March 4, 2017 | By ਸਿੱਖ ਸਿਆਸਤ ਬਿਊਰੋ
ਇਸਲਾਮਾਬਾਦ: ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕਿਹਾ ਕਿ ਉਸ ਵੱਲੋਂ ਗ੍ਰਿਫਤਾਰ ਭਾਰਤੀ ਜਾਸੂਸ ਕੁਲਭੂਸ਼ਨ ਜਾਧਵ ਨੂੰ ਭਾਰਤ ਦੇ ‘ਸਪੁਰਦ’ ਨਹੀਂ ਕੀਤਾ ਜਾਵੇਗਾ ਬਲਕਿ ਉਸ ਬਾਰੇ ਭਾਰਤ ਤੋਂ ਹੋਰ ਜਾਣਕਾਰੀ ਮੰਗੀ ਗਈ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸੈਨੇਟ ਦੇ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਪਿਛਲੇ ਸਾਲ ਮਾਰਚ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਜਾਸੂਸ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਕੇਸ ਤਿਆਰ ਕੀਤਾ ਜਾ ਰਿਹਾ ਹੈ। ਜਾਧਵ ਦੇ ਬਿਆਨਾਂ ਦੇ ਆਧਾਰ ‘ਤੇ ਹੋਰ ਜਾਣਕਾਰੀ ਲਈ ਭਾਰਤ ਨੂੰ ਸਵਾਲਾਂ ਦੀ ਸੂਚੀ ਵੀ ਸੌਂਪੀ ਗਈ ਹੈ।
ਸੈਨੇਟਰ ਤਲ੍ਹਾ ਮਹਿਮੂਦ ਨੇ ਅਜ਼ੀਜ਼ ਤੋਂ ਪੁੱਛਿਆ ਕਿ 2011 ਵਿੱਚ ਸੀਆਈਏ ਕੰਟਰੈਕਟਰ ਰੇਅਮੰਡ ਡੇਵਿਸ, ਜਿਸ ਨੇ ਲਾਹੌਰ ’ਚ ਦੋ ਵਿਅਕਤੀ ਮਾਰੇ ਸਨ, ਵਾਂਗ ਕੀ ਹੁਣ ਜਾਧਵ ਦੀ ਸਪੁਰਦਗੀ ਬਾਰੇ ਸਰਕਾਰ ਵੱਲੋਂ ਕੋਈ ਯੋਜਨਾ ਬਣਾਈ ਜਾ ਰਹੀ ਹੈ।
ਅਜ਼ੀਜ਼ ਨੇ ਇਸ ਗੱਲ ਨੂੰ ਰੱਦ ਕਰਦਿਆਂ ਕਿਹਾ, ‘ਸਰਕਾਰ ਵੱਲੋਂ ਭਾਰਤੀ ਜਾਸੂਸ ਦੀ ‘ਸਪੁਰਦਗੀ’ ਬਾਰੇ ਕਿਸੇ ਵੀ ਵਿਕਲਪ ਉਤੇ ਵਿਚਾਰ ਨਹੀਂ ਕੀਤਾ ਜਾ ਰਿਹਾ। ਅਸੀਂ ਐਫਆਈਆਰ ਤਿਆਰ ਕੀਤੀ ਹੈ ਅਤੇ ਪਾਕਿਸਤਾਨ ’ਚ ਅਤਿਵਾਦੀ ਗਤੀਵਿਧੀਆਂ ਕਰਨ ਸਬੰਧੀ ਬਦਨਾਮ ਭਾਰਤੀ ਖੁਫੀਆ ਏਜੰਸੀ ਰਾਅ ਦੇ ਅਫਸਰ ਜਾਧਵ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਕੇਸ ਦਰਜ ਕੀਤੇ ਜਾਣ ਦੀ ਪ੍ਰਕਿਰਿਆ ਜਾਰੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਇਸ ਭਾਰਤੀ ਏਜੰਟ ਨੇ ਅਤਿਵਾਦ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ।
ਸਬੰਧਤ ਖ਼ਬਰ:
ਪਾਕਿਸਤਾਨ ਨੇ ਆਪਣੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਲਈ ਭਾਰਤ ਵਿਰੁੱਧ ਡੋਜ਼ੀਅਰ ਬਣਾਇਆ …
Related Topics: Kulbhushan Jadhav, Pak India Relation, RAW