ਸ. ਰਾਜਵਿੰਦਰ ਸਿੰਘ ਰਾਹੀ ਵੱਲੋਂ ਲਿਖੀ ਗਈ ਕਿਤਾਬ ਕਾਮਾਗਾਟਾ ਮਾਰੂ ਦਾ ਅਸਲੀ ਸੱਚ 28 ਸਤੰਬਰ 2016 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਜਾਰੀ ਕੀਤੀ ਗਈ। ਇਸ ਕਿਤਾਬ ਦੇ ਪਿਛਲੇ ਸਰਵਰਕ ‘ਤੇ ਸਿੱਖ ਇਤਿਹਾਸਕਾਰ ਤੇ ਚਿੰਤਕ ਭਾਈ ਅਜਮੇਰ ਸਿੰਘ ਵੱਲੋਂ ਕਿਤਾਬ ਬਾਰੇ ਲਿਖੀ ਇਕ ਟਿੱਪਣੀ ਛਾਪੀ ਗਈ ਹੈ। ਅਸੀਂ ਸਿੱਖ ਸਿਆਸਤ ਦੇ ਪਾਠਕਾਂ ਲਈ ਇਹ ਟਿੱਪਣੀ ਹੇਠਾਂ ਸਾਂਝੀ ਕਰ ਰਹੇ ਹਾਂ: ਸੰਪਾਦਕ।
ਕਾਮਾਗਾਟਾਮਾਰੂ ਜਹਾਜ਼ ਦੇ ਸਾਕੇ ਨੂੰ ਵਾਪਰਿਆ ਸੌ ਸਾਲ ਬੀਤ ਗਿਆ ਹੈ। ਇਸ ਬਾਰੇ ਬਹੁਤ ਸਾਰੀਆਂ ਲਿਖਤਾਂ ਅਤੇ ਕਿਤਾਬਾਂ ਛਪ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਅਜੇ ਵੀ ਇਸ ਸਾਕੇ ਬਾਰੇ ਸਹੀ ਤੇ ਪੂਰੀ ਸੱਚਾਈ ਸਾਹਮਣੇ ਨਹੀਂ ਆਈ। ਇਸ ਮਾਮਲੇ ਵਿਚ ਲੇਖਕਾਂ ਦੀਆਂ ਨਿਜੀ ਸੀਮਤਾਈਆਂ ਨਾਲੋਂ, ਉਨ੍ਹਾਂ ਦਾ ਵਿਚਾਰਧਾਰਕ ਤੇ ਰਾਜਨੀਤਕ ਦ੍ਰਿਸ਼ਟੀਕੋਣ ਸਭ ਨਾਲੋਂ ਵੱਡੀ ਰੁਕਾਵਟ ਬਣ ਜਾਂਦਾ ਹੈ। ਜਦੋਂ ਇਤਿਹਾਸਕ ਘਟਨਾਵਾਂ ਨੂੰ ਇਕ ਖਾਸ ਵਿਚਾਰਧਾਰਕ ਦ੍ਰਿਸ਼ਟੀਕੋਣ, ਜਿਹੜਾ ਵੇਲੇ ਦੇ ਰਾਜ ਦੀ ਵਿਚਾਰਧਾਰਾ ਦੇ ਅਨੁਕੂਲ ਹੁੰਦਾ ਹੈ, ਤੋਂ ਵੇਖਿਆ, ਪਰਖਿਆ ਤੇ ਪੇਸ਼ ਕੀਤਾ ਜਾਂਦਾ ਹੈ ਤਾਂ ਅਧੂਰਾ ਜਾਂ ਇਕਪਾਸੜ ਸੱਚ ਹੀ ਸਾਹਮਣੇ ਆਉਂਦਾ ਹੈ। ਜਿਹੜਾ ਸੱਚ ਵੇਲੇ ਦੀ ਭਾਰੂ ਰਾਜਸੀ ਵਿਚਾਰਧਾਰਾ ਲਈ ਮੁਆਫ਼ਿਕ ਨਹੀਂ ਹੁੰਦਾ, ਉਹ ਹਨੇਰੇ ਵਿਚ ਰਹਿ ਜਾਂਦਾ ਹੈ। ਕਾਮਾਗਾਟੂ ਮਾਰੂ ਕਾਂਡ ਨਾਲ ਜਾਣੇ ਜਾਂਦੇ ਸਾਕੇ ਨਾਲ ਵੀ ਅਜਿਹਾ ਹੀ ਵਾਪਰਿਆ ਹੈ। ਅਜੇ ਤੱਕ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਸ ਜਹਾਜ਼ੀ ਮੁਹਿੰਮ ਦੇ ਮੋਢੀ ਬਾਬਾ ਗੁਰਦਿੱਤ ਸਿੰਘ ਦੀ ਸਖ਼ਸ਼ੀਅਤ ਤੇ ਨਿਸ਼ਠਾ ਕਿਹੋ ਜਿਹੀ ਸੀ। ਇਹ ਵੀ ਬਹੁਤ ਘੱਟ ਪਤਾ ਹੈ ਕਿ ਜਹਾਜ਼ ਚਲਾਉਣ ਤੋਂ ਪਹਿਲਾਂ ਉਹਨਾਂ ਵੱਲੋਂ ‘ਸ੍ਰੀ ਗੁਰੂ ਨਾਨਕ ਦੇਵ ਨੇਵੀਗੇਸ਼ਨ ਕੰਪਨੀ’ ਸਥਾਪਿਤ ਕੀਤੀ ਗਈ ਸੀ ਅਤੇ ਜਪਾਨੀ ਕੰਪਨੀ ਕੋਲੋਂ ਕਾਮਾਗਾਟਾ ਮਾਰੂ ਨਾਂਅ ਦਾ ਜੋ ਜਹਾਜ਼ ਕਿਰਾਏ ਉਪਰ ਲਿਆ ਗਿਆ ਸੀ, ਹਾਂਗਕਾਂਗ ਦੇ ਗੁਰਦੁਆਰੇ ਵਿਚ ਸ੍ਰੀ ਆਖੰਡ ਪਾਠ ਕਰਵਾਕੇ ਉਸਦਾ ਨਾਂਅ ‘ਸ੍ਰੀ ਗੁਰੂ ਨਾਨਕ ਜਹਾਜ਼’ ਰੱਖਿਆ ਗਿਆ ਸੀ। ਹੁਣ ਤੱਕ ਲਿਖੀਆਂ ਗਈਆਂ ਜ਼ਿਆਦਾਤਰ ਪੁਸਤਕਾਂ ਅਤੇ ਲਿਖਤਾਂ ਵਿਚ ‘ਗੁਰੂ ਨਾਨਕ ਜਹਾਜ਼’ ਦਾ ਨਾਂਅ ਭੁੱਲ-ਭੁਲਾ ਦਿੱਤਾ ਗਿਆ ਹੈ ਅਤੇ ‘ਕਾਮਾਗਾਟਾ ਮਾਰੂ ਦਾ ਕੁਢੱਬਾ ਜਿਹਾ ਜਪਾਨੀ ਨਾਂਅ ਪ੍ਰਚਲਿਤ ਕਰ ਦਿੱਤਾ ਗਿਆ ਹੈ। ਇਸ ਜਹਾਜ਼ੀ ਮੁਹਿੰਮ ਦੇ ਮੋਢੀਆਂ ਦੀ ਅਸਲੀ ਤੇ ਨਿਆਰੀ ਸਭਿਆਚਾਰਕ ਹਸਤੀ, ਸਰਵ-ਵਿਆਪਕ (ਯੂਨੀਵਰਸਲ) ਭਾਸ਼ਾ ਨਾਲ ਕਤਲ ਕਰ ਦਿਤੀ ਗਈ ਹੈ। ਸ. ਰਾਜਵਿੰਦਰ ਸਿੰਘ ਰਾਹੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਗ਼ਦਰ ਪਾਰਟੀ ਬਾਰੇ ਹੁਣ ਤਕ ਅਣਗੌਲੇ ਕੀਤੇ ਗਏ ਤੱਥ ਸਾਹਮਣੇ ਲਿਆ ਕੇ ਇਸ ਲਹਿਰ ਦੇ ਇਤਿਹਾਸ ਤੋਂ ਕੂੜ ਦੀ ਗਰਦ ਝਾੜਨ ਦਾ ਪ੍ਰਸ਼ੰਸਾਯੋਗ ਬੌਧਿਕ ਕਾਰਜ ਕੀਤਾ ਹੈ, ਨੇ ਬੜੀ ਖੋਜ ਅਤੇ ਮਿਹਨਤ ਕਰਕੇ ਗੁਰੂ ਨਾਨਕ ਜਹਾਜ਼ ਦੀ ਸਾਰੀ ਮੁਹਿੰਮ ਨੂੰ ਨਵੇਂ ਸਿਿਰਓ ਤੇ ਨਵੀਂ ਦ੍ਰਿਸ਼ਟੀ ਤੋਂ ਕਲਮਬੰਦ ਕੀਤਾ ਹੈ ਜਿਸ ਨਾਲ ਨਵੇਂ ਤੱਥ ਅਤੇ ਸੱਚ ਉਘੜ ਕੇ ਸਾਹਮਣੇ ਆਏ ਹਨ। ਇਹ ਪੁਸਤਕ ‘ਇਤਿਹਾਸਕ ਤੱਥ ਅਤੇ ਕਲਪਨਾ’ (Historic Fact and Imagination) ਦਾ ਅਨੋਖਾ ਸੁਮੇਲ ਹੈ। ਮੈਨੂੰ ਉਮੀਦ ਹੈ ਕਿ ਖ਼ਾਲਸਾ ਪੰਥ ਇਸ ਪੁਸਤਕ ਦਾ ਪੁਰਜੋਸ਼ ਸੁਆਗਤ ਕਰੇਗਾ। – ਅਜਮੇਰ ਸਿੰਘ
ਸ. ਰਾਜਵਿੰਦਰ ਸਿੰਘ ਰਾਹੀ ਵੱਲੋਂ ਲਿਖੀ ਗਈ ਕਿਤਾਬ “ਕਾਮਾਗਾਟਾ ਮਾਰੂ ਦਾ ਅਸਲੀ” ਹੁਣ ਤੁਸੀਂ 10% ਛੂਟ (10% Discount) ਉੱਤੇ ਘਰ ਬੈਠੇ ਹੀ ਖਰੀਦ ਸਕਦੇ ਹੋ। ਕਿਤਾਬ ਖਰੀਦਣ ਲਈ ਇਕ ਪੰਨਾ ਖੋਲ੍ਹੋ:- http://www.amazon.in/dp/9352044584