ਚੀਨ ਅਤੇ ਇੰਡੀਆ ਲੱਦਾਖ ਖੇਤਰ ਦੀ ਗਲਬਾਨ ਘਾਟੀ ਵਿੱਚ ਪਿਛਲੇ ਮਹੀਨੇ ਤੋਂ ਇੱਕ ਦੂਜੇ ਦੇ ਆਹਮੋ ਸਾਹਮਣੇ ਹਨ । 5 ਅਤੇ 9 ਮਈ ਨੂੰ ਦੋਵਾਂ ਧਿਰਾਂ ਦੇ ਫੌਜੀਆਂ ਦਰਮਿਆਨ ਹੋਈਆਂ ਝੜਪਾਂ ਤੋਂ ਬਾਅਦ 15 ਅਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਮੁੜ ਇੱਕ ਖੂਨੀ ਝੜਪ ਹੋਈ ਜਿਸ ਵਿੱਚ ਇੰਡੀਅਨ ਫੌਜ ਦੇ 20 ਫੌਜੀ, ਸਮੇਤ ਇੱਕ ਕਮਾਂਡਿੰਗ ਅਫਸਰ, ਦੇ ਮਾਰੇ ਗਏ। ਖਬਰਾਂ ਮੁਤਾਬਕ ਇਸ ਝੜਪ ਵਿੱਚ ਚੀਨ ਦੇ ਫੌਜੀ ਵੀ ਮਾਰੇ ਗਏ ਹਨ ਪਰ ਉਨ੍ਹਾਂ ਦੀ ਗਿਣਤੀ ਬਾਰੇ ਚੀਨੀ ਸਰਕਾਰ ਜਾਂ ਚੀਨ ਦੇ ਖਬਰਖਾਨੇ ਨੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ। ਇਸ ਦੌਰਾਨ ਚੀਨੀ ਫੌਜ ਨੇ ਇੰਡੀਆ ਦੇ ਕੁਝ ਫੌਜੀ ਕਾਬੂ ਵੀ ਕਰ ਲਏ ਸਨ ਤੇ ਚੀਨ ਵੱਲੋਂ 10 ਇੰਡੀਅਨ ਫੌਜੀਆਂ ਨੂੰ 19 ਜੂਨ ਨੂੰ ਰਿਹਾਅ ਕੀਤਾ ਗਿਆ।
ਸਿੱਖ ਸਿਆਸਤ ਵੱਲੋਂ ਲੇਖਕ ਤੇ ਵਿਸ਼ਲੇਸ਼ਕ ਅਜੈਪਾਲ ਸਿੰਘ ਬਰਾੜ ਨਾਲ ਇਸ ਘਟਨਾਕ੍ਰਮ ਬਾਬਤ ਗੱਲਬਾਤ ਕੀਤੀ ਗਈ। 17 ਜੂਨ 2020 ਨੂੰ ਭਰੀ ਗਈ ਇਸ ਗੱਲਬਾਤ ਵਿੱਚ ਗਲਵਾਨ ਘਾਟੀ ਅਤੇ ਪੁਆਇੰਟ ਐਮ-14, ਉਹ ਥਾਂ ਜਿਸ ਉੱਪਰ ਦੋਵਾਂ ਫੌਜਾਂ ਦਰਮਿਆਨ ਝਗੜਾ ਹੋਇਆ ਸੀ, ਦੀ ਰਣਨੀਤਕ ਮਹੱਤਤਾ ਬਾਰੇ ਚਰਚਾ ਕੀਤੀ ਗਈ। ਇਸ ਗੱਲਬਾਤ ਦੌਰਾਨ ਇਸ ਵਿਸ਼ੇ ਉੱਪਰ ਵੀ ਚਰਚਾ ਹੋਈ ਕਿ ਇਸ ਖੇਤਰ ਵਿੱਚ ਦੋਵਾਂ ਧਿਰਾਂ ਵੱਲੋਂ ਆਪਣੇ ਆਪਣੇ ਦਾਅਵੇ ਕਾਇਮ ਰੱਖਣ ਬਾਰੇ ਇਨ੍ਹਾਂ ਧਿਰਾਂ ਦੀ ਕਿੰਨੀ ਅਤੇ ਕੀ-ਕੀ ਤਿਆਰੀ ਹੈ। ਇਸ ਤੋਂ ਇਲਾਵਾ ਇਸ ਗੱਲਬਾਤ ਵਿੱਚ ਇਸ ਵਿਸ਼ੇ ਉਪਰ ਵੀ ਚਰਚਾ ਹੋਈ ਕਿ ਇਸ ਟਕਰਾਅ ਦਾ ਦੱਖਣੀ ਏਸ਼ੀਆ, ਇੰਡੀਅਨ ਉੱਪ-ਮਹਾਂਦੀਪ, ਪੰਜਾਬ ਅਤੇ ਸਿੱਖਾਂ ਉੱਪਰ ਕੀ ਅਸਰ ਪੈ ਸਕਦਾ ਹੈ।