ਚੰਡੀਗੜ੍ਹ – ਬੁੱਢੇ ਦਰਿਆ ਦੇ ਪਾਣੀ ਨੂੰ ਗੰਧਲਾ ਹੋਣ ਤੋਂ ਰੋਕਣ ਅਤੇ ਮੁੜ ਪਵਿੱਤਰ ਅਤੇ ਸਾਫ਼ ਪਾਣੀ ਦੇ ਵਹਾਅ ਨੂੰ ਯਕੀਨੀ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਪੰਜਾਬ ਹਿਤੈਸ਼ੀ ਜਥੇਬੰਦੀਆਂ ਅਤੇ ਸਖਸ਼ੀਅਤਾਂ ਕਾਰਜਸ਼ੀਲ ਹਨ। ਬੁੱਢਾ ਦਰਿਆ ਐਕਸ਼ਨ ਫਰੰਟ ਵੱਲੋਂ ਲੁਧਿਆਣਾ ਦੀ ਇਸ਼ਮੀਤ ਸਿੰਘ ਸੰਗੀਤ ਅਕੈਡਮੀ ਚ ਬੀਤੇ ਦਿਨੀ “ਪਾਣੀਆਂ ਦੇ ਹਾਣੀ” ਸਿਰਲੇਖ ਹੇਠ ਇੱਕ ਇਕੱਤਰਤਾ ਰੱਖੀ ਗਈ। ਇਕੱਤਰਤਾ ਚ ਫਰੰਟ ਵੱਲੋਂ ਪਿਛਲੇ ਸਮੇਂ ਦੌਰਾਨ ਬੁੱਢੇ ਦਰਿਆ ਦੀ 19 ਪੜਾਵਾਂ ਚ ਕੀਤੀ ਯਾਤਰਾ ਦੇ ਤਜ਼ਰਬੇ ਦਸਤਾਵੇਜ਼ੀ ਅਤੇ ਤਸਵੀਰਾਂ ਰਾਹੀਂ ਸਾਂਝੇ ਕੀਤੇ ਗਏ।
ਜਿਕਰਯੋਗ ਹੈ ਕਿ ਇਸ ਮਸਲੇ ਦੇ ਪੱਕੇ ਹੱਲ ਤੋਂ ਤਕਰੀਬਨ ਸਭ ਸਰਕਾਰਾਂ ਨੇ ਟਾਲਾ ਹੀ ਵੱਟਿਆ ਜਿਸ ਕਰਕੇ ਸਰਕਾਰੀ ਅਤੇ ਪ੍ਰਸ਼ਾਸਨਿਕ ਪੱਧਰ ਤੇ ਲੋੜੀਂਦੇ ਉੱਦਮ ਨਾ ਹੋਣ ਕਰਕੇ ਬੁੱਢੇ ਦਰਿਆ ਦਾ ਪਾਣੀ ਹੋਰ ਗੰਧਲਾ ਹੁੰਦਾ ਗਿਆ। ਇਸ ਇਕੱਤਰਤਾ ਚ ਪਹੁੰਚੀ ਸੰਗਤ ਦੀ ਗੱਲਬਾਤ ਚੋਂ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਵੱਖ ਵੱਖ ਸਮੇਂ ਤੇ ਪੰਜਾਬ ਵਾਸੀਆਂ ਵੱਲੋਂ ਕੀਤੇ ਉੱਦਮਾਂ ਸਦਕਾ ਲੋਕ ਪਹਿਲਾਂ ਨਾਲੋਂ ਕਿਤੇ ਵੱਧ ਚੇਤੰਨ ਅਤੇ ਕਾਰਜਸ਼ੀਲ ਹੋਏ ਹਨ।
ਪਿਛਲੀਆਂ ਅਤੇ ਮੌਜ਼ੂਦਾ ਸਰਕਾਰਾਂ ਵੱਲੋਂ ਐਲਾਨ ਵੱਡੇ ਵੱਡੇ ਦਾਅਵੇ ਬਥੇਰੇ ਹੋਏ ਹਨ। ਹਾਲਾਤ ਗੰਭੀਰ ਨੇ, ਜ਼ਮੀਨੀ ਪੱਧਰ ਤੇ ਹਰਕਤ ਚ ਆਉਣ ਦੀ ਲੋੜ ਹੈ, ਕੇਵਲ ਵਿਖਾਵੇ ਚ ਨਹੀਂ। ਸਮਾਂ ਰਹਿੰਦੇ ਸਰਕਾਰ ਨੂੰ ਪੰਜਾਬ ਹਿੱਤ ਚ ਵੱਡਾ ਫੈਂਸਲਾ ਲੈਂਦਿਆਂ ਬੁੱਢੇ ਨਾਲ਼ੇ ਦੀ ਪਵਿੱਤਰਤਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸਮੂਹ ਪੰਜਾਬ ਵਾਸੀਆਂ ਨੂੰ ਵੀ ਸਮੱਸਿਆ ਤੋਂ ਜਾਗਰੂਕ ਹੋਣ ਅਤੇ ਸਮੱਸਿਆ ਦੇ ਹੱਲ ਲਈ ਜੱਥੇਬੰਦ ਹੋਣ ਦੀ ਤੁਰੰਤ ਲੋੜ ਹੈ।
ਇਸ ਇਕੱਤਰਤਾ ਮੌਕੇ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵੱਲੋਂ ਮੱਤੇਵਾੜਾ ਮੋਰਚਾ ਲਈ ਪਿੰਡ ਸੇਖੇਵਾਲ ਦੇ ਸਰਪੰਚ, ਪੀ. ਏ. ਸੀ. ਅਤੇ ਬੁੱਢਾ ਦਰਿਆ ਐਕਸ਼ਨ ਫਰੰਟ ਨੂੰ ਉੱਦਮਾਂ ਲਈ ਸਨਮਾਨ ਚਿੰਨ ਭੇਂਟ ਕੀਤੇ ਗਏ।
ਕੁਝ ਹੋਰ ਤਸਵੀਰਾਂ