October 24, 2023 | By ਸਿੱਖ ਸਿਆਸਤ ਬਿਊਰੋ
ਸ੍ਰੀ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੀਆਂ ਚੋਣਾਂ ਕਰਵਾਉਣ ਵਾਸਤੇ ਵੋਟਾਂ ਬਣਾਉਣ ਦੀ ਕਾਰਵਾਈ 21 ਅਕਤੂਬਰ ਦੀ ਸ਼ੁਰੂ ਹੋ ਗਈ ਹੈ ਪਰ ਇਸ ਬਾਰੇ ਆਮ ਸਿੱਖ ਹਲਕਿਆਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ।
ਵੋਟਾਂ ਕਦੋਂ ਤੋਂ ਕਦੋਂ ਤੱਕ ਬਣਨਗੀਆਂ:
ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਦਫਤਰੀ ਪੱਤਰ ਅਨੁਸਾਰ ਸ਼੍ਰੋ. ਗੁ. ਪ੍ਰ. ਕ. ਦੀਆਂ ਵੋਟਾਂ ਬਣਾਉਣ ਵਾਸਤੇ ਫਾਰਮ 21 ਅਕਤੂਬਰ 2023 ਤੋਂ 15 ਨਵੰਬਰ 2023 ਤੱਕ ਭਰੇ ਜਾ ਸਕਦੇ ਹਨ। ਭਰੇ ਹੋਏ ਫਾਰਮ 15 ਨਵੰਬਰ ਤੋਂ ਪਹਿਲਾਂ-ਪਹਿਲਾਂ ਸਥਾਨਕ ਚੋਣ ਪਟਵਾਰੀ ਜਾਂ ਚੋਣ ਤਹਿਸੀਲਦਾਰ ਕੋਲ ਜਮ੍ਹਾਂ ਕਰਵਾਉਣੇ ਜਰੂਰੀ ਹਨ।
ਵੋਟਰ ਫਾਰਮ:
ਵੋਟਰ ਫਾਰਮ ਹਾਸਿਲ ਕਰਨਾ ਵੋਟ ਬਣਵਾਉਣ ਵਾਲੇ ਦੀ ਜਿੰਮੇਵਾਰੀ ਹੈ। ਇਹ ਫਾਰਮ ਸਥਾਨਕ ਚੋਣ ਤਹਿਸੀਲਦਾਰ ਜਾਂ ਪਟਵਾਰੀ ਕੋਲੋਂ ਵੀ ਹਾਸਿਲ ਕੀਤਾ ਜਾ ਸਕਦਾ ਹੈ।
ਅਦਾਰਾ ਸਿੱਖ ਸਿਆਸਤ ਦੇ ਪਾਠਕ ਸ਼੍ਰੋ.ਗੁ.ਪ੍ਰ.ਕ. ਦੇ ਵੋਟਰ ਫਾਰਮ ਇਹ ਤੰਦ ਛੂਹ ਕੇ ਲਾਹ ਸਕਦੇ ਹਨ।
ਫਾਰਮ ਨਾਲ ਕਿਹੜੇ ਦਸਤਾਵੇਜ਼ ਲਗਾਏ ਜਾਣ:
ਭਰੇ ਹੋਏ ਫਾਰਮ ਉੱਤੇ ਵੋਟਰ ਵੱਲੋਂ ਆਪਣੀ ਤਾਜਾ ਰੰਗੀਨ ਫੋਟੋ ਲਗਾਉਣੀ ਜਰੂਰੀ ਹੈ। ਇਸ ਫੋਟੋ ਉੱਤੇ ਵੋਟਰ ਦੇ ਆਪਣੇ ਦਸਤਖਤ ਕੀਤੇ ਜਾਣ ਭਾਵ ਸਵੈ-ਤਸਦੀਕ ਕੀਤੀ ਜਾਵੇ।
ਇਸੇ ਤਰ੍ਹਾਂ ਵੋਟਰ ਦੇ ਆਪਣੇ ਪਛਾਣ ਪੱਤਰ ਜਿਵੇਂ ਕਿ ਅਧਾਰ ਕਾਰਡ ਜਾਂ ਵੋਟਰ ਕਾਰਡ ਵਗੈਰਾ ਦੀ ਨਕਲ (ਫੋਟੋ ਕਾਪੀ) ਉੱਤੇ ਦਸਤਖਤ ਕਰਕੇ ਫਾਰਮ ਨਾਲ ਨੱਥੀ ਕਰਨੀ ਜਰੂਰੀ ਹੈ।
ਵੋਟ ਕੌਣ ਬਣਵਾ ਸਕਦਾ ਹੈ:
ਸ਼੍ਰੋ. ਗੁ. ਪ੍ਰ. ਕ. ਚੋਣਾਂ ਲਈ ਕੇਸਾਧਾਰੀ ਸਿੱਖਾਂ ਦੀ ਵੋਟ ਬਣਦੀ ਹੈ। ਵੋਟਰ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਵੋਟਰ ਕੇਸ ਜਾਂ ਦਾੜ੍ਹੀ ਨਹੀਂ ਕੱਟਦਾ ਹੋਣਾ ਚਾਹੀਦਾ ਅਤੇ ਤਮਾਕੂ, ਬੀੜੀ ਜਾਂ ਸ਼ਰਾਬ ਦਾ ਸੇਵਨ ਕਰਦਾ ਨਹੀਂ ਹੋਣਾ ਚਾਹੀਦਾ।
ਫਾਰਮ ਕਿਸ ਕੋਲ ਜਮ੍ਹਾਂ ਕਰਵਾਏ ਜਾਣ:
ਸਹੀ ਭਰੇ ਹੋਏ ਫਾਰਮ ਇਲਾਕੇ ਦੇ ਚੋਣ ਪਟਵਾਰੀ ਜਾਂ ਚੋਣ ਤਹਿਸੀਲਦਾਰ ਕੋਲ ਜਮਾਂ ਕਰਵਾਏ ਜਾਣ। ਫਾਰਮ ਜਮ੍ਹਾਂ ਕਰਵਾ ਕੇ ਪਟਵਾਰੀ/ਤਹਿਸੀਲਦਾਰ ਕੋਲੋਂ ਫਾਰਮ ਜਮ੍ਹਾ ਹੋਣ ਦੀ ਰਸੀਦ ਜਰੂਰ ਲਵੋ। ਤੁਸੀਂ ਫਾਰਮ ਦੀ ਨਕਲ (ਫੋਟੋਕਾਪੀ) ਕਰਵਾ ਕੇ ਫਾਰਮ ਦੇ ਨਾਲ ਲਿਜਾ ਸਕਦੇ ਹੋ ਅਤੇ ਫਾਰਮ ਜਮ੍ਹਾਂ ਕਰਵਾ ਕੇ ਇਸ ਇਸ ਦੀ ਨਕਲ ਉੱਤੇ ਅਫਸਰ (ਪਰਵਾਰੀ/ਤਹਿਸੀਲਦਾਰ) ਤੋਂ ਸਹੀ (ਰਸੀਵਿੰਗ) ਪਵਾ ਲਓ ਜੋ ਇਸ ਗੱਲ ਦਾ ਪ੍ਰਮਾਣ ਹੋਵੇਗੀ ਕਿ ਤੁਸੀਂ ਫਾਰਮ ਜਮ੍ਹਾ ਕਰਵਾ ਦਿੱਤਾ ਹੈ।
ਸਿੱਖ ਸਿਆਸਤ ਵੱਲੋਂ ਸ਼੍ਰੋ.ਗੁ.ਪ੍ਰ.ਕ. ਦੀਆਂ ਵੋਟਾਂ ਬਾਰੇ ਅਸੀਂ ਸਮੇਂ-ਸਮੇਂ ਸਿਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਅਦਾਰੇ ਨਾਲ ਜੁੜੇ ਰਹਿਣ ਲਈ ਸਿੱਖ ਸਿਆਸਤ ਦੇ ਵਟਸਐਪ ਚੈਨਲ ਨਾਲ ਜੁੜੋ (ਫਾਲੋ ਕਰੋ) ਅਤੇ ਸਿੱਖ ਸਿਆਸਤ ਜੁਗਤ (ਐਪ) ਹਾਸਿਲ ਕਰੋ।
Follow Sikh Siyasat WhatsApp Channel
Get Sikh Siyasat App for iPhone & Android
Related Topics: SGPC chief elections, SGPC Elections, Shiromani Gurdwara Parbandhak Committee (SGPC)