ਚੰਡੀਗੜ੍ਹ: ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਸਿੱਖ ਹਸਤੀਆਂ ਨੇ ਮੰਗ ਕੀਤੀ ਹੈ ਕਿ ਖ਼ਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਐਲਵੀਡਨ (ਇੰਗਲੈਂਡ) ਵਿਖੇ 120 ਸਾਲ ਪਹਿਲਾਂ ਈਸਾਈ ਪ੍ਰੰਪਰਾ ਅਨੁਸਾਰ ਦਫ਼ਨਾਇਆ ਗਿਆ ਸੀ, ਦੀਆਂ ਅੰਤਿਮ ਰਸਮਾਂ ਸਿੱਖ ਰਹੁ-ਰੀਤਾਂ ਅਨੁਸਾਰ ਪੰਜਾਬ ਵਿਚ ਕੀਤੀਆਂ ਜਾਣ। ਇਸ ਸਬੰਧੀ ਚੰਡੀਗੜ੍ਹ ਵਿਖੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕੰਪਲੈਕਸ ਵਿਚ ਹੋਏ ਸਿੱਖਾਂ ਦੇ ਇਕ ਅਹਿਮ ਇਕੱਠ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਤੋਂ ਅੰਗਰੇਜ਼ਾਂ ਵੱਲੋਂ ਧੋਖੇ ਨਾਲ ਸਿਰਫ਼ ਰਾਜ ਹੀ ਨਹੀਂ ਖੋਹਿਆ ਗਿਆ, ਸਗੋਂ ਅਣਭੋਲ ਉਮਰ ਵਿਚ ਉਸ ਨੂੰ ਇਸਾਈ ਵੀ ਬਣਾ ਦਿੱਤਾ ਗਿਆ ਸੀ। ਵੱਡੇ ਹੋਏ ਦਲੀਪ ਸਿੰਘ ਨੂੰ ਜਦੋਂ ਇਸ ਸਾਰੀ ਧੋਖਾਧੜੀ ਦਾ ਅਹਿਸਾਸ ਹੋਇਆ ਤਾਂ ਉਹ ਦੁਬਾਰਾ ਅੰਮ੍ਰਿਤ ਛਕ ਕੇ ਸਿੱਖ ਬਣਿਆ ਤੇ ਅਖੀਰਲੇ ਦਮ ਤੱਕ ਆਪਣੇ ਖੁੱਸੇ ਹੋਏ ਰਾਜ ਨੂੰ ਪ੍ਰਾਪਤ ਕਰਨ ਲਈ ਜੱਦੋ-ਜਹਿਦ ਕਰਦਾ ਰਿਹਾ।
ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਮਹਾਰਾਜੇ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਸ ਦੀਆਂ ਅਸਥੀਆਂ ਨੂੰ ਪੰਜਾਬ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਸਿੱਖ ਰਸਮਾਂ ਅਨੁਸਾਰ ਕੀਤਾ ਜਾਵੇ। ਇਹ ਫ਼ੈਸਲਾ ਵੀ ਹੋਇਆ ਕਿ ਮਹਾਰਾਜੇ ਦੀ ਇਕ ਸ਼ਾਨਦਾਰ ਯਾਦਗਾਰ ਕਾਇਮ ਕੀਤੀ ਜਾਵੇ। ਇਸ ਇਕੱਠ ਵਿਚ ਸਾਬਕਾ ਡੀ.ਜੀ.ਪੀ. ਜੀ.ਐਸ. ਔਜਲਾ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਅਜਮੇਰ ਸਿੰਘ ਇਤਿਹਾਸਕਾਰ, ਲੈਫ.ਜਨ.(ਰਿਟਾ.) ਕਰਤਾਰ ਸਿੰਘ ਗਿੱਲ, ਮੇਜਰ ਜਨ. (ਰਿਟਾ.) ਚਰਨਜੀਤ ਸਿੰਘ ਪਨਾਗ, ਪੁਸ਼ਪਿੰਦਰ ਸਿੰਘ ਪ੍ਰਧਾਨ ਸਿੱਖ ਫੋਰਮ ਨਵੀਂ ਦਿੱਲੀ, ਅਮਰਜੀਤ ਸਿੰਘ ਫਿਲਮ ਪ੍ਰੋਡਿਊਸਰ, ਕਰਮਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਹਰਜੋਤ ਕੌਰ, ਦਵਿੰਦਰਪਾਲ ਸਿੰਘ ਨਾਨਕਸ਼ਾਹੀ ਟਰੱਸਟ, ਡਾ. ਸਵਰਾਜ ਸਿੰਘ ਪਟਿਆਲਾ ਤੇ ਖ਼ੁਸ਼ਹਾਲ ਸਿੰਘ ਜਨਰਲ ਸੈਕਟਰੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸ਼ਾਮਲ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: The Black Prince Impact: Singh Sabha demand last rights of Maharaja Duleep Singh be performed in Punjab …