Site icon Sikh Siyasat News

ਤਖਤਾਂ ਦੇ ਜੱਥੇਦਾਰ ਲਾਉਣ ਜਾ ਹਟਾਉਣ ਦਾ ਅਧਿਕਾਰ ਸ਼੍ਰੌਮਣੀ ਕਮੇਟੀ ਕੋਲ ਨਹੀ ਹੋਣਾ ਚਾਹੀਦਾ: ਜੱਥੇਦਾਰ ਵੇਦਾਂਤੀ

ਪਟਿਆਲਾ (10 ਫਰਵਰੀ, 2015): ਅੱਜ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਟਾਉਣਾ ਬਿਲਕੁਲ ਹੀ ਗਲਤ ਹੈ। ਇਹ ਕਾਹਲੀ ਵਿੱਚ ਲਿਆ ਫ਼ੈਸਲਾ ਹੈ।

ਗਿਆਨੀ ਜੋਗਿੰਦਰ ਸਿੰਘ ਵੇਦਾਂਤੀ

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖ਼ਤਾਂ ਦੇ ਜਥੇਦਾਰਾਂ ਦੀਆਂ ਸ਼ਕਤੀਆਂ, ਨਿਯਮ ਵਿਧਾਨ ਅਤੇ ਤਨਖ਼ਾਹ ਆਦਿ ਮਾਮਲਿਆਂ ਦੇ ਉਠੇ ਵਿਵਾਦ ਦਾ ਹੱਲ ਕਰਨ ਲਈ ਸਰਬੱਤ ਖ਼ਾਲਸਾ ਬੁਲਾਉਣਾ ਚਾਹੀਦਾ ਹੈ।ਇਸ ਮਸਲੇ ਦਾ ਹੱਲ ਕਰਨ ਲਈ ਜੋ ਕਮੇਟੀ ਬਣਾਈ ਗਈ ਹੈ ਉਹ ਮਹਿਜ਼ ਇਸ ਮਸਲੇ ਬਾਰੇ ਸੁਝਾਅ ਦੇ ਸਕਦੀ ਹੈ ਉਸ ਨੂੰ ਕੋਈ ਵੀ ਧਾਰਾ ਲਾਗੂ ਕਰਨ ਦਾ ਅਧਿਕਾਰ ਨਹੀਂ ਹੈ, ਇਹ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਜਿਵੇਂ ਸਰਬੱਤ ਖ਼ਾਲਸਾ ਮਿਸਲਾਂ ਨੂੰ ਕੇਂਦਰ ਵਿੱਚ ਰੱਖ ਕੇ ਮੰਨ ਲਿਆ ਜਾਂਦਾ ਸੀ, ਪਰ ਹੁਣ ਇਸ ਤਰ੍ਹਾਂ ਨਹੀਂ ਹੈ, ਸ਼੍ਰੋਮਣੀ ਕਮੇਟੀ ਵੀ ਕੋਈ ਸਰਬੱਤ ਖ਼ਾਲਸਾ ਨਹੀਂ ਹੈ। ਹੁਣ ਸਰਬੱਤ ਖ਼ਾਲਸਾ ਬੁਲਾਉਣ ਲਈ ਅਤੇ ਉਸ ਵਿੱਚ ਬੁਲਾਏ ਜਾਣ ਵਾਲੇ ਵਿਦਵਾਨਾਂ, ਸੰਸਥਾਵਾਂ ਆਦਿ ਦਾ ਵੀ ਮੁਲਾਂਕਣ ਕਰਨਾ ਹੋਵੇਗਾ। ਇਹ ਵਿਦਵਾਨ, ਸੰਸਥਾਵਾਂ ਵਿਦੇਸ਼ਾਂ ਵਿੱਚ ਵੀ ਬੈਠੀਆਂ ਹਨ ਅਤੇ ਭਾਰਤ ਵਿੱਚ ਵੀ ਹਨ।

ਉਨ੍ਹਾਂ ਸਪਸ਼ਟ ਕਿਹਾ ਜਥੇਦਾਰ ਨੂੰ ਲਾਉਣ ਦਾ ਅਤੇ ਹਟਾਉਣ ਦਾ ਅਧਿਕਾਰ ਹੀ ਐਸ ਜੀ ਪੀ ਸੀ ਕੋਲ ਨਾ ਹੋਵੇ। ਸਰਬੱਤ ਖ਼ਾਲਸਾ ਨੂੰ ਅਧਿਕਾਰ ਹੋਵੇ ਉਹ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਗਾਵੇ, ਇਸੇ ਤਰ੍ਹਾਂ ਜਥੇਦਾਰ ਨੂੰ ਹਟਾਉਣ ਦਾ ਕੋਈ ਵੱਡਾ ਕਾਰਨ ਹੀ ਤੈਅ ਕੀਤਾ ਜਾਵੇ ਨਹੀਂ ਤਾਂ ਜਥੇਦਾਰ ਦੀ ਪੱਕੀ ਸੀਮਾ ਤੈਅ ਹੋਵੇ ਤਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਨਿਰਪੱਖ ਫ਼ੈਸਲੇ ਕਰਨ ਦੀ ਆਸ ਸਿੱਖ ਕੌਮ ਰੱਖ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version