ਚੰਡੀਗੜ੍ਹ: ਦੱਖਣ ਵਿਚ ਪਾਣੀ ਦੀ ਵੰਡ ਨੂੰ ਲੈ ਕੇ ਚਲ ਰਹੇ ਟਕਰਾਅ ਦਰਮਿਆਨ ਤਾਮਿਲ ਨਾਡੂ ਦੀ ਡੀ.ਐਮ.ਕੇ ਪਾਰਟੀ ਨੇ 5 ਅਪ੍ਰੈਲ ਨੂੰ ਸੂਬਾ ਪੱਧਰੀ ਬੰਦ ਦਾ ਐਲਾਨ ਕੀਤਾ ਹੈ। ਕਾਵੇਰੀ ਦਰਿਆ ਦੇ ਪਾਣੀ ਦੀ ਵੰਡ ਲਈ ਕਾਵੇਰੀ ਮੈਨੇਜਮੈਂਟ ਬੋਰਡ ਨਾ ਬਣਾਉਣ ਕਾਰਨ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਡੀ.ਐਮ.ਕੇ ਦੇ ਮੁਖੀ ਐਮ.ਕੇ ਸਟਾਲਿਨ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ।
ਪ੍ਰਦਰਸ਼ਨ ਦੌਰਾਨ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਟਾਲਿਨ ਨੇ 5 ਅਪ੍ਰੈਲ ਦੇ ਬੰਦ ਦਾ ਐਲਾਨ ਕੀਤਾ, ਜਿਸ ਵਿਚ ਰੇਲ ਅਤੇ ਸੜਕੀ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬੰਦ ਤੋਂ ਬਾਅਦ ਕਾਵੇਰੀ ਦੇ ਪਾਣੀ ‘ਤੇ ਹੱਕ ਲੈਣ ਲਈ ਯਾਤਰਾ ਕੀਤੀ ਜਾਵੇਗੀ।
ਡੀ.ਐਮ.ਕੇ ਪਾਰਟੀ ਨੇ ਕਿਹਾ ਕਿ ਜਦੋਂ ਵੀ ਕਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲ ਨਾਡੂ ਵਿਚ ਆਏ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਵਿਚ ਕਾਂਗਰਸ ਅਤੇ ਟੀ.ਵੀ.ਕੇ ਪਾਰਟੀ ਦੇ ਆਗੂ ਵੀ ਸ਼ਾਮਿਲ ਹੋਏ।
ਇਸ ਦੌਰਾਨ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਟੀਵੀਕੇ ਪਾਰਟੀ ਦੇ ਮੈਂਬਰਾਂ ਵਲੋਂ ਇਕ ਟੋਲ ਪਲਾਜ਼ਾ ਵੀ ਭੰਨ ਦਿੱਤਾ ਗਿਆ। ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਕਿਹਾ ਕਿ ਕਰਨਾਟਕਾ ਵਿਚ ਚੋਣਾਂ ਸਿਰ ‘ਤੇ ਹੋਣ ਕਾਰਨ ਭਾਜਪਾ ਕਰਨਾਟਕਾ ਦਾ ਪੱਖ ਪੂਰ ਰਹੀ ਹੈ ਜੋ ਕਾਵੇਰੀ ਮੈਨੇਜਮੈਂਟ ਬੋਰਡ ਬਣਾਉਣ ਦੇ ਖਿਲਾਫ ਹੈ।
ਜਿਕਰਯੋਗ ਹੈ ਕਿ ਕਰਨਾਟਕਾ ਅਤੇ ਕਾਵਰੀ ਦਰਮਿਆਨ ਚਲ ਰਹੇ ਇਸ ਪਾਣੀ ਦੇ ਵਿਵਾਦ ਸਬੰਧੀ ਫੈਂਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 6 ਹਫਤਿਆਂ ਵਿਚ ਕਾਵੇਰੀ ਮੈਨੇਜਮੈਂਟ ਬੋਰਡ ਬਣਾਉਣ ਲਈ ਕਿਹਾ ਸੀ, ਜਿਸ ਦੀ ਮਿਆਦ 29 ਮਾਰਚ ਨੂੰ ਖਤਮ ਹੋ ਗਈ ਹੈ।