ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਹਰਪਾਲ ਸਿੰਘ ਚੀਮਾ (ਫਾਈਲ ਫੋਟੋ)

ਸਿਆਸੀ ਖਬਰਾਂ

ਮਲੂਕਾ ਦੀ ਮੁਆਫੀ ਨਾਲ ਮਸਲਾ ਖਤਮ ਨਹੀ ਹੁੰਦਾ; ਕਿਉਕਿ ਚਿੰਤਾ ਦਾ ਵਿਸ਼ਾ ਅਰਦਾਸ ਦੀ ਨਕਲ ਹੈ : ਦਲ ਖ਼ਾਲਸਾ

By ਸਿੱਖ ਸਿਆਸਤ ਬਿਊਰੋ

December 29, 2016

ਅੰਮ੍ਰਿਤਸਰ: ਦਲ ਖ਼ਾਲਸਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੁਆਫੀ ਨਾਲ ਮਸਲਾ ਖਤਮ ਨਹੀ ਹੁੰਦਾ ਕਿਉਂਕਿ ਸਮਸਿਆ ਦੀ ਜੜ੍ਹ ਅਤੇ ਚਿੰਤਾ ਦਾ ਵਿਸ਼ਾ ਅਰਦਾਸ ਦੀ ਨਕਲ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣਾ ਸਿੱਖ ਪੰਥ ਲਈ ਬੇਹੱਦ ਜ਼ਰੂਰੀ ਹੈ।

ਜਥੇਬੰਦੀ ਨੇ ਕਿਹਾ ਕਿ ਸਿੱਖ ਅਰਦਾਸ ਦੀ ਨਕਲ ਕਰਕੇ ਇਸਨੂੰ ਹਿੰਦੂ ਅਰਦਾਸ ਵਾਂਗ ਪੇਸ਼ ਕਰਨਾ ਸ਼ਰਾਰਤੀ ਅਤੇ ਈਰਖਾਲੂ ਮਾਨਸਿਕਤਾ ਦੀ ਉਪਜ ਹੈ।

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਖਦਸ਼ਾ ਜਤਾਇਆ ਕਿ ਅਕਾਲੀ ਸਰਕਾਰ ਮਲੂਕੇ ਦੀ ਮੁਆਫੀ ਨੂੰ ਆਧਾਰ ਬਣਾ ਕੇ ਮਸਲਾ ਰਫਾ-ਦਫਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਅਰਦਾਸ ਦੀ ਨਕਲ ਕਰਨਾ ਅਤੇ ਉਸ ਦਾ ਹਿੰਦੂਕਰਨ ਕਰਨਾ ਹੈ, ਜੋ ਕਾਬਲੇ-ਬਰਦਾਸ਼ਤ ਨਹੀਂ।

ਉਹਨਾਂ ਕਿਹਾ ਕਿ ਹਿੰਦੂਵਾਦੀ ਤਾਕਤਾਂ ਆਪਣੇ ਖ਼ਤਰਨਾਕ ਮਨਸੂਬਿਆਂ ਨਾਲ ਦੋਵਾਂ ਧਰਮਾਂ ਦੇ ਲੋਕਾਂ ਨੂੰ ਫਿਰਕਾਪ੍ਰਸਤੀ ਦੀ ਭੱਠੀ ‘ਚ ਝੋਕਣਾ ਚਾਹੁੰਦੀਆਂ ਹਨ। ਉਨਾਂ ਅੱਗੇ ਕਿਹਾ, ‘ਇਹ ਹਰਕਤ ਉਸ ਕਟੱੜਪੰਥੀ ਹਿੰਦੂ ਮਾਨਸਿਕਤਾ ਨੂੰ ਦਰਸਾਉਂਦੀ ਹੈ, ਜਿਸਨੇ ਪਹਿਲਾਂ ਦੁਰਗਿਆਣਾ ਮੰਦਰ ਨੂੰ ਦਰਬਾਰ ਸਾਹਿਬ ਦੀ ਨਕਲ ਕਰਕੇ ਬਰਾਬਰ ‘ਤੇ ਖੜ੍ਹਾ ਕੀਤਾ, ਹੁਣ ਉਸੇ ਮਾਨਸਿਕਤਾ ਨੇ ਅਰਦਾਸ ਦੀ ਨਕਲ ਕੀਤੀ ਹੈ।

ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਬਣਾਏ ਜਾਂਚ ਪੈਨਲ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਆਪਣੇ ਮੈਂਬਰਾਂ (ਜੋ ਅਕਾਲੀ ਦਲ ਨਾਲ ਹੀ ਸਬੰਧਿਤ ਹਨ) ਰਾਹੀਂ ਜਾਂਚ ਕਰਵਾਉਣ ਦਾ ਅਰਥ ਸੰਗਤਾਂ ਦੀਆਂ ਅੱਖਾਂ ਵਿੱਚ ਧੂੜ ਪਾਉਣਾ ਹੈ। ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੂੰ ਕਿਹਾ ਹੈ ਕਿ ਉਹ ਮੁੱਦੇ ਦੇ ਮਾਹਿਰਾਂ ਅਤੇ ਨਾਮਵਰ ਵਿਦਵਾਨਾਂ ਤੇ ਇਤਿਹਾਸਕਾਰਾਂ ਨੂੰ ਜ਼ਿੰਮੇਵਾਰੀ ਦੇਣ ਅਤੇ ਹਿੰਦੂ ਸੰਸਥਾ ‘ਰਮਾਇਣ ਪ੍ਰਚਾਰ ਮੰਡਲ ਰਾਮਪੁਰਾ ਫੂਲ’ ਜਿਨ੍ਹਾਂ ਨੇ ਪਰੋਗਰਾਮ ਵਿੱਚ ਅਹਿਮ ਭੂਮਿਕਾ ਨਿਭਾਈ, ਉਹਨਾਂ ਦੇ ਅਧਿਕਾਰੀਆਂ ਨੂੰ ਸੱਦ ਕਿ ਇਸ ਗੱਲ ਦੀ ਜਾਂਚ ਕਰਨ ਕਿ ਇਹ ਨਕਲ ਕੀਤੀ ਅਰਦਾਸ ਕਿਸ ਨੇ ਬਣਾਈ, ਕਦੋਂ ਤੋਂ ਬਣੀ, ਕਿਸ ਹਿੰਦੂ ਗ੍ਰੰਥ ਵਿੱਚ ਇਸ ਦੇ ਪ੍ਰਮਾਣ ਹਨ ਅਤੇ ਇਹ ਕਦੋਂ ਤੋਂ ਮੰਦਰਾਂ ਵਿੱਚ ਪੜ੍ਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਇਸ ਸੰਵੇਦਣਸ਼ੀਲ ਮੁੱਦੇ ‘ਤੇ ਗੱਲ ਕਰਨ ਲਈ ਪ੍ਰੋ ਬੰਡੂਗਰ ਨੂੰ ਮਿਲਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: