ਚੰਡੀਗੜ: ਕੈਪਟਨ ਸਰਕਾਰ ਵੱਲੋਂ ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬਠਿੰਡਾ ਸ਼ਹਿਰ ਦੇ ਫਾਇਰ ਬ੍ਰਿਗੇਡ ਚੌਕ ਵਿੱਚ ‘ਥਰਮਲ ਪਲਾਂਟ ਬਚਾਓ, ਰੁਜ਼ਗਾਰ ਬਚਾਓ’ ਦੇ ਬੈਨਰ ਹੇਠ ਧਰਨਾ ਲਾਇਆ। ਇਸ ਧਰਨੇ ਵਿੱਚ ਆਪ ਦੇ ਸੰਸਦ ਮੈਂਬਰ, ਵਿਧਾਇਕ ਤੇ ਕੁਝ ਹੋਰ ਆਗੂ ਹਾਜ਼ਰ ਸਨ।
ਆਪ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਦੋਵੇਂ ਇੱਕੋ ਥਾਲੀ ਦੇ ਚੱਟੇ-ਵੱਟੇ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਥਰਮਲ ਨੂੰ ਬੰਦ ਕਰਨ ਦਾ ਐਲਾਨ ਕਰਕੇ ਬਠਿੰਡਾ ਦੇ ਵੋਟਰਾਂ ਨਾਲ ਧੋਖਾ ਕੀਤਾ ਹੈ। ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਥਰਮਲਾਂ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ ਅਤੇ ਅਕਾਲੀਆਂ ਵੱਲੋਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤਿਆਂ ਦੇ ਰੀਵਿਊ ਦੀ ਗੱਲ ਕੀਤੀ ਸੀ, ਪਰ ਸੱਤਾ ’ਚ ਆਉਂਦਿਆਂ ਹੀ ਉਹ ਸਭ ਭੁੱਲ ਗਏ।
ਖਹਿਰਾ ਨੇ ਆਖਿਆ ਕਿ ਥਰਮਲ ਬੰਦ ਕਰਕੇ ‘ਸਿਟੀ ਆਫ ਲੇਕ’ ਨੂੰ ਜਿੱਥੇ ਤਬਾਹ ਕੀਤਾ ਜਾਵੇਗਾ, ਉੱਥੇ ਲੱਖਾਂ ਦਰੱਖ਼ਤ ਹਟਾ ਕੇ ਬਠਿੰਡਾ ਸ਼ਹਿਰ ਦੀ ਦਿੱਖ ਵਿਗਾੜ ਦਿੱਤੀ ਜਾਵੇਗੀ ਤੇ ਨਾਲ ਹੀ ਸਰਕਾਰ ਵੱਲੋਂ ਹਜ਼ਾਰਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕਾ ਬਲਜਿੰਦਰ ਕੌਰ, ਵਿਧਾਇਕਾ ਰੁਪਿੰਦਰ ਕੌਰ ਰੂਬੀ, ਵਿਧਾਇਕ ਨਾਜ਼ਰ ਸਿੰਘ ਮਾਨਸਾ ਤੇ ਪਿਰਲਮ ਸਿੰਘ ਨੇ ਕਾਂਗਰਸ ਸਰਕਾਰ ਵੱਲੋਂ ਥਰਮਲ ਬੰਦ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਲਈ ਲੋਕਾਂ ਨੂੰ ਹੁਣ ਲਾਮਬੰਦ ਹੋ ਜਾਣਾ ਚਾਹੀਦਾ ਹੈ।
ਦੂਜੇ ਪਾਸੇ ਸੰਘਰਸ਼ਸ਼ੀਲ ਪਾਵਰਕੌਮ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਏ. ਵੇਣੂ ਪ੍ਰਸਾਦ ਨਾਲ ਮੀਟਿੰਗ ਕੀਤੀ ਅਤੇ ਥਰਮਲ ਪਲਾਂਟ ਬੰਦ ਕਰਨ ਦੇ ਮੁੱਦੇ ’ਤੇ ਚਰਚਾ ਕੀਤੀ। ਜਥੇਬੰਦੀਆਂ ਨੇ ਇਸ ਮਗਰੋਂ ਕੀਤੀ ਮੀਟਿੰਗ ਵਿੱਚ ਸਾਂਝੇ ਸੰਘਰਸ਼ ਦਾ ਐਲਾਨ ਕੀਤਾ ਅਤੇ ਨਵਾਂ ਸਾਲ ਚੜ੍ਹਦੇ ਹੀ ਕੈਬਨਿਟ ਤੇ ਰਾਜ ਮੰਤਰੀਆਂ ਅਤੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ।
ਉਨ੍ਹਾਂ ਕਿਹਾ ਕਿ ਪਹਿਲੀ ਤੋਂ 10 ਜਨਵਰੀ ਤੱਕ ਬਿਜਲੀ ਕਾਮੇ ਇਕੱਠੇ ਹੋ ਕੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਣਗੇ ਅਤੇ 3 ਜਨਵਰੀ ਨੂੰ ਬਠਿੰਡਾ ਤੇ ਰੂਪਨਗਰ ਥਰਮਲ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ ਜਾਣਗੇ। ਮੀਟਿੰਗ ਵਿੱਚ ਪਾਵਰਕੌਮ ਦੇ ਡਾਇਰੈਕਟਰ (ਵਿੱਤ) ਐੱਸ.ਸੀ. ਅਰੋੜਾ, ਡਾਇਰੈਕਟਰ (ਪ੍ਰਬੰਧਕੀ) ਆਰ. ਪੀ. ਪਾਂਡਵ, ਬਿਜਲੀ ਨਿਗਮ ਦੇ ਉਪ ਸਕੱਤਰ ਆਈਆਰ ਬੀ.ਐੱਸ. ਗੁਰਮ ਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।