ਕਰਤਾਰਪੁਰ ਸਾਹਿਬ/ਚੰਡੀਗੜ੍ਹ: ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸ਼ੁਰੂਆਤ ਮੌਕੇ ਦਿੱਤੇ ਗਏ ਇਕ ਖਾਸ ਸੁਨੇਹੇ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ “ਅੱਜ ਅਸੀਂ ਸਿੱਖਾਂ ਲਈ ਸਿਰਫ ਸਰਹੱਦ ਹੀ ਨਹੀਂ ਖੋਲ੍ਹ ਰਹੇ, ਸਗੋਂ ਆਪਣੇ ਦਿਲ ਵੀ ਖੋਲ੍ਹ ਰਹੇ ਹਾਂ”।
ਮੂਲ ਅੰਗਰੇਜ਼ੀ ਵਿਚ ਪੂਰਾ ਸੁਨੇਹਾ ਇੰਨ ਬਿੰਨ ਪੜ੍ਹਨ ਲਈ ਇਹ ਤੰਦ ਛੂਹੋ…
ਅੰਗਰੇਜ਼ੀ ਵਿਚ ਜਾਰੀ ਕੀਤੇ ਗਏ ਇਸ ਸੁਨੇਹੇ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ। ਸਿੱਖ ਸਿਆਸਤ ਵੱਲੋਂ ਪੰਜਾਬੀ ਬੋਲੀ ਦੇ ਪਾਠਕਾਂ ਲਈ ਇਮਾਰਨ ਖਾਨ ਦੇ ਇਸ ਖਾਸ ਸੁਨੇਹੇ ਦਾ ਪੰਜਾਬੀ ਤਰਜ਼ਮਾ ਕੀਤਾ ਗਿਆ ਹੈ ਜੋ ਕਿ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ:-
ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੁਨੇਹਾ
(9 ਨਵੰਬਰ 2019)
ਸਰਹੱਦ ਦੇ ਦੋਵੇਂ ਪਾਸੇ ਅਤੇ ਸੰਸਾਰ ਭਰ ਵਿਚ ਰਹਿੰਦੇ ਸਿੱਖ ਭਾਈਚਾਰੇ ਨੂੰ ਮੈਂ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਮੌਕੇ ਮੁਬਾਰਕਬਾਦ ਦਿੰਦਾ ਹਾਂ। ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਉੱਤੇ ਸਿੱਖਾਂ ਲਈ ਇਸ ਮੌਕੇ ਦੀ ਅਹਿਮੀਅਤ ਮੁਸਲਮਾਨ, ਜਿਹਨਾਂ ਨੂੰ ਇਹ ਪਤਾ ਹੈ ਕਿ ਪਵਿੱਤਰ ਅਸਥਾਨਾਂ ਉੱਤੇ ਯਾਤਰਾ ਦਾ ਦੇ ਕੀ ਮਾਅਨੇ ਹੁੰਦੇ ਹਨ, ਚੰਗੀ ਤਰ੍ਹਾਂ ਸਮਝਦੇ ਹਨ।
ਸਾਡੇ ਮਹਾਨ ਦੀਨ ਅਤੇ ਸਾਡੇ ਕਾਇਦੇ-ਆਜ਼ਮ ਦੀਆਂ ਨਸੀਹਤਾਂ ਮੁਤਾਬਕ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਇਸ ਤੱਥ ਦਾ ਪ੍ਰਗਾਟਾ ਹੈ ਕਿ ਮੁਖਤਲਿਫ ਦੀਨਾਂ ਦੇ ਪੈਰੋਰਾਕਾਂ ਲਈ ਹਮੇਸ਼ਾਂ ਸਾਡੇ ਦਿਲ ਖੁੱਲ੍ਹੇ ਹਨ। ਅੱਜ ਅਸੀਂ ਸਿੱਖਾਂ ਲਈ ਸਿਰਫ ਸਰਹੱਦ ਹੀ ਨਹੀਂ ਖੋਲ੍ਹ ਰਹੇ ਸਗੋਂ ਆਪਣੇ ਦਿਲ ਵੀ ਖੋਲ੍ਹ ਰਹੇ ਹਾਂ। ਇਹ ਪਾਕਿਸਤਾਨ ਦੀ ਸਰਕਾਰ ਵਲੋਂ ਬਾਬਾ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਭਾਈਚਾਰੇ ਦੀਆਂ ਮਜਹਬੀ ਭਾਵਨਾਵਾਂ ਪ੍ਰਤੀ ਸਦਭਾਵਨਾ ਦਾ ਬੇਜੋੜ ਪ੍ਰਗਟਾਵਾ ਹੈ, ਜਿਹਨਾਂ ਦੀ ਕਿ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਉਨਹਾਂ ਨੂੰ ਆਪਣੇ ਰੂਹਾਨੀ ਆਗੂ ਦੇ ਮੁਕੱਦਸ ਅਸਥਾਨ ਉੱਤੇ ਸੁਖਾਲੇ ਹੀ ਜਾਣ ਅਤੇ ਓਥੇ ਜਾ ਕੇ ਆਪਣੀੇ ਮਜਹਬੀ ਫਰਜ਼ ਅਦਾ ਕਰਨ ਦਾ ਮੌਕਾ ਮਿਲੇ।
ਅੱਜ ਦੀ ਇਹ ਸ਼ੁਰੂਆਤ ਖਿੱਤੇ ਵਿਚ ਅਮਨ ਬਾਰੇ ਸਾਡੀ ਵਚਨਬੱਧਤਾ ਦੀ ਜਾਮਨ ਹੈ। ਸਾਡਾ ਇਹ ਯਕੀਨ ਹੈ ਕਿ ਖਿੱਤੇ ਦੀ ਖੁਸ਼ਹਾਲੀ ਅਤੇ ਅਗਲੀਆਂ ਪੀੜ੍ਹੀਆਂ ਦੇ ਉੱਜਲੇ ਭਵਿੱਖ ਦਾ ਰਾਹ ਅਮਨ ਵਿਚ ਹੀ ਪਿਆ ਹੋਇਆ ਹੈ। ਸਾਨੂੰ ਯਕੀਨ ਹੈ ਕਿ ਮਜ਼ਹਬੀ ਸਦਭਾਵਨਾ ਅਤੇ ਅਮਨਸ਼ੁਦਾ ਸਹਿਹੋਂਦ ਸਾਨੂੰ ਇਸ ਉਪਮਹਾਂਦੀਪ ਦੇ ਲੋਕਾਂ ਦੇ ਵਡੇਰੇ ਹਿੱਤਾਂ ਲਈ ਕੰਮ ਕਰਨ ਦਾ ਮੌਕਾ ਮੁਹੱਈਆ ਕਰਵਾਏਗੀ।
ਸਿੱਖ ਭਾਈਚਾਰੇ ਨੂੰ ਇਕ ਵਾਰ ਮੁੜ ਵਧਾਈ ਦਿੰਦਾ ਹੋਇਆ ਮੈਂ ਉਹਨਾਂ ਸਾਰਿਆਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਜਿਹਨਾਂ ਕੇ ਇਸ ਸੁਪਨੇ ਨੂੰ 10 ਮਹੀਨੇ ਦੇ ਮਿਸਾਲੀ ਸਮੇਂ ਵਿਚ ਪੂਰਾ ਕਰ ਵਿਖਾਲਿਆ ਹੈ।
#ਕਰਤਾਰਪੁਰਲਾਂਘਾ