ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਯੂ.ਕੇ.

ਵਿਦੇਸ਼

ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਯੂ.ਕੇ. ਤੋਂ ਪਾਬੰਦੀ ਹਟਾਉਣ ਲਈ ਬਰਤਾਨਵੀ ਸੰਸਦ ‘ਚ  15 ਮਾਰਚ ਨੂੰ ਬਹਿਸ ਹੋਵੇਗੀ

By ਸਿੱਖ ਸਿਆਸਤ ਬਿਊਰੋ

February 25, 2016

ਲੰਡਨ (24 ਫਰਵਰੀ, 2016): ਬਰਤਾਨੀਆ ਵਿੱਚ ਪਾਬੰਦੀਸ਼ੁਦਾ ਸਿੱਖ ਜੱਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਯੂ.ਕੇ. ਤੋਂ ਪਾਬੰਦੀ ਹਟਾਉਣ ਲਈ 15 ਮਾਰਚ ਨੂੰ ਬਰਤਾਨਵੀ ਸੰਸਦ ‘ਚ ਮਤਾ ਲਿਆਂਦਾ ਜਾਵੇਗਾ ਅਤੇ ਉਸੇ ਹਫ਼ਤੇ ਹੀ ਹਾਊਸ ਆਫ਼ ਲਾਰਡ ‘ਚ ਵੀ ਮਤਾ ਆਵੇਗਾ, ਜਿਸ ‘ਤੇ ਬਹਿਸ ਹੋਣ ਉਪਰੰਤ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਯੂ.ਕੇ. ਤੋਂ ਪਾਬੰਦੀ ਹਟ ਜਾਵੇਗੀ ।ਇਹ ਬਹਿਸ 15 ਮਾਰਚ ਨੂੰ ਸ਼ਾਮੀ 7 ਵਜੇ ਦੇ ਲਗਭਗ ਹੋਵੇਗੀ ।ਇਸ ਗੱਲ ਦੀ ਪੁਸ਼ਟੀ ਗ੍ਰਹਿ ਮੰਤਰੀ ਵਲੋਂ ਸ਼ੈਡੋ ਗ੍ਰਹਿ ਮੰਤਰੀ ਐਾਡੀ ਬਰਨਹੈਮ ਨੂੰ ਲਿਖੇ ਪੱਤਰ ‘ਚ ਕੀਤੀ ਗਈ ਹੈ ।

ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖਬਰ ਅਨੁਸਾਰ ਸਿੱਖ ਫੈੱਡਰੇਸ਼ਨ ਯੂ.ਕੇ. ਦੇ ਆਗੂਆਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ ਨੇ ਦੱਸਿਆ ਕਿ ਸੰਸਦ ਮੈਂਬਰ ਲੀਅਨ ਬਰਾਊਨ ਵਲੋਂ 15 ਮਾਰਚ ਨੂੰ ਸ਼ਾਮ 4 ਵਜੇ ਤੋਂ ਸ਼ਾਮੀ 6 ਵਜੇ ਤੱਕ ਸੰਸਦ ਵਿਚ ਇਕ ਸਿੱਖ ਲਾਬੀ ਲਈ ਕਮੇਟੀ ਰੂਮ ਦੀ ਬੁਕਿੰਗ ਕੀਤੀ ਜਾਵੇਗੀ ਜਿੱਥੇ ਸਿੱਖ ਆਪੋ ਆਪਣੇ ਹਲਕੇ ਦੇ ਸੰਸਦ ਮੈਂਬਰਾਂ ਕੋਲ ਸਿੱਖਾਂ ਦੇ ਹੱਕ ‘ਚ ਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਤੋਂ ਪਾਬੰਦੀ ਹਟਾਉਣ ਲਈ ਤੇ ਸਿੱਖ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨਗੇ ।

ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਤਿੰਨ ਖਾਲਿਸਤਾਨੀ ਪੱਖੀ ਜਥੇਬੰਦੀਆਂ ਬੱਬਰ ਖਾਲਸਾ, ਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ‘ਤੇ ਪਾਬੰਦੀ ਲੱਗੀ ਹੋਈ ਹੈ ।ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ‘ਤੇ ਮਾਰਚ, 2001 ਵਿਚ ਪਾਬੰਦੀ ਲਾਈ ਗਈ ਸੀ, ਜਿਸ ਨੂੰ ਬਾਅਦ ਵਿਚ ਸਿੱਖ ਫੈੱਡਰੇਸ਼ਨ ਯੂ.ਕੇ. ਦੇ ਨਾਂਅ ਹੇਠ ਮੁੜ ਤੋਂ 2003 ਤੋਂ ਸੁਰਜੀਤ ਕੀਤਾ ਗਿਆ, ਜੋ ਅੱਜ ਯੂ.ਕੇ. ਦੇ ਸਿੱਖਾਂ ਦੀ ਸਭ ਤੋਂ ਵੱਡੀ ਰਾਜਸੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ ਲੇਕਨ ਇਸ ਦੇ ਕਾਰਕੁੰਨਾਂ ਨੇ ਪਾਬੰਦੀ ਹਟਾਉਣ ਲਈ ਲਗਾਤਾਰ ਕਾਨੂੰਨੀ ਤੇ ਰਾਜਸੀ ਤੌਰ ‘ਤੇ ਦਬਾਅ ਬਣਾਈ ਰੱਖਿਆ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: