Site icon Sikh Siyasat News

ਜਗਤਾਰ ਸਿੰਘ ਹਵਾਰੇ ਨੂੰ ਬੇੜੀਆਂ ਵਿੱਚ ਵੇਖ ਕੇ: ਸ. ਗੁਰਤੇਜ ਸਿੰਘ ਆਈ ਏ ਐੱਸ

ਰੀੜ੍ਹ ਦੀ ਹੱਡੀ ਦੀ ਬਿਮਾਰੀ ਤੋਂ ਪੀੜਤ ਸਿੱਖ ਸਿਆਸੀ ਕੈਦੀ ਨੂੰ ਕੜੀਆਂ-ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਪੇਸ਼ ਕਰਨਾ ਜਿੱਥੇ ਮੌਜੂਦਾ ਪ੍ਰਬੰਧ ਦੀ ਬਰਬਰਤਾ ਨੂੰ ਪਰਗਟ ਕਰਦਾ ਹੈ ਓਥੇ ਭਾਰਤ ਦੇ ਸਿਆਸੀ ਨਿਜ਼ਾਮ ਦੀ ਕਮੀਨਗੀ, ਸਿੱਖ ਨਫ਼ਰਤ ਅਤੇ ਭੈ-ਭੀਤ ਮਾਨਸਿਕਤਾ ਨੂੰ ਵੀ। ਕਮੀਨਗੀ  ਏਸ ਲਈ ਕਿ ਨਿਜ਼ਾਮ ਦਾ ਅਸਲੀ ਮਕਸਦ ਸਿੱਖ ਜਗਤ ਨੂੰ ਡਰਾਉਣਾ ਅਤੇ ਆਜ਼ਾਦ ਸਿੱਖ ਕੌਮ ਦੇ ਉਦਾਲੇ ਗ਼ੁਲਾਮੀ ਦੀਆਂ ਦੀਵਾਰਾਂ ਉਸਾਰਨਾ ਹੈ। ਅਣਖ ਵਾਲੇ ਦੋਸਤਾਂ ਤੋਂ ਹਰ ਪਲ਼ ਡਰ ਕੇ ਕੰਬਣ ਵਾਲੀ ਸਾਡੇ ਮੁਲਕ ਦੀ ਰਾਜ ਕਰਦੀ ਕੌਮ ਆਪਣੇ ਇਤਿਹਾਸ ਉੱਤੇ ਉਹ ਕਲੰਕ ਲਗਾ ਰਹੀ ਹੈ ਜਿਨ੍ਹਾਂ ਤੋਂ ਬਚਣ ਲਈ ਰਾਜ ਕਰਨਯੋਗ ਕੌਮਾਂ ਤਿੰਨ ਕਾਲ ਤ੍ਰਹਿੰਦੀਆਂ ਹਨ।

ਕੌਮੀ ਨਾਇਕ ਭਾਈ ਜਗਤਾਰ ਸਿੰਘ ਹਵਾਰਾ

ਭਾਈ ਰਣਧੀਰ ਸਿੰਘ ਅਤੇ ਗਦਰ ਲਹਿਰ ਦੇ ਸਿਆਸੀ ਕੈਦੀਆਂ ਨੂੰ ਰਾਜਮੰਡਰੀ ਜੇਲ੍ਹ ਤੋਂ ਨਾਗਪੁਰ ਤਬਦੀਲ ਕਰਨਾ ਸੀ। ਜੇਲ੍ਹਰ ਡੇਵਿਸ ਨੇ ਵਿਦਾ ਕਰਦਿਆਂ ਆਖਿਆ,‘ਅਸੀਂ…..ਪੂਰਨ ਮਿੱਤਰਾਨਾ ਸਲੂਕ ਕੀਤਾ ਹੈ ਜੋ ਇਨਸਾਨੀ ਫ਼ਿਤਰਤ ਲਈ ਲਾਜ਼ਮੀ ਸੀ। …..ਤੁਹਾਨੂੰ ਕੈਦੀਆਂ ਵਾਂਗ ਏਥੋਂ ਨਹੀਂ ਤੋਰਦੇ; ਨਾ ਤੁਹਾਡਾ ਲਿਬਾਸ-ਪਹਿਰਾਵਾ ਕੈਦੀਆਂ ਵਾਲਾ ਹੈ…..ਨਾ ਬੇੜੀ ਨਾ ਹੱਥਕੜੀ। ਸਾਨੂੰ ਪੂਰਨ ਨਿਸ਼ਚਾ ਹੈ ਕਿ ਤੁਸੀਂ ਸਾਡੀ ਪੈਜ ਰੱਖੋਗੇ।’ ਇਹਨਾਂ ਦੀ ਇਮਾਨਦਾਰੀ ਦਾ ਏਨਾਂ ਭਰੋਸਾ ਦੁਸ਼ਮਣ ਨੂੰ ਸੀ ਕਿ ਪ੍ਰਿਥਵੀ ਸਿਹੁੰ ਰਾਜਪੂਤ (ਲਾਲੜੂ) ਨੂੰ ਵੀ ਇਹਨਾਂ ਦੇ ਨਾਲ ਹੀ ਆਜ਼ਾਦ ਹਾਲਤ ਵਿੱਚ ਭੇਜ ਦਿੱਤਾ। ਅੱਧੇ ਹਿੰਦੋਸਤਾਨ ਦਾ ਸਫ਼ਰ ਕਰਦੇ ਹੋਏ ਸਿੰਘ ਇੱਕ ਬੁੱਢੇ ਅੰਗ੍ਰੇਜ਼ ਇੰਸਪੈਕਟਰ ਦੇ ਛੋਟੇ ਜਿਹੇ ਦਸਤੇ ਨਾਲ ਸਹੀ-ਸਲਾਮਤ ਨਾਗਪੁਰ ਪਹੁੰਚ ਗਏ ਸਨ।

ਆਖਿਆ ਜਾਵੇਗਾ ਕਿ ਜਗਤਾਰ ਸਿੰਘ ਹਵਾਰਾ ਜੇਲ੍ਹ ਤੋੜ ਕੇ ਇੱਕ ਵਾਰ ਭੱਜ ਚੁੱਕਾ ਹੈ। ਹਵਾਰੇ ਨੂੰ ਪਾਬੰਦੀਆਂ ਪਸੰਦ ਨਹੀਂ; ਉਹ ਗੁਰੂ ਦਾ ਸਿੰਘ ਹੈ। ਓਸ ਨੇ ਗੱਜ-ਵੱਜ ਕੇ ਦੱਸ ਦਿੱਤਾ ਹੈ ਕਿ ਜੇਲ੍ਹਾਂ ਦੇ ਇੰਤਜ਼ਾਮ ਨਿਰਦੋਸ਼ਾਂ ਨੂੰ ਜਕੜ ਕੇ ਨਹੀਂ ਰੱਖ ਸਕਦੇ।

ਯਕੀਨਨ, ਜੇ ਅੰਗ੍ਰੇਜ਼ ਦਾ ਇਨਸਾਫ਼ ਹੁੰਦਾ ਤਾਂ ਹਵਾਰਾ ਇੱਕ ਦਿਨ ਵੀ ਜੇਲ੍ਹ ਨਾ ਜਾਂਦਾ। ਜਨਰਲ ਡਾਇਰ ਨੂੰ ਮਾਰਨ ਵਾਲਾ ਸ਼ਹੀਦ ਊਧਮ ਸਿੰਘ ਇੱਕ ਹੋਰ ਹਮਵਤਨੀ ਨਾਲ ਇੱਕ ਕਿਰਾਏ ਦੇ ਕਮਰੇ ਵਿੱਚ ਲੰਡਨ ਰਹਿੰਦਾ ਸੀ। ਓਸ ਨੂੰ ਗ੍ਰਿਫ਼ਤਾਰ ਕਰ ਕੇ ਫ਼ਾਂਸੀ ਲਾਇਆ ਗਿਆ ਪਰ ਓਸ ਦੇ ਦੋਸਤ ਨੂੰ ਕਿਸੇ ਨੇ ਪੁੱਛ-ਗਿੱਛ ਲਈ ਵੀ ਨਾ ਬੁਲਾਇਆ।

ਗਦਰੀ ਬਾਬਿਆਂ ਦਾ ਸਾਥੀ ਪ੍ਰਿਥਵੀ ਸਿਹੁੰ ਵੀ ਨਾਗਪੁਰ ਤੱਕ ਦੇ ਸਫ਼ਰ ਵਿੱਚ ਭੱਜ ਗਿਆ ਸੀ। ਸਵਾਲ ਭੱਜਣ, ਨਾ ਭੱਜਣ ਦਾ ਨਹੀਂ ਸੀ; ਕੌਮਾਂ ਦੀ ਫ਼ਿਤਰਤ ਦਾ ਇਮਤਿਹਾਨ ਸੀ। ਅੰਗ੍ਰੇਜ਼ ਪੂਰੀ ਖੁੱਲ੍ਹ ਦੇ-ਦੇ ਕੇ ਦੱਸ ਰਿਹਾ ਸੀ ਕਿ ਅਸੀਂ ਰਾਜ ਕਰਨ ਦੇ ਅਧਿਕਾਰੀ ਹਾਂ ਕਿਉਂਕਿ ਅਸੀਂ ਇਖ਼ਲਾਕੀ ਤੌਰ ’ਤੇ ਤੁਹਾਡੇ ਤੋਂ ਉੱਚੇ ਹਾਂ।

ਬਾਬਿਆਂ ਦਾ ਨਾਗਪੁਰ ਜੇਲ੍ਹ ਪਹੁੰਚਣਾ ਦੱਸਦਾ ਸੀ ਕਿ ਇਖ਼ਲਾਕਨ ਖ਼ਾਲਸਾ ਉੱਚਾ ਹੈ ਜੋ ਹੋ ਚੁੱਕੇ ਅਤੇ ਹੋਣ ਵਾਲੇ ਜੇਲ੍ਹ ਦੇ ਤਸੀਹਿਆਂ ਤੋਂ ਬਾਖ਼ਬਰ ਹੋ ਕੇ ਵੀ ਦਿੱਤਾ ਵਚਨ ਹਾਰਨ ਨੂੰ ਆਜ਼ਾਦ ਕੌਮ ਦੀ ਹੱਤਕ ਸਮਝਦਾ ਹੈ। ਇਉਂ ਉਹਨਾਂ ਅੰਗ੍ਰੇਜ਼ ਨੂੰ ਦੱਸਿਆ ਕਿ ਅਸੀਂ ਇਖ਼ਲਾਕ ਵਿੱਚ ਤੇਰੇ ਤੋਂ ਉੱਚੇ ਜ਼ਿੰਮੇਵਾਰ ਸ਼ਹਿਰੀ ਹਾਂ ਅਤੇ ਆਪਣੇ-ਆਪ ਉੱਤੇ ਰਾਜ ਕਰਨ ਦੇ ਹੱਕਦਾਰ ਹਾਂ।

ਜੇ ਇਹਨਾਂ ਦੀ ਛਪੰਜਾ ਇੰਚ ਦੀ ਛਾਤੀ ਹੋਵੇ ਤਾਂ ਇਹ ਹਵਾਰੇ ਨੂੰ ਆਖਣ,‘ਸਿੰਘਾ, ਅੱਜ ਤੇਰੀ ਪੇਸ਼ੀ ਐਨੇ ਵਜੇ ਹੈ। ਸਾਡਾ ਸਿਪਾਹੀ ਤੈਨੂੰ ਪੰਦਰਾਂ ਮਿੰਟ ਪਹਿਲਾਂ ਅਦਾਲਤ ਦੇ ਦਰਵਾਜ਼ੇ ’ਤੇ ਉਡੀਕੇਗਾ।’ ਯਕੀਨਨ, ਹਵਾਰੇ ਨੇ ਆਪਣੀ ਅਣਖ ਨੂੰ ਦਾਗ ਨਹੀਂ ਸੀ ਲੱਗਣ ਦੇਣਾ।

ਮੰਨਿਆ ਕਿ ਬਹੁਗਿਣਤੀ ਨੇ ਰਾਜ ਕਰਨਾ ਹੈ ਪਰ ਕੀ ਅਜਿਹੀ ਡਰੂ ਫ਼ਿਤਰਤ ਵਾਲੇ ਰਾਜ ਕਰਨ ਦੇ ਕਾਬਲ ਹਨ?
ਇੱਕ ਸਵਾਲ ਖ਼ਾਲਸੇ ਲਈ ਵੀ: ਜਗਤਾਰ ਸਿੰਘ ਹਵਾਰਾ ਸਾਡਾ ਕੌਮੀ ਨਾਇਕ ਹੈ; ਇਹ ਘਟੀਆ ਜ਼ਿਹਨੀਅਤ ਵਾਲੇ ਓਸ ਨੂੰ ਨਹੀਂ, ਸਿੱਖ ਕੌਮ ਨੂੰ ਸਬਕ ਸਿਖਾ ਰਹੇ ਹਨ। ਕੀ ਪੰਥ ਦੇ ਸਿਰਕੱਢ ਆਗੂ ਇੱਕ ਮੰਚ ਤੋਂ ਘੱਟੋ ਘੱਟ ਏਨਾਂ ਸੰਦੇਸ਼ ਦੇਣਗੇ ਕਿ ਅਸੀਂ ਇਹਨਾਂ ਕਮੀਨਗੀਆਂ ਨੂੰ ਤੁਹਾਡੇ ਘਟੀਆਪਨ ਦਾ ਮੁਜ਼ਾਹਰਾ ਸਮਝਦੇ ਹਾਂ?
(19 ਅਕਤੂਬਰ 2014)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version