ਲੁਧਿਆਣਾ: ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਟੀਮ ਇਨਸਾਫ ਵੱਲੋਂ ਕੱਲ੍ਹ ਐਲਾਨ ਕੀਤਾ ਗਿਆ ਕਿ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਦੀਆਂ ਸਾਰੀਆਂ 14 ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨਗੇ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਬੈਂਸ ਭਰਾਵਾਂ ਨੇ ਕਿਹਾ ਕਿ ਜਿਸ ਵਿਧਾਨ ਸਭਾ ਹਲਕੇ ਵਿੱਚ ਟੀਮ ਇਨਸਾਫ ਦਾ ਆਧਾਰ ਮਜ਼ਬੂਤ ਹੈ ਉੱਥੇ ਵੀ ਉਮੀਦਵਾਰ ਖੜੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਮਖਿਆਲੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਤੇ ਸਮਝੌਤਾ ਕਰਨ ਦਾ ਰਾਹ ਵੀ ਖੁੱਲ੍ਹਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ, ਲੋਕਾਂ ਨੂੰ ਚੰਗਾ ਪ੍ਰਸ਼ਾਸਨ ਮੁਹੱਈਆ ਕਰਾਉਣਾ ਹੀ ਟੀਮ ਇਨਸਾਫ ਦਾ ਟੀਚਾ ਮਿਥਿਆ ਗਿਆ ਹੈ।ਟੀਮ ਇਨਸਾਫ ਵੱਲੋਂ ਆਪਣਾ ਪੂਰਾ ਧਿਆਨ ਜ਼ਿਲ੍ਹਾ ਲੁਧਿਆਣਾ ਤੇ ਹੀ ਕੇਂਦਰਿਤ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਦੀ ਤਾਕਤ ਦਾ ਅਹਿਸਾਸ ਕਰਵਾਉਣ ਲਈ ਸ਼ਹਿਰ ਦੇ ਸਾਰੇ 75 ਵਾਰਡਾਂ ਵਿੱਚ ਇੰਚਾਰਜ ਵੀ ਨਿਯੁਕਤ ਕਰ ਦਿੱਤੇ ਗਏ ਹਨ।ਮੋਜੂਦਾ ਸਮੇਂ ਲੁਧਿਆਣਾ ਸ਼ਹਿਰ ਦੇ 8 ਕੌਂਸਲਰ ਬੈਂਸ ਧੜੇ ਦੇ ਹਨ।
ਵਿਧਾਨ ਸਭਾ ਚੋਣਾਂ ਬਾਰੇ ਐਲਾਨ ਕਰਨ ਸਮੇਂ ਬੈਂਸ ਭਰਾਵਾਂ ਨਾਲ ਕੌਂਸਲਰ ਪਰਮਜੀਤ ਸਿੰਘ ਸੋਮਾ, ਦਲਜੀਤ ਸਿੰਘ ਭੋਲਾ ਗਰੇਵਾਲ, ਗੁਰਪ੍ਰੀਤ ਸਿੰਘ ਖੁਰਾਨਾ ਆਦਿ ਮੋਜੂਦ ਸਨ।