ਚੰਡੀਗੜ੍ਹ – ਅੰਮ੍ਰਿਤਸਰ ਸਥਿਤ ਫਲਾਂ ਅਤੇ ਸਬਜੀਆਂ ਦੇ ਵਪਾਰੀਆਂ ਦੀ ਯੂਨੀਅਨ ਵੱਲੋਂ ਇੰਡੀਆ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਆਪਸ ਵਿੱਚ ਗੱਲਬਾਤ ਕਰ ਕੇ ਅਟਾਰੀ ਵਾਹਗਾ ਸਰਹੱਦ ਰਾਹੀਂ ਫਲਾਂ ਤੇ ਸਬਜ਼ੀਆਂ ਦਾ ਵਪਾਰ ਫੌਰੀ ਤੌਰ ਉੱਤੇ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਹੈ।
2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਇੰਡੀਆ ਨੇ ਪਾਕਿਸਤਾਨ ਤੋਂ ਆਉਣ ਵਾਲੀਆਂ ਚੀਜਾਂ ਉੱਤੇ 200% ਦਰਾਮਦ ਚੂੰਗੀ (ਇੰਪੋਰਟ ਡਿਊਟੀ) ਲਗਾ ਦਿੱਤੀ ਸੀ। ਉਸੇ ਸਾਲ ਹੀ ਜਦੋਂ ਇੰਡੀਆ ਨੇ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰ ਦਿੱਤੀ ਤਾਂ ਪਾਕਿਸਤਾਨ ਨੇ ਵੀ ਇੰਡੀਆ ਨਾਲ ਵਪਾਰ ਮੁਅੱਤਲ ਕਰ ਦਿੱਤਾ। ਵਪਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਆਏ ਹੜ੍ਹਾਂ ਦੇ ਕਾਰਨ ਉਥੇ ਫਲਾਂ ਅਤੇ ਸਬਜੀਆਂ ਦੀ ਵਧ ਰਹੀ ਮੰਗ ਨੂੰ ਵੇਖਦਿਆਂ ਇਨ੍ਹਾਂ ਚੀਜਾਂ ਦਾ ਵਪਾਰ ਫੌਰੀ ਤੌਰ ਉੱਤੇ ਕਰਨ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ। ਖਬਰਾਂ ਹਨ ਕਿ ਪਾਕਿਸਤਾਨ ਦੇ ਲੋਕ ਵੀ ਇਸ ਵਪਾਰ ਨੂੰ ਛੇਤੀ ਸ਼ੁਰੂ ਕਰਨ ਦੇ ਹੱਕ ਵਿੱਚ ਹਨ ਕਿਉਂਕਿ ਹੜ੍ਹਾਂ ਕਾਰਨ ਪਾਕਿਸਤਾਨ ਵਿਚ ਜਰੂਰੀ ਵਸਤਾਂ ਦੀ ਮਹਿੰਗਾਈ ਬਹੁਤ ਹੀ ਜਿਨ੍ਹਾਂ ਜਿਆਦਾ ਵਧ ਗਈ ਹੈ।