ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਸਿੱਖ ਨੌਜਵਾਨ ਮਨਿੰਦਰ ਸਿੰਘ ਜੁੰਮਾ ਦੀ ਜਮਾਨਤ ਮਨਜ਼ੂਰ ਕਰ ਲਈ ਗਈ।
ਸਿੱਖ ਸਿਆਸਤ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਆਬ ਲਾਇਰਜ਼ ਵੱਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਨਿੰਦਰ ਸਿੰਘ ਜੁੰਮਾ ਨੂੰ ਪੁਲਿਸ ਵੱਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਜੇਲ ਵਿੱਚ ਹੋਏ ਕਤਲ ਦੇ ਕੇਸ ਵਿੱਚ ਨਾਮਜਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅੱਜ ਹਾਈ ਕੋਰਟ ਵੱਲੋਂ ਮਨਿੰਦਰ ਸਿੰਘ ਜੁੰਮਾ ਨੂੰ ਜਮਾਨਤ ਦੇ ਦਿੱਤੀ ਗਈ ਹੈ।
ਇਸ ਕੇਸ ਦੀ ਕਾਨੂੰਨੀ ਪੈਰਵੀ ਸਿੱਖ ਲੀਗਲ ਅਸਿਸਟੈਂਸ ਬੋਰਡ ਦੇ ਸਹਿਯੋਗ ਨਾਲ ਪੰਜਆਬ ਲਾਇਰਜ਼ ਵੱਲੋਂ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਨੇ ਕੀਤੀ ਅਤੇ ਮਾਮਲੇ ਦੀ ਜਾਣਕਾਰੀ ਅਤੇ ਤਾਲਮੇਲ ਬਾਰੇ ਲੋੜੀਂਦੇ ਕਾਰਜ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਕੀਤੇ ਗਏ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਫੋਨ ਉੱਤੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਤਿੰਨ ਨੌਜਵਾਨ ਨਾਮਜਦ ਕੀਤੇ ਗਏ ਸਨ ਜਿਨਾਂ ਵਿੱਚੋਂ ਜਸਪ੍ਰੀਤ ਸਿੰਘ ਉਰਫ ਨਿਹਾਲ ਸਿੰਘ ਜਮਾਨਤ ਉੱਪਰ ਰਿਹਾ ਹੋ ਚੁੱਕਾ ਹੈ ਅਤੇ ਮਨਿੰਦਰ ਸਿੰਘ ਜੁੰਮਾ ਦੀ ਜਮਾਨਤ ਭਰਨ ਉਪਰੰਤ ਆਉਂਦੇ ਦਿਨਾਂ ਵਿੱਚ ਰਿਹਾਈ ਹੋ ਜਾਵੇਗੀ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਨਾਮਜ਼ਦ ਤੀਸਰੇ ਨੌਜਵਾਨ ਗੁਰਸੇਵਕ ਸਿੰਘ ਦੀ ਆਉਂਦੇ ਦਿਨਾਂ ਵਿੱਚ ਜਮਾਨਤ ਲਈ ਅਰਜੀ ਲਗਾਈ ਜਾਵੇਗੀ।
⊕ ਹੋਰ ਸਬੰਧਤ ਖ਼ਬਰਾਂ