ਵਿਦੇਸ਼

ਬਰਤਾਨੀਆ ਵਿੱਚ ਸਿੱਖਾਂ ਨੂੰ ਸਿੱਖ ਮਰਿਆਦਾ ਦੇ ਆਧਾਰ ‘ਤੇ ਕੰਮ ਵਾਲੀਆਂ ਥਾਵਾਂ ‘ਤੇ ਹੈਲਮੇਟ ਪਾਉਣ ਤੋਂ ਛੋਟ ਦਾ ਟੋਰੀ ਐਮ.ਪੀ. ਵਲੋਂ ਵਿਰੋਧ

By ਸਿੱਖ ਸਿਆਸਤ ਬਿਊਰੋ

June 01, 2014

ਯਾਰਕਸ਼ਾਇਰ (31 ਮਈ 2014): ਬਰਤਾਨੀਆ ਵਿੱਚ ਸਿੱਖਾਂ ਨੂੰ ਸਿੱਖ ਮਰਿਆਦਾ ਦੇ ਆਧਾਰ ‘ਤੇ ਕੰਮ ਵਾਲੀਆਂ ਥਾਵਾਂ ‘ਤੇ ਹੈਲਮੇਟ ਪਾਉਣ ਤੋਂ ਮਿਲੀ ਛੋਟ ਦਾ ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ ਵਿਰੋਧ ਕੀਤਾ ਹੈ।

 ਸ਼ਿਪਲੇ ਹਲਕੇ ਤੋਂ ਟੋਰੀ ਐਮ. ਪੀ. ਫ਼ਿਲਿਪ ਡੇਵਿਸ ਨੇ ਸਿੱਖਾਂ ਨੂੰ ਛੋਟ ਦੇਣ ਲਈ ਕਾਨੂੰਨ ਵਿਚ ਸੋਧ ਕਰਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਸ ਨਾਲ ਬਰਾਬਰ ਦੇ ਹੱਕ ਹਾਸਲ ਨਾਗਰਿਕਾਂ ਵਿਚ ਇਕ ਤਰ੍ਹਾਂ ਦੀ ਵੰਡ ਪੈ ਗਈ ਹੈ।

ਡੇਵਿਸ ਨੇ ਦਲੀਲ ਦਿਤੀ ਕਿ ”ਜੇ ਇਕ ਸਿੱਖ ਸੁਰੱਖਿਆ ਲੋੜਾਂ ਦੇ ਬਾਵਜੂਦ ਧਾਰਮਕ ਆਧਾਰ ‘ਤੇ ਹੈਲਮੇਟ ਪਹਿਨਣ ਤੋਂ ਛੋਟ ਹਾਸਲ ਕਰਦਾ ਹੈ ਤਾਂ ਹੋਰ ਕਾਮੇ ਕਿਸੇ ਨਾ ਕਿਸੇ ਕਾਰਨ ਦੇ ਆਧਾਰ ‘ਤੇ ਅਜਿਹਾ ਕਰਨ ਤੋਂ ਇਨਕਾਰ ਕਿਉਂ ਨਹੀਂ ਕਰ ਸਕਦੇ? ਸਾਡੇ ਦੇਸ਼ ਵਿਚ ਵੱਖ-ਵੱਖ ਲੋਕਾਂ ਲਈ ਵੱਖੋ-ਵਖਰੇ ਕਾਨੂੰਨ ਕਿਉਂ ਹਨ?”

ਉਧਰ ਸਾਲਿਸਟਰ ਜਨਰਲ ਓਲੀਵਰ ਹੀਲਡ ਨੇ ਫ਼ਿਲਿਪ ਡੇਵਿਸ ਦੀਆਂ ਦਲੀਲਾਂ ਦਾ ਜਵਾਬ ਦੇਂਦਿਆਂ ਕਿਹਾ ਕਿ ਸਿੱਖ ਧਰਮ ਵਿਚ ਦਸਤਾਰ ਦੀ ਵੱਡੀ ਅਹਿਮੀਅਤ ਹੈ ਅਤੇ ਕੰਮ ਵਾਲੀਆਂ ਥਾਵਾਂ ‘ਤੇ ਦਸਤਾਰ ਉਤਾਰ ਕੇ ਹੈਲਮੇਟ ਪਹਿਨਣ ਨਾਲ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪੁਜਦੀ ਸੀ।

ਉਨ੍ਹਾਂ ਕਿਹਾ ਕਿ ਬਰਤਾਨੀਆ ਵਿਚ ਲੋਕਾਂ ਨੂੰ ਪੂਰੀ ਧਾਰਮਕ ਆਜ਼ਾਦੀ ਹੈ ਅਤੇ ਇਸੇ ਆਧਾਰ ‘ਤੇ ਸਿੱਖਾਂ ਨੂੰ ਛੋਟ ਦੇਣ ਲਈ ਕਾਨੂੰਨ ਵਿਚ ਸੋਧ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: