ਆਪਾਂ ਸਾਰੇ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਜੂਨ 1984 ਵਿੱਚ ਬਿਪਰਵਾਦੀ ਦਿੱਲੀ ਸਾਮਰਾਜ ਨੇ ਤੀਜਾ ਘੱਲੂਘਾਰਾ ਰੂਹਾਨੀਅਤ ਦੇ ਕੇਂਦਰ ਅਤੇ ਸਰਬੱਤ ਦੇ ਭਲੇ ਦੇ ਖਾਲਸਾਈ ਸੰਘਰਸ਼ ਦੇ ਸਦੀਵ ਧੁਰੇ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਨ, ਮਨੁੱਖ ਮਾਤਰ ਦੀ ਸੇਵਾ ਲਈ ਤਤਪਰ ਸੰਤ ਜਰਨੈਲ ਸਿੰਘ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਜਿਹੀਆਂ ਜੀਵਨ-ਮੁਕਤ ਸਖਸ਼ੀਅਤਾਂ ਦੀ ਸ਼ਾਨ ਨੂੰ ਢਾਹ ਲਾ ਕੇ ਅਤੇ ਪੰਚਮ ਪਤਿਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਸਿੱਖ ਸੰਗਤਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾ ਕੇ ਸੰਗਤਾਂ ਦੇ ਮਨੋਬਲ ਨੂੰ ਡੇਗਣ ਦੇ ਮਨਸੂਬੇ ਨਾਲ ਵਰਤਾਇਆ ਸੀ ਤਾਂ ਕਿ ਸਿੱਖੀ ਦੇ ਨਿਆਰੇਪਣ ਨੂੰ ਮੇਟ ਕੇ ਇਸ ਨੂੰ ਬਿਪਰਵਾਦੀ ਪ੍ਰਬੰਧ ਵਿਚ ਜਜ਼ਬ ਕਰ ਲਿਆ ਜਾਵੇ। ਇਸ ਪਿੱਛੇ ਜਾਤ ਪਾਤ ਅਤੇ ਊਚ ਨੀਚ ਨਾਲ ਗ੍ਰਸਤ ਮਨੁੱਖਤਾ ਵਿਰੋਧੀ ਬਿਪਰਵਾਦ ਦਾ ਸਰਬੱਤ ਦੇ ਭਲੇ ਵਾਲੀ ਗੁਰਮਤਿ ਨਾਲ ਪਿਛਲੇ ਪੰਜ ਸਦੀਆਂ ਤੋਂ ਚੱਲ ਰਿਹਾ ਟਕਰਾਅ ਮੁੱਖ ਕਾਰਨ ਸੀ।
ਨਾਲ ਹੀ ਸਾਨੂੰ ਜੂਨ 1984 ਦੇ ਹਮਲੇ ਬਾਰੇ ਇਹ ਗੱਲ ਆਮ ਕਰਕੇ ਸੁਣਨ ਪੜ੍ਹਨ ਨੂੰ ਮਿਲਦੀ ਹੈ ਕਿ ਫੌਜ ਨੇ ਦਰਬਾਰ ਸਾਹਿਬ ਦੇ ਨਾਲ ਤਿੰਨ ਦਰਜਨ ਤੋਂ ਵੱਧ ਹੋਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੁਝ ਕੁ ਥਾਵਾਂ ਬਾਰੇ ਹੀ ਵਧੇਰੇ ਵੇਰਵੇ ਮਿਲਦੇ ਹਨ। ਸਰਕਾਰੀ ਚਿੱਠੇ ਵਿੱਚ ਇਹਨਾਂ ਗੁਰਦੁਆਰਾ ਸਾਹਿਬਾਨ ਦੀ ਗਿਣਤੀ 42 ਮੰਨੀ ਗਈ ਹੈ, ਇਸੇ ਤਰ੍ਹਾਂ ਵੱਖ ਵੱਖ ਲਿਖਤਾਂ ਵਿੱਚ ਵੱਖੋ ਵੱਖ ਗਿਣਤੀ ਮਿਲਦੀ ਹੈ ਪਰ ਮੁਕੰਮਲ ਸੂਚੀ ਤੇ ਵੇਰਵੇ ਸਾਡੇ ਨਜ਼ਰੀਂ ਨਾ ਪੈਣ ਕਾਰਨ ਅਸੀਂ ਇਹ ਲੜੀ “ਜੂਨ 1984 ਦੇ ਹਮਲੇ” ਵਿਓਂਤ ਰਹੇ ਹਾਂ ਜਿਸ ਰਾਹੀਂ ਅਸੀਂ ਉਹਨਾਂ ਗੁਰਦੁਆਰਾ ਸਾਹਿਬਾਨ ਬਾਰੇ ਜਾਣਕਾਰੀ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੇ ਅਧਾਰਤ ਜਾਣਕਾਰੀ ਸਾਂਝੀ ਕਰਾਂਗੇ ਜਿਨ੍ਹਾਂ ਉੱਤੇ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਦੇ ਨਾਲ ਹੀ ਵੱਖੋ ਵੱਖਰੇ ਰੂਪਾਂ ਵਿੱਚ ਹਮਲਾ ਕੀਤਾ ਗਿਆ ਸੀ। ਗੁਰੂ ਪਾਤਸ਼ਾਹ ਮਿਹਰ ਕਰਨ ਜੋ ਕੁਝ ਇਤਿਹਾਸ ਵਿੱਚ ਸਾਡੇ ਨਾਲ ਵਾਪਰਿਆ ਉਹ ਅਸੀਂ ਅਗਲੀਆਂ ਪੀੜੀਆਂ ਤੱਕ ਪਹੁੰਚਾ ਸਕੀਏ ਅਤੇ ਇਹਨਾਂ ਘੱਲੂਘਾਰਿਆਂ ਤੋਂ ਚਾਨਣ ਲੈ ਸਕੀਏ।
ਇਸ ਕਾਰਜ ਵਿੱਚ ਜਿਹੜੇ ਪੰਥ ਦਰਦੀਆਂ ਨੇ ਸਹਿਯੋਗ ਦਿੱਤਾ ਅਤੇ ਦੇ ਰਹੇ ਨੇ ਉਹਨਾਂ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ।
⊕ ਪਹਿਲੀ ਕੜੀ – ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ
• ਦੂਜੀ ਕੜੀ ਤਹਿਤ ਗੁਰਦੁਆਰਾ ਧਮਤਾਨ ਸਾਹਿਬ (ਜੀਂਦ, ਹਰਿਆਣਾ) ‘ਤੇ ਫੌਜੀ ਹਮਲੇ ਬਾਰੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ‘ਤੇ ਅਧਾਰਿਤ ਲਿਖਤ 4 ਜੂਨ 2020 ਨੂੰ ਸਵੇਰੇ 7 ਵਜੇ (ਅੰਮਿ੍ਰਤਸਰ ਸਾਹਿਬ ਦੇ ਸਮੇ ਮੁਤਾਬਿਕ) ਸਾਂਝੀ ਕੀਤੀ ਜਾਵੇਗੀ ਜੀ।