱਧਰ ਤੇ ਵਪਾਰ ਹੁੰਦਾ ਸੀ।
ਚੁੰਗੀ ਕਰ ਲਗਭਗ ਹਰੇਕ ਵਸਤੂ ਤੇ ਲੱਗਦਾ ਸੀ ਭਾਵੇਂ ਉਹ ਵਸਤੂ ਰੋਜ਼ਮਰਾ ਜ਼ਰੂਰਤ ਦੀ ਹੋਵੇ ਜਾਂ ਐਸ਼ ਅਰਾਮ ਦੀ। ਮੁੱਢਲਾ ਕਰ ਸਮਾਨ ਦੇ ਸ਼ਹਿਰ ਵਿੱਚ ਆਉਣ ਤੇ ਲਗਦਾ, ਉਪਰੰਤ ਦੁਕਾਨ ਉਪਰ ਵੇਚਣ ਤੇ ਅਤੇ ਅਖੀਰ, ਸ਼ਹਿਰ ਵਿੱਚੋਂ ਵਪਾਰ ਲਈ ਬਾਹਰ ਭੇਜਣ ਤੇ। ਵਪਾਰੀ ਅਤੇ ਸ਼ਾਹੂਕਾਰ ਆਪਣੀ ਸੁਰੱਖਿਆ ਅਤੇ ਸੁਚੱਜੇ ਵਪਾਰ ਪ੍ਰਬੰਧ ਦੇ ਬਦਲੇ ਖੁਸ਼ੀ ਨਾਲ ਚੁੰਗੀ ਕਰ ਦਿੰਦੇ ਸਨ।
ਕੌਮਾਂਤਰੀ ਵਪਾਰ
ਪੰਜਾਬ ਦੇ ਵਸਨੀਕਾਂ ਨੇ ਸਥਾਈ ਸੁਖਾਵੇਂ ਹਾਲਾਤ ਡਾਢੇ ਅਰਸੇ ਬਾਅਦ ਤੱਕੇ ਸਨ। ਖਾਲਸਾ ਰਾਜ ਆਉਣ ਤੋਂ ਬਾਅਦ ਜਿਵੇਂ ਹੀ ਪੰਜਾਬ ਦੇ ਆਰਥਿਕ ਹਾਲਾਤ ਸੁਧਰਨੇ ਸ਼ੁਰੂ ਹੋਏ ਨਾਲ ਹੀ ਕੌਮਾਂਤਰੀ ਵਪਾਰ ਵਿਚ ਵੀ ਵਾਧਾ ਸ਼ੁਰੂ ਹੋ ਗਿਆ। ਕੌਮਾਂਤਰੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੇ ਲਾਹੇਵੰਦ ਵਪਾਰ ਪ੍ਰਬੰਧ ਸਿਰਜਣ ਲਈ ਕਈ ਯਤਨ ਕੀਤੇ ਸਨ ਜਿਸ ਵਿਚ ਮੁੱਖ ਮਾਰਗਾਂ ਦੀ ਸੁਰੱਖਿਆ, ਕਾਲਾ ਬਜ਼ਾਰੀ ਦੀ ਰੋਕਥਾਮ ਲਈ ਪ੍ਰਬੰਧ ਅਤੇ ਜਾਇਜ਼ ਕਰ ਆਦਿ ਸ਼ਾਮਲ ਹਨ। ਪੰਜਾਬ ਦੇ ਵਪਾਰੀਆਂ ਅਤੇ ਦਸਤਕਾਰਾਂ ਨੇ ਵਿਦੇਸ਼ਾਂ ਨਾਲ ਸਿੱਧੇ ਵਪਾਰ ਕਰਨੇ ਸ਼ੁਰੂ ਕਰ ਦਿੱਤੇ ਸਨ।
ਇਸ ਵੇਲੇ ਦੇਸ਼ ਪੰਜਾਬ, ਅਫ਼ਗਾਨਿਸਤਾਨ, ਖੁਰਾਸਾਨ, ਤੁਰਕਸਤਾਨ, ਬੁਖਾਰਾ, ਇਰਾਨ, ਭਾਰਤ, ਚੀਨ, ਤਿੱਬਤ, ਰੂਸ, ਸਿੰਧ, ਯੋਰਪ,ਬਹਾਵਲਪੁਰ ਆਦਿ ਨਾਲ ਕੌਮਾਂਤਰੀ ਵਪਾਰ ਕਰਦਾ ਸੀ। ਹੁਸ਼ਿਆਰਪੁਰ ਦਾ ਸੂਤੀ ਕੱਪੜਾ, ਪਿਸ਼ਾਵਰ ਦੀਆਂ ਲੁੰਗੀਆਂ , ਮੁਲਤਾਨ ਦਾ ਛੀਂਟ ਕੱਪੜਾ, ਜੁੱਤੀਆਂ, ਚਾਹ ਆਦਿ ਅਫ਼ਗਾਨਿਸਤਾਨ ਭੇਜੇ ਜਾਂਦੇ ਸਨ। ਅਫ਼ਗ਼ਾਨਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਵਿੱਚ ਕੱਚਾ ਰੇਸ਼ਮ, ਕਾਬਲ ਦਾ ਚਮੜਾ, ਘੋੜੇ, ਦਵਾਈਆਂ, ਮਸਾਲੇ, ਰੰਗ, ਉਂਨ, ਸੁੱਕੇ ਮੇਵੇ ਆਦਿ ਸ਼ਾਮਲ ਸਨ। ਪੰਜਾਬ ਅਫ਼ਗਾਨਿਸਤਾਨ ਨਾਲ ਸਭ ਤੋਂ ਵੱਧ ਵਪਾਰ ਕਰਦਾ ਸੀ।
ਖੁਰਾਸਾਨ ਵਿੱਚ ਨੀਲ ਅਤੇ ਗੰਨੇ ਦੀ ਖੇਤੀ ਨਹੀਂ ਹੁੰਦੀ ਸੀ। ਉਨ੍ਹਾਂ ਦੀ ਇਹ ਲੋੜ ਪੰਜਾਬ ਪੂਰੀ ਕਰਦਾ ਸੀ। ਖੁਰਾਸਾਨ ਅਤੇ ਤੁਰਕਸਤਾਨ ਨੂੰ ਹਰ ਸਾਲ 5,50,00 ਦਾ ਨੀਲ ਅਤੇ ਛੀਂਟ ਦਾ ਕੱਪੜਾ ਮੁਲਤਾਨ ਤੋਂ ਜਾਂਦਾ ਸੀ। ਖੁਰਾਸਾਨ ਤੋਂ ਆਉਣ ਵਾਲੀਆਂ ਵਸਤਾਂ ਵਿਚ ਰੰਗ, ਦਵਾਈਆਂ ਆਦਿ ਸ਼ਾਮਲ ਸਨ।
ਬੁਖਾਰਾ ਦੇ ਲੋਕ ਚਿੱਟੀ ਦਸਤਾਰ ਸਜਾਉਂਦੇ ਸਨ ਦਸਤਾਰ ਲਈ ਲਗਭਗ ਸਾਰਾ ਕੱਪੜਾ ਪੰਜਾਬ ਤੋਂ ਜਾਂਦਾ ਸੀ। ਇਰਾਨ ‘ਚ ਪਿਸ਼ਾਵਰ ਦੇ ਬਾਸਮਤੀ ਚੌਲਾਂ ਦੀ ਬਹੁਤ ਮੰਗ ਸੀ ਇਸ ਤੋਂ ਇਲਾਵਾ ਮੁਲਤਾਨ ਦਾ ਛੀਂਟ ਕੱਪੜਾ ,ਕਸ਼ਮੀਰ ਦੀਆਂ ਸ਼ਾਲਾਂ ਈਰਾਨ ਭੇਜੇ ਜਾਂਦੇ ਸਨ । ਦੁਨੀਆ ਭਰ ਵਿਚ ਮਸ਼ਹੂਰ ਈਰਾਨ ਦੇ ਗਲੀਚੇ ਉਨ੍ਹੀਂ ਦਿਨੀਂ ਪੰਜਾਬ ਵਿਚ ਆਉਂਦੇ ਸਨ।
ਕਸ਼ਮੀਰੀ ਕਾਰੀਗਰਾਂ ਵੱਲੋਂ ਬਣੀਆਂ ਸ਼ਾਲਾਂ ਦੇ ਰੂਸੀ ਲੋਕ ਦੀਵਾਨੇ ਸਨ। ਕਸ਼ਮੀਰੀ ਸ਼ਾਲਾਂ ਦੀ ਕੀਮਤ ਰੂਸ ਵਿੱਚ 12,000 ਰੁਪਏ ਤੱਕ ਦੀ ਸੀ। ਦਸਣਯੋਗ ਹੈ ਕਿ 1833 ਵਿਚ ਕਸ਼ਮੀਰ ਅੰਦਰ ਕਾਲ ਪੈ ਜਾਣ ਕਾਰਨ ਬਹੁਤ ਸਾਰੇ ਕਸ਼ਮੀਰੀ ਕਾਰੀਗਰਾਂ ਨੇ ਅੰਮ੍ਰਿਤਸਰ ਵਿਚ ਕਾਰਖ਼ਾਨੇ ਲਗਾਅ ਲਏ ਸਨ। ਇਸ ਤੋਂ ਪਹਿਲਾਂ ਵੀ ਕਸ਼ਮੀਰੀ ਕਾਰੀਗਰਾਂ ਦੇ ਸ਼ਾਲਾਂ ਅਤੇ ਕੰਬਲਾਂ ਦੇ ਉਦਯੋਗ ਅੰਮ੍ਰਿਤਸਰ ਵਿੱਚ ਸਨ। ਪੰਜਾਬ ਵਲੋਂ ਰੂਸ ਦਾ ਬਣਿਆ ਕੱਪੜਾ ਅਤੇ ਰੰਗ, ਜੋ ਕਿ ਕੱਚਾ ਸਿਲਕ ਰੰਙਣ ਦੇ ਕੰਮ ਆਉਂਦਾ ਸੀ, ਮੰਗਵਾਇਆ ਜਾਂਦਾ ਸੀ। ਸਿੰਧ ਨੂੰ ਮੁਲਤਾਨੀ ਗਲੀਚੇ, ਰੇਸ਼ਮੀ ਕੱਪੜਾ, ਖੇਸ, ਗੁਲਬਦਨ, ਛੀਂਟ ਆਦਿ ਭੇਜਿਆ ਜਾਂਦਾ ਸੀ ਅਤੇ ਬਹਾਵਲਪੁਰ ਨੂੰ ਸੂਤੀ ਕੱਪੜਾ ਤੇ ਪਹਾੜੀ ਲੂਣ।
ਹੁਸ਼ਿਆਰਪੁਰ ਦਾ ਬਣਿਆ ਸ਼ਾਨਦਾਰ ਸੂਤੀ ਕੱਪੜਾ ਅਤੇ ਖਿਊੜਾ ਦਾ ਪਹਾੜੀ ਲੂਣ ਭਾਰਤ ਭੇਜਿਆ ਜਾਂਦਾ ਸੀ। ਸਾਖੀ ਸਰਵਰ ਦੀਆਂ ਪਹਾੜੀਆਂ ਹੇਠ ਸਥਿਤ ਮੌਜਗੜ੍ਹ ਵਿੱਚ ਮੁਲਤਾਨੀ ਮਿੱਟੀ ਦੀਆਂ ਖਾਣਾਂ ਸਨ। ਇਹ ਚਿੱਟੇ ਅਤੇ ਪੀਲੇ ਰੰਗ ਦੀ ਮਿੱਟੀ ਸੀ। ਭਾਰਤ ਵਿੱਚ ਇਹ ਕੇਸ ਧੋਣ ਲਈ ਵਰਤੀ ਜਾਂਦੀ ਸੀ। ਇਸ ਤੋਂ ਇਲਾਵਾ ਭਾਰਤ ਨੂੰ ਨੀਲ, ਕਸ਼ਮੀਰੀ ਸ਼ਾਲਾਂ, ਰੇਸ਼ਮੀ ਅਤੇ ਸੂਤੀ ਕੱਪੜਾ ,ਘੋੜੇ, ਘਿਓ, ਤੇਲ, ਕੇਸਰ, ਆਦਿ ਪੰਜਾਬ ਤੋਂ ਨਿਰਯਾਤ ਹੁੰਦਾ ਸੀ, ਜਦਕਿ ਤਾਲੇ, ਨਾਟ-ਕਾਵਲੇ,ਕਬਜ਼ੇ ਆਦਿ ਆਯਾਤ ਕੀਤੇ ਜਾਂਦੇ ਸਨ।
ਪੰਜਾਬ ਅਤੇ ਤਿੱਬਤ ਆਪਸ ਵਿੱਚ ਵੱਡੇ ਪੱਧਰ ਤੇ ਵਪਾਰ ਕਰਦੇ ਸਨ। ਮੁੱਖ ਤੌਰ ਤੇ ਤਿੱਬਤ ਪੰਜਾਬ ਨੂੰ ਉਂਨ ਮੁਹੱਈਆ ਕਰਾਉਂਦਾ ਸੀ। ਜਿਸ ਦੀ ਵਰਤੋਂ ਕਸ਼ਮੀਰੀ ਸ਼ਾਲਾਂ ਬਣਾਉਣ ਲਈ ਕਰਦੇ ਸਨ। ਹਰ ਸਾਲ ਉਂਨ ਦੇ ਲਗਭਗ 800 ਤੋਂ ਵੱਧ ਲੋਡ ਪੰਜਾਬ ਆਉਂਦੇ ਸਨ। ਤਿੱਬਤ ਵਿਚ ਇਸ ਦੀ ਵਰਤੋਂ ਰੱਸੇ, ਕੰਬਲਾਂ ਜਾਂ ਬਸਤੇ ਬਨਾਉਣ ਲਈ ਹੁੰਦੀ ਸੀ। ਪਰ ਇਸ ਕਸ਼ਮੀਰੀ ਕਾਰੀਗਰਾਂ ਵਾਂਙੂ ਸ਼ਾਲਾਂ ਬਨਾਉਣ ਲਈ ਨਹੀਂ ਵਰਤੀ ਜਾਂਦੀ ਸੀ। ਤਿੱਬਤ ਤੋਂ ਆਉਂਦੀ ਦੂਜੀ ਮੁੱਖ ਵਸਤੂ ਚਾਹ ਸੀ। ਇਸੇ ਹੀ ਤਰ੍ਹਾਂ ਚੀਨ ਤੋਂ ਵੀ ਚਾਹ ਦਾ ਆਯਾਤ ਹੁੰਦਾ ਸੀ। ਚੀਨ ਨਾਲ ਇਹ ਵਪਾਰ ਮੁੱਖ ਤੌਰ ਤੇ ਲਹਾਸਾ (Lhasa) ਰਸਤੇ ਰਾਹੀਂ ਹੁੰਦਾ ਸੀ ਪਰ ਕਦੀ ਕਦਾਈਂ ਯਾਰਕੰਦ (Yarkand) ਦੇ ਰਸਤੇ ਵੀ ਆਵਾਜਾਈ ਹੁੰਦੀ ਸੀ । ਦੇਹਰਾਦੂਨ ਅਤੇ ਕਮਾਊਂ ਕਾਰਖ਼ਾਨਿਆਂ ਵਿਚ ਚੀਨੀਆਂ ਦੀਆਂ ਹਦਾਇਤਾਂ ਤੇ ਤਿਆਰ ਹੁੰਦੀ ਅੰਗਰੇਜ਼ੀ ਚਾਹ ਦਾ ਮਿਆਰ ਦੂਜੀਆਂ ਚਾਹਾਂ ਨਾਲੋਂ ਵਧੀਆ ਮੰਨਿਆ ਜਾਂਦਾ ਸੀ। ਪਰ ਕਸ਼ਮੀਰੀ , ਅੰਗਰੇਜ਼ੀ ਅਤੇ ਚੀਨੀ ਚਾਹ ਦੇ ਮੁਕਾਬਲੇ ਤਿੱਬਤੀ ਚਾਹ ਪਸੰਦ ਕਰਦੇ ਸਨ ।
ਕਸ਼ਮੀਰ ਦੀਆਂ ਸ਼ਾਲਾਂ ਇੰਗਲੈਂਡ ਅਤੇ ਫਰਾਂਸ ਵੀ ਭੇਜੀਆਂ ਜਾਂਦੀਆਂ ਸਨ। ਡਾ: ਹੋਨਿੰਗਬਰਗਰ ਲਿਖਦੇ ਹਨ, “ਇੰਗਲੈਂਡ ਅਤੇ ਫਰਾਂਸ ਦੇ ਵਪਾਰੀ ਲਗਾਤਾਰ ਅੰਮ੍ਰਿਤਸਰ ਦੇ ਵਪਾਰੀਆਂ ਦੇ ਸੰਪਰਕ ਵਿਚ ਹੁੰਦੇ ਸਨ । ” ਬਾਬਾ ਪ੍ਰੇਮ ਸਿੰਘ ਅਨੁਸਾਰ ,” ਮਹਾਰਾਜੇ ਰਣਜੀਤ ਸਿੰਘ ਨੇ ਸ਼ਾਲਾਂ ਦੀਆਂ 35 ਬੇੜੀਆਂ ਲਦਵਾ ਕੇ ਬੰਬਈ ਰਸਤੇ ਯੋਰਪ ਦੇ ਵੱਖ ਵੱਖ ਸ਼ਹਿਰਾਂ ਨੂੰ ਭੇਜੀਆਂ ਸਨ।”
ਵਿਲੀਅਮ ਮੂਰਕਰੋਫਟ, ਅੰਗਰੇਜ ਯਾਤਰੀ ਅਤੇ ਖੋਜੀ, ਨੂੰ ਰੂਸ ਦੇ ਮੰਤਰੀ ਨੇਸਲਰੋਡ (Nesselrode) ਵਲੋਂ ਮਹਾਰਾਜੇ ਰਣਜੀਤ ਸਿੰਘ ਲਈ ਚਿੱਠੀ ਦਿੱਤੀ ਗਈ । ਜੋ ਕੇ ਰੂਸ ਦੇ ਬਾਦਸ਼ਾਹ ਵਲੋਂ ਮਹਾਰਾਜੇ ਨੂੰ ਸੰਬੋਧਨ ਸੀ ਜਿਸ ਵਿਚ ਰੂਸ ਦੇ ਬਾਦਸ਼ਾਹ ਨੇ ਪੰਜਾਬ ਨਾਲ ਵਪਾਰਕ ਸਬੰਧ ਸਥਾਪਿਤ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਮੁਹੰਮਦ ਲਤੀਫ਼ ਅਨੁਸਾਰ, ਰੂਸ ਦੇ ਬਾਦਸ਼ਾਹ ਨੇ ਕਿਹਾ ਸੀ ਕਿ ” ਪੰਜਾਬ ਦੇ ਵਪਾਰੀਆਂ ਦੇ ਰੂਸ ਨਾਲ ਵਪਾਰ ਕਰਨ ਨੂੰ ਉਹ ਪਸੰਦ ਕਰੇਗਾ “।
ਘਰੇਲੂ ਅਤੇ ਕੌਮਾਂਤਰੀ ਵਪਾਰ ਪੰਜਾਬ ਦੇ ਅਰਥਚਾਰੇ ਵਿੱਚ ਵੱਡਾ ਯੋਗਦਾਨ ਪਾਉਂਦਾ ਸੀ। ਐਨ.ਕੇ ਸਿਨਹਾ ਅਨੁਸਾਰ ਚੁੰਗੀ ਕਰ ਤੋਂ ਰਾਜ ਨੂੰ ਕੁਲ ਆਮਦਨ 16,36,114 ਸੀ । ਲੈਪਲ ਗ੍ਰਿਫਿਨ ਮੁਤਾਬਿਕ 16,37,000 ਰੁਪਏ ਸੀ ਅਤੇ ਪ੍ਰਿੰਸਪ ਅਨੁਸਾਰ 19,00,600 ਰੁਪਏ। ਬਹੁਤ ਸਾਰੇ ਦੇਸ਼ ਪੰਜਾਬ ਨਾਲ ਵਪਾਰਕ ਸਬੰਧ ਸਥਾਪਿਤ ਕਰਨ ਲਈ ਉਤਸ਼ਾਹਿਤ ਸਨ।
ਖੋਜ ਸਹਾਇਤਾ ਸੂਚੀ:
Related Topics: Articles by Inderpreet Singh, Inderpreet Singh, Sher-e-Punjab Maharaja Ranjit Singh