ਤਲਵੰਡੀ ਸਾਬੋ: ਸਿੱਖ ਵਿਚਾਰਕ ਭਾਈ ਸੇਵਕ ਸਿੰਘ ਦੀ ਪਲੇਠੀ ਕਿਤਾਬ “ਸ਼ਬਦ ਜੰਗ” 28 ਅਪ੍ਰੈਲ ਨੂੰ ਗੁਰਦੁਆਰਾ ਜੰਡਸਰ ਸਾਹਿਬ, ਤਲਵੰਡੀ ਸਾਬੋ ਵਿਖੇ ਹੋਣ ਵਾਲੇ ਇੱਕ ਸਮਾਗਮ ਦੌਰਾਨ ਰਸਮੀ ਤੌਰ ਤੇ ਜਾਰੀ ਕੀਤੀ ਜਾਵੇਗੀ। ਇਹ ਜਾਣਕਾਰੀ ਲੱਖੀ ਜੰਗਲ ਖਾਲਸਾ ਜਥਾ ਵੱਲੋਂ ਜਾਰੀ ਕੀਤੇ ਇੱਕ ਇਸ਼ਤਿਹਾਰ ਵਿੱਚ ਸਾਂਝੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ 28 ਅਪ੍ਰੈਲ ਨੂੰ ਸਵੇਰੇ 10 ਵਜੇ ਗੁਰਦੁਆਰਾ ਜੰਡਸਰ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਤੇ ਭੋਗ ਪਾਏ ਜਾਣਗੇ ਜਿਸ ਉਪਰੰਤ ਹੋਣ ਵਾਲੇ ਸਮਾਗਮ ਵਿੱਚ ਸ਼ਬਦ ਜੰਗ ਕਿਤਾਬ ਜਾਰੀ ਕੀਤੀ ਜਾਵੇਗੀ।
ਡਾ. ਸੇਵਕ ਸਿੰਘ ਦੀ ਲਿਖੀ ਕਿਤਾਬ “ਸ਼ਬਦ ਜੰਗ” ਹੈ ਪੰਜ ਭਾਗਾਂ ਵਿਚ ਵੰਡੀ ਹੋਈ ਹੈ। ਇਹ ਪੰਜ ਭਾਗ ਹਨ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ। ਕਿਤਾਬ ਦੇ ਪੰਜ ਭਾਗਾਂ ਵਿਚ ਕੁੱਲ ਛੱਤੀ ਪਾਠ ਹਨ।
ਜਿਸ ਦੌਰ ਵਿੱਚ ਅਸੀਂ ਜਿਓਂ ਰਹੇ ਹਾਂ ਓਥੇ ਸ਼ਬਦ ਜੰਗ ਵਿਸ਼ੇ ਦੀ ਬੇਹੱਦ ਸਾਰਥਕਤਾ ਹੈ। ਵਿਸ਼ੇ, ਮੁਹਾਵਰੇ, ਸ਼ੈਲੀ ਅਤੇ ਪਹੁੰਚ ਵਜੋਂ ਇਹ ਆਪਣੀ ਤਰ੍ਹਾਂ ਦੀ ਨਵੇਕਲੀ ਕਿਤਾਬ ਹੈ। ਸਾਡੀ ਨਜ਼ਰੇ ਸਥਾਪਿਤ ਸੱਤਾ ਅਤੇ ਤਾਕਤਾਂ ਨਾਲ ਲੜਨ ਵਾਲੀਆਂ ਧਿਰਾਂ ਲਈ ਇਹ ਰਾਹਤ ਦੇਣ ਵਾਲੀ ਹੈ ਅਤੇ ਸੱਤਾਧਾਰੀ ਅਤੇ ਝੂਠੀਆਂ ਧਿਰਾਂ ਲਈ ਸਿਰਦਰਦੀ ਖੜ੍ਹੀ ਕਰਨ ਵਾਲੀ ਵੀ ਹੋ ਸਕਦੀ ਹੈ। ਸੱਤਾ ਸਦਾ ਹੀ ਲੜਨ ਵਾਲੀਆਂ ਧਿਰਾਂ ਨੂੰ ਬਹੁਭਾਂਤ ਦੇ ਸਿੱਧੇ-ਅਸਿੱਧੇ, ਹੋਛੇ ਅਤੇ ਉਲਝਾਊ ਸਵਾਲਾਂ ਨਾਲ ਘੇਰਦੀ ਹੈ। ਇਹ ਕਿਤਾਬ ਇਸ ਵਰਤਾਰੇ ਨੂੰ ਸਮਝਣ-ਸਮਝਾਉਣ ਦੇ ਰਾਹ ਤੋਰਨ ਵਾਲੀ ਹੈ।
ਲੜਨ ਵਾਲੀਆਂ ਧਿਰਾਂ (ਜਿਹਨਾਂ ਨੂੰ ਕਿਤਾਬ ਵਿੱਚ ਜੰਗਜੂ ਕਿਹਾ ਗਿਆ ਹੈ), ਹਥਿਆਰਬੰਦ ਸੰਘਰਸ਼ ਵਿਚ ਪਛੜ ਜਾਣ ਤੋਂ ਬਾਅਦ ਸਦਾ ਹੀ ਅੰਦਰਲੇ ਵਿਰੋਧਾਂ ਅਤੇ ਬਾਹਰਲੇ ਹਮਲਿਆਂ ਦਾ ਦੁਵੱਲਾ ਸ਼ਿਕਾਰ ਹੋ ਜਾਂਦੀਆਂ ਹਨ। ਉਹਨਾਂ ਵਿਰੋਧਾਂ ਦੇ ਕਿਹੜੇ ਕਾਰਨ ਹੁੰਦੇ ਹਨ ਅਤੇ ਉਹਨਾਂ ਦੇ ਕਿਹੜੇ ਰੂਪ ਹੁੰਦੇ ਨੇ ਅਤੇ ਉਹ ਵਿਰੋਧ ਕਿਹੜੇ ਕਿਹੜੇ ਥਾਵਾਂ ਤੋਂ ਉੱਠਦੇ ਹਨ ਅਤੇ ਉਹਨਾਂ ਨੂੰ ਤੂਲ ਦੇਣ ਵਾਲੇ ਕਿਹੜੇ ਲੋਕ ਹੁੰਦੇ ਹਨ। ਇਸ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਇਹ ਕਿਤਾਬ ਬੰਦੇ ਨੂੰ ਕੁਝ ਰਸਤੇ ਦਿੰਦੀ ਹੈ।
ਜੰਗਜੂ ਧਿਰਾਂ ਦੇ ਬਿਜਲ-ਸੱਥੀ ਸੰਸਾਰ ਵਿੱਚ ਦਾਖਲ ਹੋ ਜਾਣ ਤੋਂ ਬਾਅਦ ਸ਼ਬਦ ਜੰਗ ਦੀ ਅਹਿਮੀਅਤ ਨੂੰ ਜਾਣਨਾ ਬੇਹੱਦ ਜਰੂਰੀ ਹੋ ਗਿਆ। ਇਸ ਕਿਤਾਬ ਦਾ ਦਾਅਵਾ ਹੈ ਕਿ ਸ਼ਬਦ ਜੰਗ ਹਥਿਆਰਬੰਦ ਜੰਗ ਨਾਲੋਂ ਵੱਡੀ ਹੁੰਦੀ ਹੈ, ਸਗੋਂ ਹਥਿਆਰਬੰਦ ਜੰਗ ਸ਼ਬਦ ਜੰਗ ਦਾ ਇੱਕ ਛੋਟਾ ਹਿੱਸਾ ਹੈ। ਹੁਣ ਜੰਗਜੂ ਧਿਰਾਂ ਸ਼ਬਦ ਜੰਗ ਤੋਂ ਕਿਨਾਰਾ ਨਹੀਂ ਕਰ ਸਕਦੀਆਂ ਬਲਕਿ ਇੱਕੋ ਇੱਕ ਰਾਹ ਇਸ ਨੂੰ ਸਮਝਣ ਦਾ ਹੈ। ਇਹ ਕਿਤਾਬ ਇਸੇ ਤਰ੍ਹਾਂ ਦੀ ਸਮਝ ਬਣਾਉਣ ਦੀ ਸਿਧਾਂਤਕਾਰੀ ਹੈ।
ਸ਼ਬਦ ਜੰਗ ਕਿਤਾਬ ਹੁਣ ਤੁਸੀਂ ਸਿੱਖ ਸਿਆਸਤ ਰਾਹੀਂ ਦੁਨੀਆਂ ਭਰ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ। ਇਹ ਕਿਤਾਬ ਹੁਣੇ ਮੰਗਵਾਉਣ ਲਈ ਸਿੱਖ ਸਿਆਸਤ ਦੇ ਕਿਤਾਬਾਂ ਵਾਲੇ ਵਟਸਐਪ ਨੰਬਰ ਉੱਤੇ ਸੰਪਰਕ ਕਰੋ: +918968225990