ਸਿੱਖ ਜਗਤ ਦੀਆਂ ਖਬਰਾਂ:
ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਆਵਾਜ਼ ਉੱਤੇ ਸਾਰੀ ਦੁਨੀਆਂ ਵਿਚ ਸਾਡਾ ਹੱਕ : ਪੀਟੀਸੀ ਚੈਨਲ
- ਪੀਟੀਸੀ ਚੈਨਲ ਨੇ ਸ਼੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਤੋਂ ਆਉਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਸਿੱਖ ਸਿਆਸਤ ਵਲੋਂ ਰੋਜ਼ਾਨਾ ਆਪਣੀ ਫੇਸਬੁੱਕ ਤੇ ਯੂ-ਟਿਊਬ ਚੈਨਲ ਰਾਹੀ ਸਿੱਖ ਸੰਗਤਾਂ ਲਈ ਸਾਂਝਾ ਕਰਨ ਤੇ ਇਤਰਾਜ਼ ਦਰਜ ਕਰਵਾਇਆ ਹੈ।
- ਪੀਟੀਸੀ ਨੇ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਹੁਕਮਨਾਮਾ ਸਾਂਝਾ ਕਰਨ ਤੋਂ ਰੁਕਵਾਇਆ ਹੈ।
- ਪੀਟੀਸੀ ਨੇ ਦਾਅਵਾ ਕੀਤਾ ਹੈ ਕਿ ਹੁਕਮਨਾਮੇ ਦੀ ਆਵਾਜ਼ ਉੱਤੇ ਸਾਰੀ ਦੁਨੀਆਂ ਵਿਚ ਸਿਰਫ ਸਾਡਾ ਹੱਕ ਹੈ।
- ਸਿੱਖ ਸਿਆਸਤ ਵਲੋਂ ਮੋੜਵਾ ਦਾਅਵਾ ਪੇਸ਼ ਕੀਤਾ ਗਿਆ ਕਿ ਹੁਕਮਨਾਮਾ ਸਾਹਿਬ ਸਰਬ-ਸਾਂਝਾ(ਪਬਲਿਕ ਡੋਮੇਨ ਵਿੱਚ) ਹੈ ਤੇ ਕਿਸੇ ਅਦਾਰੇ ਦੀ ਜਾਗੀਰ ਨਹੀਂ ਹੈ।
- ਸਿੱਖ ਸਿਆਸਤ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਹੁਕਮਨਾਮਾ ਸਾਹਿਬ ਦੀ ਆਵਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਵੈਬਸਾਈਟ ਤੋਂ ਹਾਸਲ ਕਰਦੇ ਹਾਂ ਜਿੱਥੇ ਕਿ ਇਹ ਸਰਬ ਸੰਗਤ ਲਈ ਪਾਈ ਜਾਂਦੀ ਹੈ।
- ਫੇਸਬੁੱਕ ਨੇ ਨੇ ਪੀਟੀਸੀ ਨੂੰ ਇਸ ਜਵਾਬ ਬਾਰੇ ਆਪਣਾ ਪੱਖ ਰੱਖਣ ਲਈ 16 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ।
ਬਾਬਾ ਚਰਨ ਸਿੰਘ ਕਾਰ ਸੇਵਾ ਅਤੇ ਪੰਜ ਹੋਰ ਸਿੱਖਾਂ ਨੂੰ ਕਤਲ ਕਰਨ ਦਾ ਮਾਮਲਾ
- ਇੰਸਪੈਕਟਰ ਸੂਬਾ ਸਿੰਘ (ਜੋ ਤਾਕਤ ਦੇ ਨਸ਼ੇ ਵਿਚ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਹੁੰਦਾ ਸੀ) ਨੂੰ ਲੰਘੇ 9 ਜਨਵਰੀ ਨੂੰ ਦੋ ਵੱਖ ਵੱਖ ਕੇਸਾਂ ਵਿੱਚ ਦਸ ਦਸ ਸਾਲ ਸਜਾ ਸੁਣਾਈ ਗਈ।
- ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਕੇਸ ਸਮੇਤ ਸੀਬੀਆਈ ਸਪੈਸ਼ਲ ਕੋਰਟ ਵੱਲੋਂ ਪੰਜ ਕੇਸਾਂ ਦਾ ਫੈਸਲਾ ਸੁਣਾਇਆ ਗਿਆ ਸੀ।
- ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਨੂੰ ਦੋ ਸਜਾਵਾਂ ਵੱਖ ਵੱਖ ਕੱਟਣੀਆਂ ਪੈਣਗੀਆਂ।
- ਇਕ ਸਜਾ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਕੇਸ ਵਿਚ ਸੁਣਾਈ ਗਈ ਹੈ ਅਤੇ ਦੂਜੀ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਭਰਾ ਮੇਜਾ ਸਿੰਘ ਦੇ ਕੇਸ ਵਿਚ।
ਖਬਰਾਂ ਦੇਸ ਪੰਜਾਬ ਦੀਆਂ:
- ਲੁਧਿਆਣਾ ਦੀ ਅਦਾਲਤ ਵੱਲੋਂ ਡੀਐਸਪੀ ਕੰਵਰਪਾਲ ਸਿੰਘ, ਏਐਸਆਈ ਗੁਰਮੀਤ ਸਿੰਘ, ਰਾਮਜੀ ਦਾਸ, ਮਨਜਿੰਦਰ ਸਿੰਘ ਤੇ ਹੈਡ ਕਾਂਸਟੇਬਲ ਭਗਤ ਸਿੰਘ ਨੂੰ ਸਿੱਧਵਾਂ ਬੇਟ ਦੇ ਨੌਜਵਾਨ ਬਲਜੀਤ ਸਿੰਘ ਨੂੰ ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ੀ ਪਾਇਆ ਗਿਆ ਹੈ।
ਪੀਲੀਭੀਤ ਵਿੱਚ 55 ਸਿੱਖਾਂ ਤੇ ਕੇਸ ਦਰਜ ਕਰਨ ਦਾ ਮਾਮਲਾ
- ਅਕਾਲੀ ਦਲ ਬਾਦਲ ਵੱਲੋਂ ਤਿੰਨ ਮੈਂਬਰੀ ਵਫ਼ਦ ਉਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਮਿਲਣ ਲਈ ਗਿਆ।
- ਵਫ਼ਦ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਕੁਮਾਰ ਗੁਜਰਾਲ ਸ਼ਾਮਿਲ ਸਨ।
- ਇਨ੍ਹਾਂ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਵੀਰਵਾਰ ਨੂੰ ਪੀਲੀਭੀਤ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਗੱਲਬਾਤ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਮੁਤਾਬਿਕ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਨਗਰ ਕੀਰਤਨ ਦੌਰਾਨ ਕੇਸ ਦਰਜ ਕਰਨੇ ਉਨ੍ਹਾਂ ਦੀ ਗਲਤੀ ਸੀ ਅਤੇ ਇਹ ਕੇਸ ਵਾਪਸ ਲਏ ਜਾਣਗੇ।
25 ਜਨਵਰੀ ਨੂੰ ਮੁਕੰਮਲ ਤੌਰ ਤੇ ਪੰਜਾਬ ਬੰਦ ਕਰਨ ਦਾ ਸੱਦਾ
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਨੇ 25 ਜਨਵਰੀ ਨੂੰ ਮੁਕੰਮਲ ਤੌਰ ਤੇ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਹੈ।
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਬੰਦ ਭਾਜਪਾ ਦੇ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ, ਮੋਦੀ ਸਰਕਾਰ ਦੇ ਲੋਕ ਵਿਰੋਧੀ ਕਾਨੂੰਨਾਂ ਅਤੇ ਸੰਵਿਧਾਨਕ ਬੇਇਨਸਾਫੀਆਂ ਵਿਰੁੱਧ ਹੋਵੇਗਾ।
ਹਲਵਾਰਾ ਹਵਾਈ ਪੱਟੀ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਉਣ ਦਾ ਮਾਮਲਾ
- ਭਾਰਤੀ ਹਵਾਈ ਫੌਜ ਦੀ ਹਲਵਾਰਾ ਹਵਾਈ ਪੱਟੀ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਉਣ ਲਈ ਪਿੰਡ ਐਤੀਆਣਾ ਦੇ ਕਿਸਾਨਾਂ ਤੋਂ 161.27 ਏਕੜ ਜ਼ਮੀਨ ਲੈਣ ਦੀ ਯੋਜਨਾ ਤਹਿਤ ਪਿੰਡ ਦੀ ਸਹਿਕਾਰੀ ਸਭਾ ਵਿੱਚ ਜਨਤਕ ਸੁਣਵਾਈ ਕੀਤੀ ਗਈ।
- ਇਸ ਮੌਕੇ ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਹੋਇਆ ਸੁਧਾਰ, ਜੋਧਾਂ ਅਤੇ ਥਾਣਾ ਦਾਖਾ ਦੀ ਪੁਲਸ ਵੱਡੀ ਗਿਣਤੀ ਵਿਚ ਤੈਨਾਤ ਕੀਤੀ ਗਈ।
- ਇਸ ਮੌਕੇ ਕਿਸਾਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਸਪੱਸ਼ਟ ਰੂਪ ਵਿਚ ਕਿਹਾ ਕਿ ਉਹ ਜ਼ਮੀਨਾਂ ਦੇਣ ਦੀ ਥਾਂ ਤੇ ਆਪਣੀਆਂ ਜਾਨਾਂ ਦੇਣ ਨੂੰ ਤਰਜੀਹ ਦੇਣਗੇ।
- ਕਿਸਾਨਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦਾ ਉਜਾੜਾ ਨਾ ਕਰੇ ਅਤੇ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ।
ਖ਼ਬਰਾਂ ਭਾਰਤੀ ਉਪ ਮਹਾਂਦੀਪ ਦੀਆਂ
ਨਾਗਰਿਕਤਾ ਸੋਧ ਕਾਨੂੰਨ ਲਾਗੂ
- ਭਾਰਤ ਵਿੱਚ ਲਾਗੂ ਹੋਇਆ ਨਾਗਰਿਕਤਾ ਸੋਧ ਕਾਨੂੰਨ।
- ਭਾਰਤ ਦੀ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੇ ਨੇ ਇਸ ਬਾਰੇ ਸੂਚਨਾ ਜਾਰੀ ਕੀਤੀ।
- ਸੂਚਨਾ ਵਿੱਚ ਗ੍ਰਹਿ ਵਿਭਾਗ ਨੇ ਕਿਹਾ ਕਿ 10 ਜਨਵਰੀ 2020 ਤੋਂ ਇਹ ਕਾਨੂੰਨ ਸਾਰੇ ਭਾਰਤ ਵਿੱਚ ਪ੍ਰਭਾਵਸ਼ਾਲੀ ਹੋਵੇਗਾ ਜਿਸ ਦੇ ਤਹਿਤ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਗ਼ੈਰ ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ।
ਜੇਐਨਯੂ ਵਿੱਚ ਹੋਏ ਹਮਲੇ ਦਾ ਮਾਮਲਾ
- ਜੇਐਨਯੂ ਵਿੱਚ ਹੋਏ ਹਮਲੇ ਦਾ ਮਾਮਲਾ
- ਦਿੱਲੀ ਪੁਲਸ ਨੇ ਉਨ੍ਹਾਂ ਹੀ ਵਿਦਿਆਰਥੀਆਂ ਨੂੰ ਹਮਲਾਵਰ ਦੱਸਿਆ ਜਿਨ੍ਹਾਂ ਉੱਤੇ ਹਮਲਾ ਹੋਇਆ ਸੀ।
- ਪੁਲੀਸ ਨੇ ਨੌਂ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਵੀ ਹਮਲਾਵਰਾਂ ਵਿੱਚ ਸ਼ਾਮਲ ਸੀ।
- ਪੁਲਸ ਮੁਤਾਬਕ ਇਨ੍ਹਾਂ 9 ਵਿੱਚ 7 ਖੱਬੇ ਪੱਖੀ ਅਤੇ 2 ਜਾਣੇ ਸੱਜੇ ਪੱਖੀ ਵਿਦਿਆਰਥੀ ਸੰਗਠਨਾਂ ਦੇ ਹਨ।
- ਇਸ ਬਾਰੇ ਵਿਰੋਧੀ ਧਿਰਾਂ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਸਾਰੀ ਜਾਂਚ ਫਰਜ਼ੀ ਹੈ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਹੋ ਰਹੀ ਹੈ।
- ਇਸ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀ ਉਪ ਕੁਲਪਤੀ ਨੂੰ ਹਟਾਉਣ ਦੀ ਮੰਗ ਤੇ ਅੜੇ ਹੋਏ ਹਨ।
ਭਾਰਤੀ ਸੁਪਰੀਮ ਕੋਰਟ ਨੇ ਸਾਰੇ ਜੰਮੂ ਕਸ਼ਮੀਰ ਵਿੱਚ ਇੰਟਰਨੈੱਟ ਲਾਗੂ ਕਰਨ ਬਾਰੇ ਸਰਕਾਰ ਨੂੰ ਕੋਈ ਆਦੇਸ਼ ਨਹੀਂ
- ਭਾਰਤੀ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਵਿੱਚ ਬੰਦ ਕੀਤੇ ਇੰਟਰਨੈੱਟ ਬਾਰੇ ਕਿਹਾ ਕਿ ਸਰਕਾਰ ਇਕ ਹਫ਼ਤੇ ਦੇ ਅੰਦਰ ਇਸ ਬਾਰੇ ਸਮੀਖਿਆ ਕਰੇ।
- ਹਾਲਾਂਕਿ ਭਾਰਤੀ ਸੁਪਰੀਮ ਕੋਰਟ ਨੇ ਸਾਰੇ ਜੰਮੂ ਕਸ਼ਮੀਰ ਵਿੱਚ ਇੰਟਰਨੈੱਟ ਲਾਗੂ ਕਰਨ ਬਾਰੇ ਸਰਕਾਰ ਨੂੰ ਕੋਈ ਆਦੇਸ਼ ਨਹੀਂ ਦਿੱਤਾ।
- ਸੁਪਰੀਮ ਕੋਰਟ ਨੇ ਇੰਨਾ ਜ਼ਰੂਰ ਕਿਹਾ ਕਿ ਕੋਈ ਵੀ ਪਾਬੰਦੀਆਂ ਅਣਮਿੱਥੇ ਸਮੇ ਲਈ ਨਹੀਂ ਲਗਾਈਆਂ ਜਾ ਸਕਦੀਆਂ।
ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਜੇਐਨਯੂ ਦੇ ਦੌਰੇ ਦੇ ਮਾਮਲੇ ਵਿੱਚ ਦੀਪਿਕਾ ਪਾਦੂਕੋਣ ਦੀ ਆਲੋਚਨਾ
- ਭਾਰਤ ਦੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕੇ ਜੇਐਨਯੂ ਹਮਲੇ ਦੇ ਖਿਲਾਫ ਦੀਪਿਕਾ ਪਾਦੁਕੋਣ ਦਾ ਖਾਮੋਸ਼ ਪ੍ਰਦਰਸ਼ਨ ਅਤੇ ਚੋਣਾਂ ਦੌਰਾਨ ਚੋਣ ਕਮਿਸ਼ਨ ਅਸ਼ੋਕ ਲਵਾਸਾ ਵੱਲੋਂ ਆਪਣਾ ਫਰਜ਼ ਨਿਭਾਉਣਾ ਇਹ ਦਰਸਾਉਂਦਾ ਹੈ ਕਿ ਅੱਜ ਵੀ ਕੁਝ ਲੋਕਾਂ ਲਈ ਸੱਚਾਈ, ਆਜ਼ਾਦੀ ਅਤੇ ਇਨਸਾਫ਼ ਆਦਰਸ਼ ਹਨ।
- ਰਾਜਨ ਨੇ ਕਿਹਾ ਕਿ ਜਦੋਂ ਮਸ਼ਹੂਰ ਯੂਨੀਵਰਸਿਟੀਆਂ ਯੁੱਧ ਖੇਤਰ ਬਣ ਜਾਣ ਤਾਂ ਇਹ ਗੱਲ ਸੱਚ ਜਾਪਣ ਲੱਗ ਜਾਂਦੀ ਹੈ ਕਿ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ।
- ਉਨ੍ਹਾਂ ਕਿਹਾ ਸਾਡੇ ਵਿੱਚੋਂ ਕਈ ਲੋਕਾਂ ਨੂੰ ਇਹ ਉਮੀਦ ਸੀ ਕਿ ਸਰਕਾਰ ਆਰਥਿਕ ਏਜੰਡੇ ਉੱਪਰ ਕੰਮ ਕਰੇਗੀ ਅਤੇ ਕੁਝ ਲੋਕ ਨੇਤਾਵਾਂ ਦੇ ਇਨ੍ਹਾਂ ਭਾਸ਼ਣਾਂ ਨਾਲ ਸਹਿਮਤ ਵੀ ਹੋ ਗਏ ਸਨ।
- ਉਨ੍ਹਾਂ ਕਿਹਾ ਕਿ ਸਾਨੂੰ ਇਵੇਂ ਲੱਗਦਾ ਸੀ ਕਿ ਰਾਜਨੀਤੀ ਕਿਸੇ ਹੋਰ ਦੀ ਸਮੱਸਿਆ ਹੈ ਸਾਡੀ ਨਹੀਂ ਅਤੇ ਸਾਡੇ ਵਿੱਚੋਂ ਕੁਝ ਲੋਕ ਆਲੋਚਨਾ ਕਰਨ ਤੋਂ ਇਸ ਲਈ ਵੀ ਡਰਦੇ ਸਨ ਕਿਉਂਕਿ ਉਨ੍ਹਾਂ ਨੇ ਆਲੋਚਨਾ ਕਰਨ ਵਾਲਿਆਂ ਦਾ ਬੁਰਾ ਹਸ਼ਰ ਹੁੰਦਾ ਵੇਖਿਆ ਸੀ।
- ਉਨ੍ਹਾਂ ਕਿਹਾ ਇਹ ਖਬਰ ਉਤਸ਼ਾਹ ਵਧਾਉਣ ਵਾਲੀ ਵੀ ਹੈ ਕਿ ਜਦੋਂ ਅਲੱਗ ਅਲੱਗ ਧਰਮਾਂ ਦੇ ਨੌਜਵਾਨ ਇਕੱਠੇ ਹੋ ਕੇ ਇਸ ਖਿਲਾਫ ਮਾਰਚ ਕਰਦੇ ਹਨ।
- ਭਾਰਤ ਦੀ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਜੇਐਨਯੂ ਦੇ ਦੌਰੇ ਦੇ ਮਾਮਲੇ ਵਿੱਚ ਦੀਪਿਕਾ ਪਾਦੂਕੋਣ ਦੀ ਆਲੋਚਨਾ ਕੀਤੀ।
- ਇਰਾਨੀ ਨੇ ਕਿਹਾ ਕਿ ਦੀਪਿਕਾ ਵੱਲੋਂ ਭਾਰਤ ਦੇ ਟੋਟੇ ਕਰਨ ਵਾਲਿਆਂ ਦੇ ਨਾਲ ਖੜ੍ਹੇ ਹੋਣ ਦਾ ਫੈਸਲਾ ਕਰਨਾ ਸਾਡੇ ਸਾਰਿਆਂ ਲਈ ਝਟਕਾ ਹੈ।
ਅਸਦੁਦੀਨ ਓਵੈਸੀ ਦੀ ਅਗਵਾਈ ਵਿੱਚ ਸੀਏਏ ਦੇ ਵਿਰੁੱਧ ਤਿਰੰਗਾ ਰੈਲੀ ਕੱਢੀ
- ਏਆਈਐੱਮਆਈਐੱਮ ਦੇ ਮੁਖੀ ਅਸਦੁਦੀਨ ਓਵੈਸੀ ਦੀ ਅਗਵਾਈ ਵਿੱਚ ਹੈਦਰਾਬਾਦ ਵਿੱਚ ਸੀਏਏ ਦੇ ਵਿਰੁੱਧ ਤਿਰੰਗਾ ਰੈਲੀ ਕੱਢੀ ਗਈ।
- ਇਸੇ ਦੌਰਾਨ ਹੈਦਰਾਬਾਦ ਦੇ ਚਾਰਮੀਨਾਰ ਇਲਾਕੇ ਵਿੱਚ ਯੂਨਾਈਟਿਡ ਮੁਸਲਿਮ ਐਕਸ਼ਨ ਕਮੇਟੀ ਵੱਲੋਂ ਸਾਰੀਆਂ ਦੁਕਾਨਾਂ ਅਤੇ ਸਾਰੇ ਅਦਾਰੇ ਬੰਦ ਰੱਖੇ ਗਏ।
- ਇਸੇ ਤਰ੍ਹਾਂ ਦਾ ਇੱਕ ਰੋਸ ਮਾਰਚ ਕੋਲਕਾਤਾ ਵਿੱਚ ਵੀ ਕੱਢਿਆ ਗਿਆ ਜਿਸ ਦੀ ਅਗਵਾਈ ਸਾਬਕਾ ਆਈਏਐੱਸ ਅਧਿਕਾਰੀ ਹਰਸ਼ ਮੰਦਰ ਅਤੇ ਫੋਰਮ ਫਾਰ ਡੈਮੋਕ੍ਰੇਸੀ ਐਂਡ ਕਮਿਊਨਲ ਕਮੇਟੀ ਨੇ ਕੀਤੀ।
- ਕੋਲਕਾਤਾ ਦੇ ਇਨ੍ਹਾਂ ਸਾਬਕਾ ਨੌਕਰਸ਼ਾਹਾਂ ਨੇ ਗੈਰ ਭਾਜਪਾ ਸੂਬਿਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਨਾ ਕਰਨ ਲਈ ਕਿਹਾ।
- ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਜਬਰ ਜਨਾਹ ਦੀ ਹਰ ਚੌਥੀ ਪੀੜਤ ਨਾਬਾਲਗ ਤੇ ਜਿਹਦੇ ਵਿੱਚ ਚੁਰਾਨਵੇਂ ਫੀਸਦੀ ਮਾਮਲਿਆਂ ਚ’ ਪੀੜਤ ਦੇ ਨੇੜਲੇ ਜਾਣਕਾਰ ਹੀ ਦੋਸ਼ੀ।
ਖਬਰਾਂ ਆਰਥਿਕ ਜਗਤ ਦੀਆਂ:
ਵਿਸ਼ਵ ਬੈਂਕ ਅਨੁਸਾਰ ਬੰਗਲਾਦੇਸ਼ ਭਾਰਤ ਤੋਂ ਅੱਗੇ ਰਹੇਗਾ
- ਵਿਸ਼ਵ ਬੈਂਕ ਦੇ ਅੰਦਾਜ਼ੇ ਅਨੁਸਾਰ ਭਾਰਤ ਦੀ ਜੀਡੀਪੀ ਵਿੱਤੀ ਸਾਲ 2019-20 ਵਿੱਚ 5 ਫੀਸਦੀ ਰਹੇਗੀ।
- ਬੈਂਕ ਵੱਲੋਂ ਜਾਰੀ ਕੀਤੇ ਗਏ ਗਲੋਬਲ ਇਕਨੋਮਿਕ ਪ੍ਰਾਸਪੈਕਟ ਲੇਖੇ ਮੁਤਾਬਕ ਭਾਰਤ ਦੀ ਅਰਥ ਵਿਵਸਥਾ ਡਿੱਗਣ ਦੀ ਸਭ ਤੋਂ ਵੱਡੀ ਵਜ੍ਹਾ ਬੈਂਕਿੰਗ ਫਾਈਨਾਂਸ਼ੀਅਲ ਕੰਪਨੀਆਂ ਵੱਲੋਂ ਕ੍ਰੈਡਿਟ ਵਿੱਚ ਕਮੀ ਨੂੰ ਮੰਨਿਆ ਗਿਆ ਹੈ।
- ਵਿਸ਼ਵ ਬੈਂਕ ਅਨੁਸਾਰ ਬੰਗਲਾਦੇਸ਼ ਭਾਰਤ ਤੋਂ ਅੱਗੇ ਰਹੇਗਾ ਅਤੇ 30 ਜੂਨ ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਵਿੱਚ ਉਸ ਦੀ ਜੀਡੀਪੀ 7.2 ਫੀਸਦੀ ਰਹੇਗੀ।
- ਵਿਸ਼ਵ ਬੈਂਕ ਮੁਤਾਬਕ 2020 ਵਿੱਚ ਪੂਰੇ ਦੱਖਣੀ ਏਸ਼ੀਆ ਦੀ ਵਿਕਾਸ ਦਰ 5.5 ਫੀਸਦੀ ਰਹੇਗੀ।
ਕੌਮਾਂਤਰੀ ਖਬਰਾਂ:
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਮਲਾ ਕਰਨ ਲਈ ਕਿਸੇ ਦੀ ਵੀ ਪ੍ਰਵਾਨਗੀ ਦੀ ਲੋੜ ਨਹੀ
- ਅਮਰੀਕੀ ਸੰਸਦ ਕਾਂਗਰਸ ਵੱਲੋਂ ਟਰੰਪ ਦੇ ਕਿਸੇ ਵੀ ਦੇਸ਼ ਉੱਤੇ ਹਮਲਾ ਕਰਨ ਦੀਆਂ ਸ਼ਕਤੀਆਂ ਵਿਰੁੱਧ ਮਤਾ ਪਾਸ ਕੀਤਾ ਗਿਆ।
- ਮਤੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਉਸ ਸਮੇ ਤਕ ਇਰਾਨ ਉਤੇ ਹਮਲਾ ਨਹੀਂ ਕਰ ਸਕੇਗਾ ਜਦ ਤਕ ਸੰਸਦ ਉਸ ਨੂੰ ਅਧਿਕਾਰ ਨਹੀਂ ਦਿੰਦੀ।
- ਇਹ ਮਤਾ 194 ਵੋਟਾਂ ਦੇ ਮੁਕਾਬਲੇ 224 ਵੋਟਾਂ ਨਾਲ ਪਾਸ ਹੋਇਆ।
- ਡੈਮੋਕ੍ਰੇਟਿਕ ਪਾਰਟੀ ਵੱਲੋਂ ਲਿਆਂਦੇ ਇਸ ਮਤੇ ਦੇ ਹੱਕ ਵਿੱਚ ਟਰੰਪ ਦੀ ਕੰਜ਼ਰਵੇਟਿਵ ਪਾਰਟੀ ਦੇ ਤਿੰਨ ਮੈਂਬਰਾਂ ਨੇ ਵੀ ਵੋਟ ਪਾਈ।
- ਇਹ ਮਤਾ ਪਾਸ ਕਰਨ ਦੇ ਪਿੱਛੇ ਮੁੱਖ ਕਾਰਨ ਟਰੰਪ ਵੱਲੋਂ ਇਰਾਨ ਦੇ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰਨ ਦੇ ਹੁਕਮ ਦੇਣ ਨੂੰ ਮੰਨਿਆ ਗਿਆ।
- ਹਾਲਾਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਮਲਾ ਕਰਨ ਲਈ ਕਿਸੇ ਦੀ ਵੀ ਪ੍ਰਵਾਨਗੀ ਦੀ ਲੋੜ ਨਹੀ
- ਈਰਾਨ ਨੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਯੂਕਰੇਨ ਦਾ ਜਹਾਜ਼ ਈਰਾਨ ਨੇ ਮਿਜ਼ਾਈਲ ਨਾਲ ਡਿੱਗਿਆ ਹੈ।
- ਈਰਾਨ ਨੇ ਕਿਹਾ ਕਿ ਪੱਛਮੀ ਦੇਸ਼ ਦੁਨੀਆਂ ਦੇ ਸਾਹਮਣੇ ਉਹ ਸਬੂਤ ਸਾਂਝੇ ਕਰਨ ਜਿਸ ਤੋਂ ਇਹ ਸਾਬਤ ਹੋਵੇ ਕਿ ਇਰਾਨ ਨੇ ਇਹ ਜਹਾਜ਼ ਡੇਗਿਆ ਹੈ।