Site icon Sikh Siyasat News

ਅੱਜ ਪੈ ਰਹੀਆਂ ਹਨ ਚੰਡੀਗੜ੍ਹ ਨਗਰ ਨਿਗਮ ਦੀਆਂ ਵੋਟਾਂ

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਲਈ ਪੰਜ ਲੱਖ ਵੋਟਰ ਅੱਜ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਉਣਗੇ। ਨਿਗਮ ਦੇ ਕੁੱਲ 26 ਵਾਰਡਾਂ ’ਤੇ ਖੜ੍ਹੇ 122 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 445 ਪੋਲਿੰਗ ਸਟੇਸ਼ਨਾਂ ਵਿਚ ਰੱਖੀਆਂ ਗਈਆਂ 800 ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿਚ ਬੰਦ ਹੋ ਜਾਵੇਗਾ। ਚੰਡੀਗੜ੍ਹ ਪੁਲਿਸ ਦੇ ਕਾਰਜਕਾਰੀ ਐਸਐਸਪੀ ਡਾਕਟਰ ਨਵਦੀਪ ਸਿੰਘ ਬਰਾੜ ਨੇ ਦੱਸਿਆ ਕਿ 4000 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ 3500 ਚੋਣ ਅਮਲਾ ਵੋਟਾਂ ਵਾਲੇ ਦਿਨ ਤਾਇਨਾਤ ਕੀਤੇ ਗਏ ਹਨ।

ਸਿਵਲ ਅਧਿਕਾਰੀਆਂ ਤੋਂ ਇਲਾਵਾ 10 ਡੀਐਸਪੀਜ਼ ਅਤੇ 26 ਇੰਸਪੈਕਟਰਾਂ, ਸਮੂਹ ਐਸਐਚਓਜ਼ ਅਤੇ ਚੌਕੀ ਇੰਚਾਰਜਾਂ ਦੀ ਅਗਵਾਈ ਹੇਠ 169 ਇਮਾਰਤਾਂ ਵਿਚ ਬਣਾਏ ਗਏ 445 ਪੋਲਿੰਗ ਸਟੇਸ਼ਨਾਂ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਵਾਰਡ ਵਿਚ ਇਕ-ਇਕ ਇੰਸਪੈਕਟਰ ਦੀ ਅਗਵਾਈ ਹੇਠ ਇਕ-ਇਕ ਰਿਜ਼ਰਵ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਐਸਡੀਪੀਓ ਅਤੇ ਡੀਐਸਪੀ ਵੱਖਰੇ ਤੌਰ ’ਤੇ ਮੌਜੂਦ ਹੋਣਗੇ। ਬਰਾੜ ਅਨੁਸਾਰ ਇਸ ਤੋਂ ਇਲਾਵਾ ਕੁਝ ਅਹਿਮ ਥਾਵਾਂ ’ਤੇ ਅਪਰੇਸ਼ਨ ਸੈਲ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਜਾ ਰਹੀਆਂ ਹਨ।

ਚੋਣ ਕਮਿਸ਼ਨ ਦਾ ਅਮਲਾ ਈਵੀਐਮ ਅਤੇ ਹੋਰ ਸਮੱਗਰੀ ਲੈ ਕੇ ਜਾਂਦੇ ਹੋਏ

ਮੁੱਖ ਦਫਤਰ ਵਿਚ ਰਾਖਵੀਆਂ ਫੋਰਸਾਂ ਤਿਆਰ ਬਰ ਤਿਆਰ ਰਹਿਣਗੀਆਂ ਜੋ ਲੋੜ ਪੈਣ ’ਤੇ ਰਵਾਨਾ ਕੀਤੀਆਂ ਜਾਣਗੀਆਂ। ਚੋਣ ਕਮਿਸ਼ਨ ਵਲੋਂ 7 ਇਨਫੋਰਸਮੈਂਟ ਟੀਮਾਂ ਸਮੇਤ 445 ਚੋਣ ਅਧਿਕਾਰੀ ਨਿਯੁਕਤ ਕੀਤੇ ਹਨ। ਚੋਣ ਕਮਿਸ਼ਨ ਵਲੋਂ 7 ਰਿਟਰਨਿੰਗ ਅਫਸਰ, 3 ਚੋਣ ਅਬਜ਼ਰਵਰ ਅਤੇ 3 ਹੀ ਖਰਚਾ ਅਬਜ਼ਰਵਰ ਨਿਯੁਕਤ ਕੀਤੇ ਹਨ। ਚੋਣ ਕਮਿਸ਼ਨ ਦੇ ਅਬਜ਼ਰਵਰ ਅਤੇ ਹੋਰ ਟੀਮਾਂ ਵੱਖਰੇ ਤੌਰ ’ਤੇ ਚੋਣ ਪ੍ਰਕਿਰਿਆ ਉਪਰ ਨਜ਼ਰ ਰੱਖਣਗੇ।

ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ਕੁੱਲ 122 ਉਮੀਦਵਾਰਾਂ ਵਿਚੋਂ 26 ਕਾਂਗਰਸ, 22 ਭਾਰਤੀ ਜਨਤਾ ਪਾਰਟੀ (ਭਾਜਪਾ), 19 ਬਹੁਜਨ ਸਮਾਜ ਪਾਰਟੀ (ਬਸਪਾ) ਤੇ 4 ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਉਮੀਦਵਾਰ ਹਨ। ਬਾਕੀ 51 ਉਮੀਦਵਾਰ ਆਜ਼ਾਦ ਤੌਰ ’ਤੇ ਚੋਣ ਲੜ ਰਹੇ ਹਨ। ਕੱਲ੍ਹ ਤਕਰੀਬਨ ਸਾਰੇ ਉਮੀਦਵਾਰਾਂ ਨੇ ਚੋਣ ਰੈਲੀਆਂ ਕੱਢ ਕੇ, ਘਰ-ਘਰ ਪਹੁੰਚ ਕਰਕੇ ਅਤੇ ਹੋਰ ਕਈ ਢੰਗਾਂ ਨਾਲ ਚੋਣ ਪ੍ਰਚਾਰ ਦਾ ਅਖੀਰਲਾ ਹੰਭਲਾ ਮਾਰਿਆ। ਕੱਲ੍ਹ ਸ਼ਾਮ 5 ਵਜੇ ਤੱਕ ਹੀ ਚੋਣ ਪ੍ਰਚਾਰ ਕਰਨ ਦੀ ਇਜ਼ਾਜਤ ਸੀ। ਵੋਟਾਂ ਦੀ ਗਿਣਤੀ 20 ਦਸੰਬਰ ਨੂੰ 7 ਕੇਂਦਰਾਂ ਵਿਚ ਹੋਵੇਗੀ ਅਤੇ ਇਸੇ ਦਿਨ ਹੀ ਦੁਪਹਿਰ ਬਾਅਦ ਤੱਕ ਨਤੀਜੇ ਸਪੱਸ਼ਟ ਹੋਣ ਦੀ ਸੰਭਾਵਨਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version