Site icon Sikh Siyasat News

5 ਸਾਲਾ ਸਿੱਖ ਬੱਚਾ ਬਣਿਆ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣਿਆ

ਚੰਡੀਗੜ੍ਹ- ਰੋਪੜ ਦੇ ਰਹਿਣ ਵਾਲੇ ਤੇਗਬੀਰ ਸਿੰਘ ਜੋ ਕੇ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਹੈ, ਨੇ ਤਨਜ਼ਾਨੀਆ ਵਿੱਚ 19340 ਫੁੱਟ (5895 ਮੀਟਰ) ਤੋਂ ਵੀ ਵੱਧ ਉਚਾਈ ‘ਤੇ ਸਥਿਤ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਤੇਗਬੀਰ ਸਿੰਘ ਨੇ 18 ਅਗਸਤ ਨੂੰ ਕਿਲੀਮੰਜਾਰੋ ਪਰਬਤ ਦਾ ਟ੍ਰੈਕ ਸ਼ੁਰੂ ਕੀਤਾ ਸੀ ਅਤੇ 23 ਅਗਸਤ 2024 ਨੂੰ ਪਹਾੜ ਦੀ ਚੋਟੀ ਨੂੰ ਸਰ ਕੀਤਾ।

ਤੇਗਵੀਰ ਸਿੰਘ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਦੀ ਤਸਵੀਰ

ਇੱਥੇ ਇਹ ਵਰਣਨਯੋਗ ਹੈ ਕਿ ਇਹ ਘੱਟ ਆਕਸੀਜਨ ਵਾਲਾ ਟ੍ਰੈਕ ਹੈ ਅਤੇ ਕਿਸੇ ਨੂੰ ਉਚਾਈ ਦੀ ਬਿਮਾਰੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਹਾਲਾਂਕਿ, ਇਹਨਾਂ ਸਾਰੀਆਂ ਚੁਣੌਤੀਆਂ ਨੂੰ ਜਿੱਤ ਕੇ, ਉਹ ਆਖਰਕਾਰ ਸਿਖਰ ‘ਤੇ ਪਹੁੰਚ ਗਿਆ, ਜਿੱਥੇ ਸਾਧਾਰਨ ਤਾਪਮਾਨ – 10 ਸੈਲਸੀਅਸ ਹੈ ।

ਤਨਜ਼ਾਨੀਆ ਨੈਸ਼ਨਲ ਪਾਰਕਸ ਦੇ ਕੰਜ਼ਰਵੇਸ਼ਨ ਕਮਿਸ਼ਨਰ ਦੁਆਰਾ ਜਾਰੀ ਮਾਊਂਟੇਨ ਕਲਾਈਬਿੰਗ ਸਰਟੀਫਿਕੇਟ ਦੀ ਕਾਪੀ

ਉਸਨੇ ਤਨਜ਼ਾਨੀਆ ਨੈਸ਼ਨਲ ਪਾਰਕਸ ਦੇ ਕੰਜ਼ਰਵੇਸ਼ਨ ਕਮਿਸ਼ਨਰ ਦੁਆਰਾ ਜਾਰੀ ਮਾਊਂਟੇਨ ਕਲਾਈਬਿੰਗ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਕਾਰਨਾਮੇ ਨਾਲ ਉਸਨੇ ਸਰਬੀਆ ਦੇ ਲੜਕੇ ਓਗਨਜੇਨ ਜ਼ਿਵਕੋਵਿਕ ਦੁਆਰਾ 5 ਸਾਲ ਦੀ ਉਮਰ ਵਿੱਚ ਮਾਉਂਟ ਕਿਲੀਮੰਜਾਰੋ ਦੀ ਚੋਟੀ ‘ਤੇ ਚੜ੍ਹਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਇਹ ਮੀਲ ਪੱਥਰ ਹਾਸਲ ਕਰਨ ਵਾਲਾ ਏਸ਼ੀਆ ਅਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਪਰਬਤਰੋਹੀ ਬਣ ਗਿਆ ਹੈ। ਤੇਗਬੀਰ ਸਿੰਘ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚ ਬਿਕਰਮਜੀਤ ਸਿੰਘ ਘੁੰਮਣ (ਰਿਟਾਇਰਡ ਹੈਂਡਬਾਲ ਕੋਚ) ਅਤੇ ਉਸਦੇ ਪਰਿਵਾਰ ਨੂੰ ਦਿੱਤਾ।

ਉਸ ਦੇ ਨਾਲ ਗਏ ਉਸ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਦੱਸਿਆ, “ਤੇਗਬੀਰ ਨੇ ਇਸ ਕਾਰਨਾਮੇ ਲਈ ਤਕਰੀਬਨ ਇੱਕ ਸਾਲ ਪਹਿਲਾਂ ਤਿਆਰੀ ਸ਼ੁਰੂ ਕੀਤੀ ਸੀ। ਉਸ ਨੂੰ ਸ੍ਰੀ ਬਿਕਰਮਜੀਤ ਸਿੰਘ ਘੁੰਮਣ ਦੁਆਰਾ ਸਿਖਲਾਈ ਦਿੱਤੀ ਗਈ ਸੀ ਜੋ ਦਿਲ ਤੇ ਫੇਫੜਿਆਂ ਦੀ ਸਮਰੱਥਾ ਨੂੰ ਵਧਾਉਣ ਨਾਲ ਸਬੰਧਤ ਅਭਿਆਸਾਂ ਵਿੱਚ ਉਸਦੀ ਮਦਦ ਕਰਦੇ ਸਨ। ਉਹ ਆਪਣੇ ਪਿਤਾ ਅਤੇ ਕੋਚ ਨਾਲ ਵੱਖ-ਵੱਖ ਪਹਾੜੀ ਸਥਾਨਾਂ ‘ਤੇ ਹਫਤਾਵਾਰੀ ਟ੍ਰੈਕ ‘ਤੇ ਜਾਂਦਾ ਸੀ।

ਤੇਗਬੀਰ ਸਿੰਘ ਅਪਣੇ ਪਿਤਾ ਸੁਖਿੰਦਰ ਦੀਪ ਸਿੰਘ ਨਾਲ ਇਕ ਤਸਵੀਰ

ਕਿਲਿਮੰਜਾਰੋ ਟਰੈੱਕ ਦੌਰਾਨ ਹਰ ਰੋਜ਼ ਉਹ ਲਗਭਗ 8-10 ਕਿਲੋਮੀਟਰ ਪੈਦਲ ਤੁਰਦਾ ਸੀ ਅਤੇ ਹਰ ਚੜ੍ਹਾਈ ਨਾਲ ਤਾਪਮਾਨ ਘਟਦਾ ਜਾਂਦਾ ਸੀ। ਉਹ ਲਗਭਗ ਇੱਕ ਹਫ਼ਤੇ ਤੱਕ ਮਾਈਨਸ ਗ੍ਰੇਡ ਤਾਪਮਾਨ ਵਿੱਚ ਘੱਟ ਆਕਸੀਜਨ ਦੀ ਉਚਾਈ ਵਿੱਚ ਤੁਰਿਆ ਅਤੇ ਰਿਹਾ। ਟਰੈੱਕ ਦੌਰਾਨ ਉਹ ਅਸਥਾਈ ਤੰਬੂਆਂ ਵਿੱਚ ਰਹਿੰਦੇ ਸਨ। ਬਰਫੀਲੇ ਤੂਫਾਨ ਕਾਰਨ ਆਖਰੀ ਪੜਾਅ ਦੌਰਾਨ ਟਰੈੱਕ ਰੱਦ ਕਰਨਾ ਪਿਆ ਅਤੇ ਅੱਧ ਵਿਚਕਾਰ ਵਾਪਸ ਪਰਤਣਾ ਪਿਆ।

ਤੇਗਵੀਰ ਸਿੰਘ

ਦੂਜੀ ਕੋਸ਼ਿਸ਼ ਵਿੱਚ, ਉਹ ਬਰਫੀਲੇ ਤੂਫਾਨ ਦੇ ਵਿਚਕਾਰ ਸਿਖਰ ਵੱਲ ਦੋਬਾਰਾ ਗਏ। ਇਸ ਮੌਸਮ ਵਿਚ ਪੂਰੇ ਦਲ ਲਈ ਇੱਕ ਚੁਣੌਤੀਪੂਰਨ ਪਲ ਸੀ ਜਿਸ ਵਿੱਚ ਉਸਦੇ ਪਿਤਾ, ਦੋ ਗਾਈਡ ਅਤੇ ਦੋ ਸਹਾਇਕ ਸਟਾਫ ਸ਼ਾਮਲ ਸਨ।

ਤੇਗਬੀਰ ਦੇ ਮਾਤਾ, ਡਾ: ਮਨਪ੍ਰੀਤ ਕੌਰ ਨੇ ਕਿਹਾ, “ਉਸ ਦੇ ਸਫ਼ਰ ਵਿੱਚ ਖੁਰਾਕ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਉਸਨੇ ਆਪਣੇ ਕੋਚ ਦੁਆਰਾ ਨਿਰਧਾਰਤ ਖੁਰਾਕ ਅਨੁਸੂਚੀ ਦੀ ਸਖਤ ਪਾਲਣਾ ਕੀਤੀ”। ਆਪਣੇ ਕੋਚ, ਮਾਤਾ, ਉਸਦੇ ਦਾਦਾ-ਦਾਦੀ, ਪਰਿਵਾਰ, ਦੋਸਤਾਂ ਦਾ ਉਸਦੀ ਯਾਤਰਾ ਵਿੱਚ ਉਸਦੀ ਮਦਦ ਕਰਨ ਅਤੇ ਹੌਸਲਾ ਦੇਣ ਲਈ ਧੰਨਵਾਦ ਕਰਦੇ ਹੋਏ, ਉਸਨੇ ਸਾਨਵੀ ਸੂਦ ਦਾ ਵੀ ਧੰਨਵਾਦ ਕੀਤਾ ਕਿਉਂਕਿ ਉਹ ਰਾਜ ਵਿੱਚ ਪਰਬਤਾਰੋਹੀ ਲਈ ਇੱਕ ਮਸ਼ਾਲਧਾਰੀ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਤੇਗਬੀਰ ਸਿੰਘ 30 ਅਗਸਤ ਨੂੰ ਵਾਪਸ ਪਹੁੰਚ ਜਾਵੇਗਾ।

ਇਸ ਤੋਂ ਪਹਿਲਾਂ ਤੇਗਬੀਰ ਸਿੰਘ ਨੇ ਅਪ੍ਰੈਲ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਟ੍ਰੈਕ ਪੂਰਾ ਕੀਤਾ ਸੀ : ਤੇਗਬੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦਾ ਬੇਸ ਕੈਂਪ ਸਰ ਕੀਤਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version