ਅੱਜ ਦਾ ਖ਼ਬਰਸਾਰ (13 ਜਨਵਰੀ 2020)
ਖ਼ਬਰਾਂ ਸਿੱਖ ਜਗਤ ਦੀਆਂ
ਪੀ.ਟੀ.ਸੀ. ਵਿਵਾਦ:
•’ ਸਿੱਖ ਸਿਆਸਤ’ਵੱਲੋਂ ਪ੍ਰੈਸ ਕਲੱਬ ਜਲੰਧਰ ਵਿਖੇ ਪੱਤਰਕਾਰ ਮਿਲਣੀ ਅੱਜ ਦੁਪਹਿਰ 2:30 ਵਜੇ। • ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਪੱਤਰਕਾਰ ਮਿਲਣੀ ਵਿੱਚ ਪੀਟੀਸੀ ਵੱਲੋਂ ਗੁਰਬਾਣੀ ਨੂੰ ਆਪਣੀ “ਬੌਧਿਕ ਜਾਇਦਾਦ” ਦੱਸਣ ਦੇ ਸਬੂਤ ਪੇਸ਼ ਕੀਤੇ ਜਾਣਗੇ । • ਹੁਕਮਨਾਮਾ ਸਾਹਿਬ ਦੇ ਅਧਿਕਾਰਾਂ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਵੱਲੋਂ ਸ਼ਿਕਾਇਤਾਂ ਭੇਜੀਆਂ ਗਈਆਂ। • ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੀ.ਟੀ.ਸੀ ਅਤੇ ਸ਼੍ਰੋਮਣੀ ਕਮੇਟੀ ਨੂੰ ਹੁਕਮਨਾਮਾ ਸਾਹਿਬ ਦੇ ਅਧਿਕਾਰਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਸੰਬੰਧੀ ਦਸਤਾਵੇਜ ਭੇਜਣ ਦੇ ਆਦੇਸ਼ ਦਿੱਤੇ। • ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿਸੇ ਕੋਲ ਵੀ ਗੁਰਬਾਣੀ ਨੂੰ ਵੇਚਣ ਦਾ ਅਧਿਕਾਰ ਨਹੀਂ ਹੈ, ਗੁਰਬਾਣੀ ਦੇ ਦੇ ਪ੍ਰਚਾਰ ਪਸਾਰ ਤੇ ਰੋਕ ਲਾਉਣ ਦੀ ਇਹ ਮੰਦਭਾਗੀ ਕੋਸ਼ਿਸ਼ ਕੀਤੀ ਗਈ ਹੈ। • ਗਿਆਨੀ ਹਰਪ੍ਰੀਤ ਸਿੰਘ ਨੇ ਨਾਲ ਇਹ ਵੀ ਕਿਹਾ ਕਿ ਉਹ ਸੰਗਤ ਨੂੰ ਇਸ ਕਾਰਵਾਈ ਖਿਲਾਫ ਜਾਗਰੂਕ ਕਰਨ ਦੇ ਨਾਲ ਨਾਲ ਕਾਨੂੰਨੀ ਕਾਰਵਾਈ ਵੀ ਕਰਨਗੇ। • ਵਿਦੇਸ਼ਾਂ ਵਿੱਚੋਂ ਵੀ ਪੀਟੀਸੀ ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਨੂੰ ਆਪਣੀ “ਬੌਧਿਕ ਜਾਇਦਾਦ” ਕਹਿ ਕੇ ਘੋਰ ਬੇਅਦਬੀ ਕਰਨ ਵਿਰੁੱਧ ਆਵਾਜ ਉੱਠਣੀ ਸ਼ੁਰੂ ਹੋਈ। • ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੀਟੀਸੀ ਵੱਲੋਂ ਹੁਕਮਨਾਮਾ ਸਾਹਿਬ ਦੇ ਪ੍ਰਚਾਰ ਪਸਾਰ ਉੱਤੇ ਆਪਣਾ ਦਾਅਵਾ ਕਰਨਾ, ਸਿਧਾਂਤਿਕ ਅਤੇ ਵਿਹਾਰਕ, ਹਰੇਕ ਤਰੀਕੇ ਨਾਲ ਗਲਤ ਹੈ। • ਸਿੱਖ ਐਜੂਕੇਸ਼ਨਲ ਕੋਂਸਲ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਆਖਿਆ ਗਿਆ ਹੈ ਕਿ ਕੁਝ ਲਾਲਚੀ ਲੋਕ, ਗੁਰੂ ਸਾਹਿਬ ਵੱਲੋਂ ਬਖਸੀ ਸੱਤਾ ਦੀ ਦੁਰਵਰਤੋਂ ਕਰਦੇ ਕਰਦੇ ਏਨੇ ਨੀਵੇਂ ਡਿੱਗ ਪਏ ਹਨ ਕਿ ਹੁਣ ਉਹ ਸਿੱਖ ਸੰਸਥਾਵਾਂ ਤੇ ਕਾਬਜ ਹੋਣ ਤੋਂ ਬਾਅਦ ਦਸ ਗੁਰੂ ਸਾਹਿਬਾਨ ਦੀ ਗੁਰਬਾਣੀ ਤੇ ਵੀ ਆਪਣਾਂ ਕਬਜਾ ਬਣਾ ਕੇ ਬੈਠ ਗਏ ਹਨ। • ਪੰਜਾਬ ਅਸੈਂਬਲੀ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸ਼ੋਮਣੀ ਕਮੇਟੀ ਕੋਲ ਵੀ ਸ੍ਰੀ ਦਰਬਾਰ ਸਾਹਿਬ ‘ਤੇ ਗਾਈ ਜਾਂਦੀ ਇਲਾਹੀ ਗੁਰਬਾਣੀ ਉਤੇ ਕੋਈ ਹੱਕ ਨਹੀਂ ਕਿਉਂਕਿ ਇਹ ਸਾਰੇ ਸਿੱਖਾਂ ਦਾ ਸਾਂਝਾ ਥਾਂ ਹੈ। • ਦਲ ਖਾਲਸਾ ਆਗੂ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਪੀਟੀਸੀ ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਨੂੰ ਆਪਣੀ “ਬੌਧਿਕ ਜਾਇਦਾਦ” ਦੱਸਣਾ ਸਿੱਖ ਸਹਿਣ ਨਹੀਂ ਕਰਨਗੇ। • ਪੀਟੀਸੀ ਨੈਟਵਰਕ ਦੇ ਪ੍ਰਧਾਨ ਤੇ ਪ੍ਰਬੰਧਕੀ ਨਿਰਦੇਸ਼ਕ ਰਵਿੰਦਰ ਨਾਰਾਇਣ ਨੇ ਕਿਹਾ ਕਿ ਕੋਈ ਲਿਖਤ ਜਾਂ ਆਵਾਜ ਰੂਪ ਵਿੱਚ ਗੁਰਬਾਣੀ ਦਾ ਉਤਾਰਾ ਕਮੇਟੀ ਦੀ ਵੈਬਸਾਈਟ ਤੋਂ ਨਹੀਂ ਲੈ ਸਕਦਾ, ਇਸ ਦੇ ਇਕਮਾਤਰ ਅਧਿਕਾਰ ਉਨ੍ਹਾਂ ਕੋਲ ਹੀ ਹਨ ਤੇ ਇਹ ਇਕ ਵਪਾਰਕ ਇਕਰਾਰਨਾਮਾ ਹੈ ਜਿਹੜਾ ਕਿ ਉਨ੍ਹਾ ਸ਼ਰੋਮਣੀ ਕਮੇਟੀ ਨਾਲ ਕੀਤਾ ਹੈ। • ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੁਤਾਬਿਕ ਉਹ ਸ਼੍ਰੋਮਣੀ ਕਮੇਟੀ ਦੇ, ਪੀ.ਟੀ.ਸੀ ਚੈਨਲ ਨਾਲ ਹੋਏ ਸਮਝੌਤੇ ਦੀ ਤਫ਼ਸੀਲ ਤੋਂ ਅਣਜਾਣ ਹਨ।
ਖ਼ਬਰਾਂ ਦੇਸ ਪੰਜਾਬ ਦੀਆਂ:
• ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਵਫ਼ਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਿੱਲੀ ਦਰਬਾਰ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ। • ਇਸ ਵਫ਼ਦ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ ਕਰਨ ਲਈ ਗ੍ਰਹਿ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ • ਵਫ਼ਦ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਕ ਪੈਨਲ ਬਣਾਉਣ ਦੀ ਅਪੀਲ ਵੀ ਕੀਤੀ ।
ਇਰਾਨ-ਅਮਰੀਕਾ ਤਣਾਅ ਦਾ ਪੰਜਾਬ ਉਤੇ ਅਸਰ:
• ਅਮਰੀਕਾ ਅਤੇ ਇਰਾਨ ਵਿੱਚ ਵਧਦੇ ਤਣਾਅ ਦਾ ਅਸਰ ਪੰਜਾਬ ਦੇ ਕਿਸਾਨਾਂ ਉਪਰ ਵੀ ਪਿਆ । • ਇਰਾਨ ਨੂੰ ਭੇਜੇ ਜਾਣ ਵਾਲੇ ਬਾਸਮਤੀ ਦੇ ਚੌਲਾਂ ਦਾ ਨਿਰਯਾਤ ਰੁਕਿਆ । • ਇਰਾਨ ਦੇ ਹਾਲਾਤ ਸੁਧਰਨ ਤੱਕ ਚੌਲਾਂ ਦਾ ਭੇਜਣਾ ਬੰਦ ਕਰ ਦਿੱਤਾ ਗਿਆ ਹੈ ।
ਖ਼ਬਰਾਂ ਭਾਰਤੀ ਉਪਮਹਾਂਦੀਪ ਦੀਆਂ:
• ਦਿੱਲੀ ਸਲਤਨਤ ਦੇ ਗ੍ਰਹਿ ਵਜ਼ੀਰ ਅਮਿਤ ਸ਼ਾਹ ਨੇ ਜੱਬਲਪੁਰ ਵਿੱਚ ਇੱਕ ਰੈਲੀ ਦੌਰਾਨ ਕਾਂਗਰਸ ਨੂੰ ਸੰਬੋਧਨ ਹੁੰਦੇ ਕਿਹਾ ਕਿ “ਜਿੰਨਾ ਦਮ ਹੈ ਰੋਕ ਲਵੋ” ਚਾਰ ਮਹੀਨਿਆਂ ਦੇ ਅੰਦਰ ਅੰਦਰ ਰਾਮ ਮੰਦਰ ਜ਼ਰੂਰ ਬਣੇਗਾ। • ਅਮਿਤ ਸ਼ਾਹ ਨੇ ਕਿਹਾ ਜੇ ਉਹ ਕਹਿੰਦੇ ਹਨ ਕਿ ਰਾਮ ਮੰਦਰ ਨਹੀਂ ਬਣਨ ਦੇਣਾ ਮੈਂ ਕਹਿੰਦਾ ਹਾਂ ਕਿ ਚਾਰ ਮਹੀਨਿਆਂ ਵਿੱਚ ਅਸਮਾਨ ਨੂੰ ਛੂੰਹਦਾ ਰਾਮ ਮੰਦਰ ਬਣੇਗਾ ਇਹ ਰੋਕ ਕੇ ਵਿਖਾਉਣ।
ਪ੍ਰਸ਼ਾਂਤ ਕਿਸ਼ੋਰ ਨਾਗਰਿਕਤਾ ਕਾਨੂੰਨ ਬਾਰੇ :
• ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਰੀਬੀ ਅਤੇ ਜੇਡੀ(ਯੂ) ਦੇ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਸੀਏਏ ਅਤੇ ਐੱਨਆਰਸੀ ਮਾਮਲੇ ਤੇ ਕਾਂਗਰਸ ਦੇ ਬਾਈਕਾਟ ਕਰਨ ਦੇ ਫੈਸਲੇ ਦੀ ਤਰੀਫ ਕੀਤੀ। • ਪ੍ਰਸ਼ਾਂਤ ਕਿਸ਼ੋਰ ਦੇ ਇਸ ਬਿਆਨ ਤੇ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਭੜਕੀ। • ਭਾਜਪਾ ਨੇ ਕਿਹਾ ਕਿ ਪ੍ਰਸ਼ਾਂਤ ਨੂੰ ਆਪਣਾ ਪੇਸ਼ਾ ਪਿਆਰਾ ਹੈ ਨਾ ਕਿ ਪਾਰਟੀ ਅਤੇ ਪਾਰਟੀ ਦੀ ਵਿਚਾਰਧਾਰਾ। •ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਸ਼ਾਂਤ ਕਿਸ਼ੋਰ ਅਤੇ ਭਾਜਪਾ ਦੇ ਵਿੱਚ ਆਪਸੀ ਬਿਆਨਬਾਜ਼ੀ ਕਾਫ਼ੀ ਤੇਜ਼ ਹੋਈ ਹੈ।
ਜੇ ਐਨ ਯੂ ਵਿਵਾਦ ਬਾਰੇ :
• ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐਮ ਜਗਦੀਸ਼ ਕੁਮਾਰ ਨੇ ਕਿਹਾ ਕਿ ਜੋ ਹੋਣਾ ਸੀ ਉਹ ਹੋ ਚੁੱਕਿਆ ਹੈ। • ਵੀ ਸੀ ਨੇ ਕਿਹਾ ਕਿ ਹੁਣ ਪਿਛਲਾ ਸਾਰਾ ਸਭ ਕੁਝ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ। • ਵੀਸੀ ਨੇ ਕਿਹਾ ਅਸੀਂ ਕਿਸੇ ਉੱਪਰ ਉਂਗਲ ਨਹੀਂ ਚੁੱਕ ਰਹੇ ਅਤੇ ਨਾ ਹੀ ਕਿਸੇ ਨੂੰ ਦੋਸ਼ੀ ਠਹਿਰਾ ਰਹੇ ਹਾਂ ਬੱਸ ਯੂਨੀਵਰਸਿਟੀ ਦਾ ਕੰਮ ਸੁਚਾਰੂ ਢੰਗ ਨਾਲ ਚੱਲਣ ਦਿਓ। • 208 ਪ੍ਰੋਫੈਸਰਾਂ ਨੇ ਦਿੱਲੀ ਸਲਤਨਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤੀ ਉਪਮਹਾਂਦੀਪ ਵਿਚਲੇ ਖਰਾਬ ਹਾਲਾਤ ਲਈ ਮਾਰਕਸਵਾਦੀਆਂ (ਕਾਮਰੇਡਾਂ) ਨੂੰ ਜ਼ਿੰਮੇਵਾਰ ਠਹਿਰਾਇਆ। • ਕਿਹਾ ਕਿ ਭਾਰਤ ਵਿੱਚ ਵਿਗੜਦੇ ਅਕਾਦਮਿਕ ਮਾਹੌਲ ਲਈ ਮਾਰਕਸਵਾਦੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। • ਚਿੱਠੀ ਵਿੱਚ ਕਿਹਾ ਕਿ ਵਿਦਿਆਰਥੀ ਰਾਜਨੀਤੀ ਦੇ ਨਾਮ ਉੱਪਰ ਇਹ ਕਾਮਰੇਡ ਇੱਕ ਵਿਨਾਸ਼ਕਾਰੀ ਮਾਰਕਸਵਾਦੀ ਏਜੰਡੇ ਨੂੰ ਲੈ ਕੇ ਅੱਗੇ ਵੱਧ ਰਹੇ ਹਨ । • ਇਸ ਚਿੱਠੀ ਉੱਪਰ ਦਸਤਖਤ ਕਰਨ ਵਾਲਿਆਂ ਵਿੱਚ ਹਰੀ ਸਿੰਹ ਗੌਰ ਯੂਨੀਵਰਸਿਟੀ ਦੇ ਉਪ ਕੁਲਪਤੀ ਆਰਪੀ ਤਿਵਾਰੀ, ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਐੱਚਸੀਐੱਸ ਰਾਠੌਰ, ਅਤੇ ਸਰਦਾਰ ਪਟੇਲ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਸ਼ਰੀਸ਼ ਕੁਲਕਰਨੀ ਸਮੇਤ ਹੋਰ ਕਈ ਪ੍ਰੋਫੈਸਰ ਸ਼ਾਮਲ ਹਨ ।
ਖ਼ਬਰਾਂ ਆਰਥਿਕ ਜਗਤ ਦੀਆਂ:
• ਨੀਤੀ ਆਯੋਗ ਦੇ ਮੁੱਖ ਅਧਿਕਾਰੀ ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤ ਸਿਖਲਾਈ ਤੇ ਸਿਹਤ ਉੱਪਰ ਧਿਆਨ ਦਿੱਤੇ ਬਿਨਾਂ ਅਤੇ ਨਿਰਮਾਣ ਕੀਤੇ ਬਗੈਰ 5 ਲੱਖ ਕਰੋੜ ਦੀ ਅਰਥ ਵਿਵਸਥਾ ਨਹੀਂ ਬਣ ਸਕਦਾ • ਅਮਿਤਾਭ ਕਾਂਤ ਨੇ ਕਿਹਾ ਕਿ ਅਸੀਂ ਸਿੱਖਿਆ ਦੇਣ ਵਿੱਚ ਸਮਰੱਥ ਹੋਣ ਦੇ ਬਾਵਜੂਦ ਮਾਹਰ(ਲਰਨਿੰਗ ਆਊਟਕਮ ) ਪੈਦਾ ਕਰਨ ਵਿੱਚ ਬਹੁਤ ਪੱਛੜ ਗਏ ਹਾਂ । • ਕਿਹਾ ਸਾਡੇ ਲਈ ਗ੍ਰੇਡ ਪ੍ਰਣਾਲੀ ਲਿਆਉਣਾ ਬਹੁਤ ਮਹੱਤਵਪੂਰਨ ਹੈ ਜਿਸ ਨਾਲ ਭਵਿੱਖ ਵਿੱਚ ਵਿਕਾਸ ਅਤੇ ਲਰਨਿੰਗ ਆਊਟਕਮ ਵਿੱਚ ਵਿਆਪਕ ਪੱਧਰ ਤੇ ਸੁਧਾਰ ਹੋਵੇਗਾ।
ਕੌਮਾਂਤਰੀ ਖ਼ਬਰਾਂ
ਇਰਾਨ- ਅਮਰੀਕਾ ਤਣਾਅ ਸੰਬੰਧੀ ਗਤੀਵਿਧੀਆਂ :
• ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਇੰਗਲੈਂਡ ਦੇ ਰਾਜਦੂਤ ਰੌਬ ਮਕਾਏਅਰ ਨੂੰ ਗ੍ਰਿਫਤਾਰ ਕਰ ਲਿਆ ਗਿਆ। • ਇਰਾਨ ਨੇ ਦੋਸ਼ ਲਾਇਆ ਕਿ ਇੰਗਲੈਂਡ ਦਾ ਰਾਜਦੂਤ ਇਰਾਨ ਵਿੱਚ ਹੋ ਰਹੇ ਸਰਕਾਰ ਵਿਰੋਧੀ ਰੋਹ ਵਿਖਾਵਿਆਂ ਵਿੱਚ ਸ਼ਾਮਲ ਹੋਇਆ ਹੈ ਅਤੇ ਇਸ ਤਰ੍ਹਾਂ ਕਰਕੇ ਰਾਜਦੂਤ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ। • ਯੂਕਰੇਨ ਦੇ ਜਹਾਜ਼ ਨੂੰ ਗਲਤੀ ਨਾਲ ਸੁੱਟਣ ਕਰਕੇ ਇਰਾਨ ਵਿੱਚ ਰੋਹ ਵਿਖਾਵੇ ਹੋ ਰਹੇ ਹਨ । • ਹਾਲਾਂਕਿ ਬਾਅਦ ਵਿਚ ਇੰਗਲੈਂਡ ਦੇ ਰਾਜਦੂਤ ਨੂੰ ਛੱਡ ਦਿੱਤਾ ਗਿਆ । • ਇਸ ਘਟਨਾ ਉੱਪਰ ਇੰਗਲੈਂਡ ਨੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ । • ਇੰਗਲੈਂਡ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਬਿਨਾਂ ਕਿਸੇ ਆਧਾਰ ਅਤੇ ਸਬੂਤ ਦੇ ਸਾਡੇ ਰਾਜਦੂਤ ਨੂੰ ਹਿਰਾਸਤ ਵਿੱਚ ਲੈਣਾ ਇਰਾਨ ਵੱਲੋਂ ਅੰਤਰਰਾਸ਼ਟਰੀ ਕਾਨੂੰਨ ਦਾ ਖੁੱਲ੍ਹੇ ਤੌਰ ਤੇ ਉਲੰਘਣ ਹੈ । • ਵਿਦੇਸ਼ ਮੰਤਰੀ ਨੇ ਕਿਹਾ ਕਿ ਇਰਾਨ ਇਸ ਸਮੇਂ ਦੋਰਾਹੇ ਤੇ ਖੜ੍ਹਾ ਹੈ ਜਿੱਥੇ ਉਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਜਾਂ ਤਾਂ ਤਿਆਗਿਆ ਜਾ ਸਕਦਾ ਹੈ ਜਾਂ ਫਿਰ ਇਰਾਨ ਗੱਲਬਾਤ ਜ਼ਰੀਏ ਤਣਾਅ ਘੱਟ ਕਰਨ ਦੀ ਸੋਚੇ । • ਇਰਾਨ ਵਿੱਚ ਹੋ ਰਹੇ ਇਸ ਰੋਹ ਵਿਖਾਵਿਆਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਆਪਣਾ ਸਮਰਥਨ ਦਿੱਤਾ ਹੈ ।
ਪਾਕਿਸਤਾਨ ਦਾ ਇਰਾਨ-ਅਮਰੀਕਾ ਝਗੜੇ ਬਾਰੇ ਬਿਆਨ:
• ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮਾਬਾਦ ਵਿੱਚ ਕਿਹਾ ਕਿ ਪਾਕਿਸਤਾਨ ਈਰਾਨ ਅਤੇ ਸਾਊਦੀ ਅਰਬ ਦੀ ਸੁਲਾਹ ਕਰਵਾਏਗਾ • ਇਸ ਬਿਆਨ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਪਾਕਿਸਤਾਨ ਮੱਧ ਪੂਰਬ ਦੇ ਮੌਜੂਦਾ ਸੰਕਟ ਵਿੱਚ ਸ਼ਾਂਤੀ ਦੂਤ ਦੀ ਭੂਮਿਕਾ ਨਿਭਾਵੇ ? • ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਈਰਾਨ, ਸਾਊਦੀ ਅਰਬ ਅਤੇ ਅਮਰੀਕਾ ਦੇ ਦੌਰੇ ਤੇ ਜਾਣ ਵਾਲੇ ਹਨ
ਆਸਟ੍ਰੇਲੀਆ ਦੇ ਜੰਗਲ਼ੀ ਅੱਗ ਦੇ ਅਸਰ:
• ਆਸਟ੍ਰੇਲੀਆ ਵਿੱਚ ਜੰਗਲਾਂ ਨੂੰ ਲੱਗੀ ਅੱਗ ਦੀ ਵਜ੍ਹਾ ਕਰਕੇ ਅਸਮਾਨ ਹੋਇਆ ਲਾਲ । • ਇਸ ਅੱਗ ਨਾਲ ਹੁਣ ਤੱਕ 1 ਲੱਖ ਵਰਗ ਕਿਲੋਮੀਟਰ ਦਾ ਖੇਤਰ ਸੜ ਕੇ ਸੁਆਹ ਹੋ ਚੁੱਕਾ ਹੈ । • ਇਸ ਅੱਗ ਵਿੱਚ ਕਰੋੜਾਂ ਜੀਵ ਜੰਤੂ ਸੜ ਕੇ ਮਰ ਚੁੱਕੇ ਹਨ ।