ਅੰਮ੍ਰਿਤਸਰ (ਸਿੱਖ ਸਿਆਸਤ ਬਿਊਰੋ; ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਸੇਵਾ ਵਾਲੇ ਬਾਬਿਆਂ ਨਾਲ ਮਿਲੀ ਭੁਗਤ ਕਾਰਨ 30-31 ਮਾਰਚ ਦੀ ਵਿਚਕਾਰਲੀ ਰਾਤ ਨੂੰ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਤੇ ਵਿਰਾਸਤੀ ਦਰਸ਼ਨੀ ਡਿਊੜੀ ਦੇ ਗੁੰਬਦ ਅਤੇ ਛੱਜੇ ਢਾਹ ਸੁੱਟੇ ਗਏ। ਪਰ ਤਰਨਤਾਰਨ ਸ਼ਹਿਰ ਦੀ ਜਾਗਰੂਕ ਸਿੱਖ ਸੰਗਤ ਵਲੋਂ ਮੌਕੇ ਤੇ ਜਿਤਾਏ ਜਬਰਦਸਤ ਵਿਰੋਧ ਅੱਗੇ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਅਤੇ ਸ਼੍ਰੋ.ਗੁ.ਪ੍ਰ.ਕ. ਦੇ ਕਰਿੰਦਿਆਂ ਦੀ ਕੋਈ ਵਾਹ ਨਾ ਚੱਲੀ ਤੇ ਡਿਊੜੀ ਦਾ ਵੱਡਾ ਹਿੱਸਾ ਨੇਸਤੋਂ ਨਾਬੂਦ ਹੋਣ ਤੋਂ ਬਚ ਗਿਆ। ਜ਼ਿਕਰਯੋਗ ਹੈ ਕਿ ਲੰਘੀ ਰਾਤ ਸਥਾਨਕ ਸਿੱਖਾਂ ਵਲੋਂ ਸਿੱਖ ਸਿਆਸਤ ਤੱਕ ਇਹ ਜਾਣਕਾਰੀ ਪਹੁੰਚਾਈ ਗਈ ਸੀ ਕਿ ਕਾਰਸੇਵਾ ਵਾਲਿਆਂ ਵਲੋਂ ਇਤਿਹਾਸਕ ਦਰਸ਼ਨੀ ਡਿਓੜੀ ਢਾਹੀ ਜਾ ਰਹੀ ਹੈ ਜਿਸ ਬਾਰੇ ਸਿੱਖ ਸਿਆਸਤ ਵਲੋਂ ਨਸ਼ਰ ਕੀਤੀ ਗਈ ਜਾਣਕਾਰੀ ਬਿਜਲ ਸੱਥ ਚ ਚਰਚਾ ਚ ਰਹੀ ਤੇ ਡਿਊੜੀ ਢਾਹੇ ਜਾਣ ਬਾਰੇ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਰੋਸ ਫੈਲ ਗਿਆ। ਇਸ ਸਭ ਦਰਮਿਆਨ ਅੱਜ ਸਵੇਰੇ ਇਸ ਬਾਰੇ ਹੋਰ ਜਾਣਕਾਰੀ ਤੇ ਦ੍ਰਿਸ਼/ਤਸਵੀਰਾਂ ਸਾਹਮਣੇ ਆਉਣ ਲੱਗੀਆਂ ਜਿਸ ਨਾਲ ਸੰਗਤਾਂ ਦੇ ਵਧਰੇ ਰੋਹ ਦੇ ਮੱਦੇਨਜ਼ਰ ਸ਼੍ਰੋ.ਗੁ.ਪ੍ਰ.ਕ. ਨੇ ਸਬੰਧਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਹੈ। ਸ਼੍ਰੋ.ਗੁ.ਪ੍ਰ.ਕ. ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ।
ਬਾਅਦ ਦੁਪਿਹਰ ਜਦੋਂ ਸਿੱਖ ਸਿਆਸਤ ਦੇ ਪੱਤਰਕਾਰ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਪਹੁੰਚ ਕੇ ਹਾਲਾਤਾਂ ਦੀ ਜਾਣਕਾਰੀ ਇੱਕਤਰ ਕੀਤੀ ਤਾਂ ਪਤਾ ਲੱਗਿਆ ਕਿ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੀ ਸ਼ਹਿਰ ਦੇ ਅੰਦਰੂਨੀ ਹਿੱਸੇ ਵਾਲੀ ਜੋ ਦਰਸ਼ਨੀ ਡਿਊੜੀ ਤੋੜਣ ਦੀ ਕਾਰਵਾਈ ਅੰਜ਼ਾਮ ਦਿੱਤੀ ਗਈ ਹੈ। ਇਹ ਕੋਈ ਕਾਹਲੀ ਨਾਲ ਲਿਆ ਫੈਸਲਾ ਨਹੀਂ ਹੈ ਬਲਕਿ ਬੜੀ ਹੀ ਵਿਊਂਤਬੰਦੀ ਨਾਲ ਨੇਪਰੇ ਚਾੜਿਆ ਕੰਮ ਹੈ।
⊕ ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਤੇ ਮੁੜ ਚੱਲਿਆ ਕਾਰਸੇਵਾ ਦਾ ਹਥੌੜਾ
ਮੌਕੇ ਤੇ ਪੁਜੇ ਹੋਏ ਆਮ ਲੋਕ ਅਤੇ ਨੇੜਲੇ ਇਲਾਕਿਆਂ ਤੋਂ ਪੁਜੇ ਜਾਗਰੂਕ ਸਿੱਖ ਤੇ ਪੰਥ ਦਰਦੀ ਬਿਆਨ ਰਹੇ ਸਨ ਕਿ ਇਸ ਡਿਊੜੀ ਨੂੰ ਸਭ ਤੋਂ ਪਹਿਲਾਂ 14 ਸਤੰਬਰ 2018 ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਮੌਕੇ ਸ਼੍ਰੋ.ਗੁ.ਪ੍ਰ.ਕ. ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਅਤੇ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਵਿਸ਼ੇਸ਼ ਤੌਰ ਤੇ ਹਾਜਰ ਹੋਏ ਸਨ। ਇਹ ਵੀ ਦੱਸਿਆ ਗਿਆ ਹੈ ਕਿ ਡਿਊੜੀ ਨੂੰ ਢਾਹ ਕੇ ਪਹਿਲੇ ਹੀ ਨਕਸ਼ੇ ਅਨੁਸਾਰ ਤਿਆਰ ਕਰਨ ਬਾਰੇ ਸ਼੍ਰੋ.ਗੁ.ਪ੍ਰ.ਕ. ਦੀ ਕਾਰਜਕਾਰਣੀ ਨੇ ਮਤਾ ਨੰਬਰ 550 ਮਿਤੀ 12ਜੁਲਾਈ 2018 ਪਾਸ ਕੀਤਾ। ਪਰ ਉਸ ਵੇਲੇ ਇਸ ਕਾਰਵਾਈ ਦਾ ਸੰਗਤ ਵਲੋਂ ਵਿਰੋਧ ਜਿਤਾਉਣ ਤੇ ਸ਼੍ਰੋ.ਗੁ.ਪ੍ਰ.ਕ. ਦੀ ਕਾਰਜਕਾਰਣੀ ਮਿਤੀ 18 ਅਕਤੂਬਰ 2018 ਨੇ ਮਤਾ ਨੰਬਰ 765 ਰਾਹੀਂ ਇਸ ਕਾਰਸੇਵਾ ਤੇ ਰੋਕ ਲਗਾ ਦਿੱਤੀ ਸੀ।
ਜਾਣਕਾਰਾਂ ਦਾ ਕਹਿਣਾ ਸੀ ਕਿ ਕਮੇਟੀ ਵਲੋਂ ਅਕਤੂਬਰ 2018 ਵਿੱਚ ਰੋਕ ਲੱਗਾਏ ਜਾਣ ਦੇ ਬਾਵਜੂਦ ਵੀ ਕਾਰਸੇਵਾ ਵਾਲੇ ਬਾਬਿਆਂ ਨੇ ਡਿਊੜੀ ਦੇ ਅੰਦਰ ਬਾਹਰ ਲਗਾਈ ਸ਼ਟਰਿੰਗ ਨਹੀਂ ਸੀ ਹਟਾਈ।
ਉਹ ਦੱਸਦੇ ਹਨ ਕਿ ਦੋ ਦਿਨ ਪਹਿਲਾਂ ਅਚਨਚੇਤ ਹੀ ਬਾਬਿਆਂ ਵਲੋਂ ਸ਼ਟਰਿੰਗ ਹਟਾ ਲਈ ਗਈ ਤਾਂ ਸੰਗਤਾਂ ਨਿਸ਼ਚਿੰਤ ਹੋ ਗਈਆਂ ਕਿ ਹੁਣ ਡਿਊੜੀ ਬਚ ਗਈ ਹੈ। ਪਰ 30-31 ਮਾਰਚ ਦੀ ਰਾਤ ਨੂੰ ਕਾਰਸੇਵਾ ਵਾਲੇ ਬਾਬਿਆਂ ਨੇ ਸ਼੍ਰੋ.ਗੁ.ਪ੍ਰ.ਕ. ਦੀ ਮਿਲੀ ਭੁਗਤ ਨਾਲ ਦਰਬਾਰ ਸਾਹਿਬ (ਤਰਨ ਤਾਰਨ ਸਾਹਿਬ) ਦੀ ਇਸ ਡਿਊੜੀ ਦੇ ਸਾਰੇ ਪਹੁੰਚ ਰਸਤੇ ਮੌਕੇ ਉੱਤੇ ਬੰਦ ਕਰ ਦਿੱਤੇ ਤੇ ਦੇਰ ਰਾਤ ਡਿਓੜੀ ਦੀ ਤੋੜ ਭੰਨ ਸ਼ੁਰੂ ਕਰ ਦਿੱਤੀ।
ਜਿਉਂ ਹੀ ਸਿੱਖ ਸੰਗਤਾਂ ਨੂੰ ਪਤਾ ਲਗਾ ਤਾਂ ਉਹ ਮੌਕੇ ਤੇ ਪੁਜੀਆਂ ਜਿਥੇ ਕਾਰਸੇਵਾ ਵਾਲੇ ਕਰਿੰਦੇ ਤੇ ਕਮੇਟੀ ਮੁਲਾਜਮ ਉਨ੍ਹਾਂ ਨੂੰ ਰੋਕਣ ਤੇ ਪੁਲਿਸ ਮੌਕਾ ਸੰਭਾਲਣ ਲਈ ਮੌਕੇ ਤੇ ਮੌਜੂਦ ਸੀ।
ਸੰਗਤ ਦੇ ਵੱਡੀ ਗਿਣਤੀ ਪਹੁੰਚ ਜਾਣ ਕਾਰਣ ਕਾਰ ਸੇਵਾ ਵਾਲਿਆਂ ਨੂੰ ਆਪਣਾ ਕੰਮ ਅੱਧ ਵਿਚਾਲੇ ਛੱਡਣਾ ਪਿਆ।
ਲੇਕਿਨ ਤਦ ਤੀਕ ਡਿਊੜੀ ਦੇ ਚਾਰੋਂ ਗੁੰਬਦ, ਚੁਫੇਰੇ ਦਾ ਛੱਜਾ ਹੇਠਾਂ ਸੱੁਟਿਆ ਜਾ ਚੁਕਾ ਸੀ। ਧੁਰ ਉਪਰਲੀ ਮੰਜਿਲ ’ਤੇ ਪੌੜੀਆਂ ਉਪਰਲੀ ਮਮਟੀ ਵਾਲਾ ਗੁੰਬਦ ਅੱਧਾ ਨੁਕਸਾਨਿਆ ਜਾ ਚੱੁਕਾ ਸੀ ।ਦੱਸਿਆ ਗਿਆ ਹੈ ਕਿ ਬਾਬਿਆਂ ਦੇ ਚਲੇ ਜਾਣ ਬਾਅਦ ਵੀ ਸੰਗਤ ਨੂੰ ਪਹਿਰੇਦਾਰੀ ਜਾਰੀ ਰੱਖੀ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਗੰਡੀਵਿੰਡ, ਜਿਸਦੀ ਸਹਿਮਤੀ ਤੇ ਨਿਗਰਾਨੀ ਹੇਠ ਇਹ ਸਾਰੀ ਤੋੜ ਭੰਨ ਹੋਈ ਉਸਨੇ ਹੀ ਸਵੇਰੇ ਆਲੇ ਦੁਆਲੇ ਖਿਲਰੇ ਮਲਬੇ ਨੂੰ ਚੁਕਵਾਇਆ।
ਅੰਮ੍ਰਿਤਸਰ ਵਿੱਚ ਸਲਾਨਾ ਖਾਤੇ ਬੰਦ ਕਰਨ ਕਾਰਣ ਲੱਗੇ ਹੋਏ ਸ਼੍ਰੋ.ਗੁ.ਪ੍ਰ.ਕ. ਦਫਤਰ ਨੇ ਜਾਣਕਾਰੀ ਮਿਲਣ ਤੇ ਕਾਹਲੀ ਨਾਲ ਸਬੰਧਤ ਮੈਨੇਜਰ ਨੂੰ ਨੌਕਰੀ ਤੋਂ ਮੁਅਤਲ ਕਰਨ ਤੇ ਕਾਰਸੇਵਾ ਦੀ ਕਾਰਵਾਈ ਤੇ ਰੋਕ ਲਗਾਏ ਜਾਣ, ਬਾਬਿਆਂ ਦੀਆਂ ਗੋਲਕਾਂ ਚੁਕਵਾਣ ਦਾ ਹੁਕਮ ਸੁਣਾਇਆ।
ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ; ਧਾਰਾ 85 ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਜਿੰਮੇਵਾਰ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕਨੋਾ; ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਿੱਜੀ ਸਹਾਇਕ ਸੁਖਮਿੰਦਰ ਸਿੰਘ ਤਰਨਤਾਰਨ ਸਾਹਿਬ ਪੁਜੇ ਤੇ ਮੌਕੇ ਦਾ ਜਾਇਜਾ ਲਿਆ।
ਕੁਝ ਸਮੇਂ ਬਾਅਦ ਗੋਬਿੰਦ ਸਿੰਘ ਲੋਂਗੋਵਾਲ ਵੀ ਮੌਕੇ ਤੇ ਪੁਜੇ ਪਰ ਓਥੇ ਮੌਜੂਦ ਸਿੱਖ ਸੰਗਤਾਂ ਦੇ ਨੇੜੇ ਜਾਣਾ ਵੀ ਜਰੂਰੀ ਨਹੀ ਸਮਝਿਆ।
ਕੰਬਦੀ ਜੁਬਾਨ ਨਾਲ ਸ਼੍ਰੋ.ਗੁ.ਪ੍ਰ.ਕ. ਦੱਸ ਰਹੇ ਸਨ ਕਿ ਜੋ ਕੁਝ ਹੋਇਆ ਹੈ ਉਹ ਮੰਦ ਭਾਗਾ ਹੈ ਤੇ ਇਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਜਦੋਂ ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ ਸੰਗਤਾਂ ਦਾ ਦੋਸ਼ ਹੈ ਕਿ ਇਸ ਕਾਰਵਾਈ ਪਿੱਛੇ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਦਾ ਹੱਥ ਹੈ ਤਾਂ ਪ੍ਰਧਾਨ ਸਾਹਿਬ ਦੱਬੀ ਜੁਬਾਨ ਨਾਲ ਕਹਿ ਰਹੇ ਸਨ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਸ਼੍ਰੋ.ਗੁ.ਪ੍ਰ.ਕ. ਨੇ ਅੱਜ ਸ਼ਾਮ ਤੱਕ ਇਸ ਘਟਨਾ ਬਾਬਾਤ ਕੋਈ ਕਾਨੂੰਨੀ ਕਾਰਵਾਈ ਜਾਂ ਪੁਲਿਸ ਸ਼ਿਕਾਇਤ ਵਗੈਰਾ ਦਰਜ਼ ਨਹੀਂ ਸੀ ਕਰਵਾਈ।