ਸਿੱਖ ਖਬਰਾਂ

ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਦਾ: ਭਾਵੁਕਤਾ ਦੇ ਮਾਹੌਲ ਵਿਚ ਗੰਭੀਰ ਤੇ ਡੂੰਘਾਈ ਨਾਲ ਸੋਚਣ ਦੀ ਲੋੜ

By ਸਿੱਖ ਸਿਆਸਤ ਬਿਊਰੋ

October 17, 2024

1. ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਭਾਵੁਕ ਸੁਨੇਹੇ ਵਿਚ ਉਹਨਾ ਦੀ ਨਿੱਜ ਹਸਤੀ, ਕਿਰਦਾਰ ਤੇ ਪਰਿਵਾਰ ਬਾਰੇ ਜੋ ਇਲਜਾਮਬਾਜੀ ਤੇ ਧਮਕੀਆਂ ਦਾ ਮਸਲਾ ਉਭਾਰਿਆ ਹੈ ਉਹ ਯਕੀਨਨ ਗੰਭੀਰ ਹੈ।

2. ਕਿਸੇ ਵੀ ਸਿੱਖ ਨਾਲ ਅਜਿਹਾ ਹੋਣਾ ਗਲਤ ਹੈ ਤੇ ਤਖਤ ਸਾਹਿਬ ਦੀ ਸੇਵਾ ਪਦਵੀ ਉੱਤੇ ਬਿਰਾਜਮਾਨ ਸਖਸ਼ੀਅਤ ਨਾਲ ਅਜਿਹਾ ਹੋਣਾ ਹੋਰ ਵੀ ਗੰਭੀਰ ਹੈ। ਇਸ ਦੀ ਨਿਖੇਧੀ ਕਰਨੀ ਬਣਦੀ ਹੈ।

3. ਇਸ ਮਸਲੇ ਨੂੰ ਸਿਰਫ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਜਾਂ ਬਾਦਲ ਦਲ ਤੱਕ ਸੀਮਤ ਕਰਕੇ ਵੇਖਣਾ ਅਸਲ ਮਸਲੇ ਨੂੰ ਅੱਖੋਂ ਪਰੋਖੇ ਕਰਨ ਦੇ ਤੁੱਲ ਹੋਵੇਗਾ।

4. ਇਸ ਮਸਲੇ ਦੀ ਅਸਲ ਜੜ੍ਹ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਉਹ ਇਹ ਹੈ ਕਿ ਤਖਤ ਸਾਹਿਬਾਨ ਦੀ ਸੇਵਾ ਸੰਭਾਲ ਦਾ ਮੌਜੂਦਾ ਇਕ-ਪੁਰਖੀ ਜਥੇਦਾਰੀ ਅਧਾਰਤ ਨਿਜਾਮ ਪੰਥਕ ਰਿਵਾਇਤ ਦੇ ਅਨੁਸਾਰੀ ਨਹੀਂ ਹੈ।

5. ਤਖਤ ਸਾਹਿਬਾਨ ਦਾ ਮੌਜੂਦਾ ਨਿਜਾਮ ਸ਼੍ਰੋਮਣੀ ਕਮੇਟੀ ਅਧੀਨ ਹੈ। ਸ਼੍ਰੋਮਣੀ ਕਮੇਟੀ ਉੱਤੇ ਵੋਟ ਮੁਫਾਦਾਂ ਵਾਲੀ ਸਿਆਸੀ ਪਾਰਟੀ ਬਾਦਲ ਦਲ ਦੇ ਅਧੀਨ ਹੈ। ਇੰਝ ਇਹਨਾ ਰਾਹੀਂ ਤਖਤ ਸਾਹਿਬਾਨ ਦਾ ਪ੍ਰਬੰਧ ਦਿੱਲੀ ਤਖਤ ਦੀ ਅਸਿੱਧੀ ਅਧੀਨਗੀ ਹੇਠ ਹੈ।

6. ਇਹ ਅਧੀਨਗੀਆਂ ਹੀ ਉਹ ਅਸਲ ਹਾਲਾਤ ਪੈਦਾ ਕਰਦੀਆਂ ਹਨ ਜਿਸ ਨਾਲ ਤਖਤ ਸਾਹਿਬਾਨ ਦੀ ਸਾਖ ਤੇ ਜਥੇਦਾਰ ਦੀ ਪਦ-ਪਦਵੀ ਦੀ ਮਾਣ-ਮਰਯਾਦਾ ਨੂੰ ਨਿਰੰਤਰ ਢਾਹ ਲੱਗਦੀ ਆ ਰਹੀ ਹੈ ਤੇ ਲੱਗ ਰਹੀ ਹੈ।

7. ਬੇਸ਼ੱਕ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਦੇ ਸੁਨੇਹੇ ਦੇ ਮੱਦੇਨਜ਼ਰ ਕਈ ਸਿੱਖ ਸਫਾਂ ਵਿਚ ਭਾਵੁਕ ਮਹੌਲ ਹੈ ਤੇ ਅਜਿਹਾ ਹੋਣਾ ਸਮਝ ਵੀ ਆਉਂਦਾ ਹੈ ਪਰ ਭਾਵੁਕਤਾ ਤਹਿਤ ਇਸ ਮਸਲੇ ਨੂੰ ਸਖਸ਼ੀਅਤਾਂ ਦੇ ਟਕਰਾਅ ਜਾਂ ਸਖਸ਼ੀਅਤ ਤੇ ਧੜੇ ਦੇ ਟਕਰਾਅ ਦੇ ਸੀਮਤ ਘੇਰੇ ਵਿਚ ਵੇਖਣਾ ਹਕੀਕਤ ਨੂੰ ਨਜ਼ਰਅੰਦਾਜ ਕਰਨਾ ਹੋਵੇਗਾ।

8. ਇਹ ਇਕ ਤਲਖ ਹਕੀਕਤ ਹੈ ਕਿ ਅੱਜ ਜਦੋਂ ਦੁਨੀਆ ਦੇ ਵੱਡੇ ਮੁਲਕਾਂ ਦੀਆਂ ਸਰਕਾਰਾਂ ਸਿੱਖਾਂ ਉੱਤੇ ਇੰਡੀਅਨ ਸਟੇਟ ਦੇ ਸਿੱਧੇ ਹਮਲਾਵਰ ਰੁਖ ਦੀ ਗੱਲ ਕਰ ਰਹੀਆਂ ਹਨ ਤਾਂ ਅਸੀਂ ਅੰਦਰੂਨੀ ਬੇਇਤਫਾਕੀ, ਇਕ ਦੂਜੇ ਉੱਤੇ ਇਲਜਾਮਬਾਜ਼ੀ ਤੇ ਆਪਸੀ ਕਿਰਦਾਰਕੁਸ਼ੀ ਵਿਚ ਉਲਝੇ ਹੋਏ ਹਾਂ।

9. ਸਭ ਤੋਂ ਗੰਭੀਰ ਇਹ ਗੱਲ ਹੈ ਕਿ ਜਿਹੜੇ ਤਖਤ ਸਾਹਿਬਾਨ ਨੇ ਨਿਰਪੱਖ ਤੇ ਕੇਂਦਰੀ ਧੁਰੇ ਦੇ ਤੌਰ ਉੱਤੇ ਸਿੱਖਾਂ ਨੂੰ ਸੇਧਤ ਤੇ ਸੂਤਰਬੱਧ ਕਰਨਾ ਸੀ ਉਹਦੇ ਨਿਜਾਮ ਦਾ ਅੰਦਰੂਨੀ ਤਾਣਾ-ਬਾਣਾ ਹੀ ਆਪਸ ਵਿਚ ਉਲਝ ਰਿਹਾ ਹੈ।

10. ਪੰਥ ਸੇਵਕ ਸਖਸ਼ੀਅਤਾਂ ਤੇ ਹੋਰ ਸੁਹਿਰਦ ਹਿੱਸਿਆਂ ਵੱਲੋਂ ਬੀਤੇ ਸਮੇਂ ਤੋਂ ਇਸ ਹਾਲਾਤ ਤੋਂ ਅਗਾਹ ਕਰਦਿਆਂ ਤਖਤ ਸਾਹਿਬਾਨ ਦੀ ਸੇਵਾ-ਸੰਭਾਲ ਦਾ ਨਿਜਾਮ ਪੰਥਕ ਰਿਵਾਇਤ ਅਨੁਸਾਰੀ ਕਰਨ ਦੀ ਲੋੜ ਵੱਲ ਧਿਆਨ ਦਿਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਬੀਤੇ ਵਰ੍ਹੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਕਰੀਬ ਸੌ ਸਿੱਖ ਸੰਪਰਦਾਵਾਂ, ਸੰਸਥਾਵਾਂ ਤੇ ਜਥਿਆਂ ਦੀ ਸ਼ਮੂਲੀਅਤ ਵਾਲੀ ਵਿਸ਼ਵ ਸਿੱਖ ਇਕੱਤਰਤਾ ਦੇ ਗੁਰਮਤੇ ਰਾਹੀਂ ਇਸ ਬਾਰੇ ਸੇਧ ਵੀ ਸਾਹਮਣੇ ਆਈ ਹੈ।

11. ਪਰ ਅਫਸੋਸ ਹੈ ਕਿ ਮੌਜੂਦਾ ਨਿਜਾਮ ਦੇ ਸਾਰੇ ਹਿੱਸੇ— ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲਾਉਣ-ਲਾਹੁਣ ਵਾਲੀ ਸ਼੍ਰੋਮਣੀ ਕਮੇਟੀ, ਇਸ ਕਮੇਟੀ ਨੂੰ ਕਾਬੂ ਕਰਨ ਵਾਲਾ ਬਾਦਲ ਦਲ ਤੇ ਜਥੇਦਾਰੀ ਦੇ ਅਹੁਦੇ ਉੱਤੇ ਬਿਰਾਜਮਾਨ ਸਖਸ਼ੀਅਤਾਂ ਵੱਲੋਂ ਊਣਤਾਈਆਂ ਭਰਪੂਰ ਮੌਜੂਦਾ ਨਿਜਾਮ ਨੂੰ ਬਦਲ ਕੇ ਨਿਸ਼ਕਾਮ ਤੇ ਪੰਥ ਨੂੰ ਸਮਰਪਿਤ ਅਕਾਲੀ ਗੁਣਾਂ ਦੀਆਂ ਧਾਰਨੀ ਸਖਸ਼ੀਅਤਾਂ ਉੱਤੇ ਅਧਾਰਤ ਜਥੇ ਵਾਲਾ ਪੰਥਕ ਰਿਵਾਇਤ ਅਨੁਸਾਰੀ ਨਿਜਾਮ ਲਿਆਉਣ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ।

12. ਇਹ ਗੱਲ ਬਾਦਲ ਦਲ ਦੀ ਅਗਵਾਈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਕਹਿ ਰਹੇ ਹਨ ਕਿ ਦਿੱਲੀ ਦਰਬਾਰ ਤਖਤ ਸਾਹਿਬਾਨ ਦਾ ਪ੍ਰਬੰਧ ਸਿੱਧਾ ਆਪਣੇ ਅਧੀਨ ਕਰਨ ਦੀ ਤਾਕ ਵਿਚ ਹੈ। ਹਾਲਾਂਕਿ ਸੱਚ ਇਹ ਵੀ ਹੈ ਕਿ ਪਹਿਲਾਂ ਦਿੱਲੀ ਤਖਤ ਨੇ ਇਹਨਾ ਰਾਹੀਂ ਤਖਤ ਸਾਹਿਬਾਨ ਉੱਤੇ ਆਪਣਾ ਪ੍ਰਭਾਵ ਸਿਰਜਿਆ ਸੀ ਤੇ ਹੁਣ ਉਹ ਇਹਨਾ ਨੂੰ ਵਿਚੋਂ ਲਾਂਭੇ ਕਰਕੇ ਸਿੱਧਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਵਿਚ ਹੈ। ਸੋ, ਅਗਾਂਹ ਕੀ ਹੋਣਾ ਹੈ ਇਹ ਸਭ ਨੂੰ ਦਿਸ ਰਿਹਾ ਹੈ ਪਰ ਇਹਨਾ ਵਿਚੋਂ ਕੋਈ ਵੀ ਹੱਲ ਵੱਲ ਕਦਮ ਪੁੱਟਣ ਲਈ ਤਿਆਰ ਨਹੀਂ ਹੈ।

13. ਇਸ ਸਥਿਤੀ ਵਿਚ ਜਿਨਾ ਚਿਰ ਤਖਤ ਸਾਹਿਬਾਨ ਦੀ ਸੇਵਾ ਸੰਭਾਲ ਦਾ ਨਿਜਾਮ ਪੰਥਕ ਰਿਵਾਇਤ ਲੀਹਾਂ ਉਤੇ ਮੁੜਉਸਾਰਣ ਦੇ ਯਤਨ ਸ਼ੁਰੂ ਨਹੀਂ ਕੀਤੇ ਜਾਣਗੇ ਹਾਲਾਤ ਵਿਚ ਸੁਧਾਰ ਦੀ ਬਹੁਤੀ ਆਸ ਨਹੀਂ ਹੈ। ਸਾਰਥਕ ਪਹਿਲਕਦਮੀ ਦਾ ਅਜੇ ਵੀ ਸਮਾਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: