ਲੁਧਿਆਣਾ (ਫਰਵਰੀ 22, 2010): ਬੀਤੇ ਦਿਨੀਂ ਪਾਕਿਸਤਾਨ ਦੇ ਇਲਾਕੇ ਪਿਸ਼ਾਵਰ ਵਿੱਚ ਤਾਲਿਬਾਨ ਵੱਲੋਂ ਦੋ ਸਿੱਖਾਂ ਨੂੰ ਜ਼ਜੀਆ (ਜਿੰਦਗੀ ਕਰ) ਨਾ ਦੇਣ ਕਾਰਨ ਸਿਰ ਕਲਮ ਕਰ ਕੇ ਮਾਰ ਦੇਣ ਦੀ ਘਟਨਾ ਦੀ ਦੇਸ ਪੰਜਾਬ, ਭਾਰਤ ਅਤੇ ਸਮੁੱਚੇ ਸੰਸਾਰ ਵਿੱਚ ਨਿੰਦਾ ਹੋ ਰਹੀ ਹੈ। ਪੰਜਾਬ ਵਿੱਚ ਜਿੱਥੇ ਭਾਜਪਾ ਦੇ ਐਮ. ਪੀ ਨਵਜੋਤ ਸਿੰਘ ਸਿੱਧੂ ਨੇ ਅਟਾਰੀ-ਵਾਹਗਾ ਸਰਹੱਦ ਵਿਖੇ ਪ੍ਰਦਰਸ਼ਨ ਕੀਤਾ ਓਥੇ ਨਵੀਂ ਦਿੱਲੀ ਵਿਖੇ ਵੀ ਭਾਜਪਾ ਕਰਕੁੰਨਾ ਨੇ ਇਸ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਹਨ।
ਕਈ ਸਿੱਖ ਜਥੇਬੰਦੀਆਂ ਨੇ ਵੀ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਭਾਰਤ ਸਰਕਾਰ ਨੂੰ ਪਾਕਿਸਤਾਨ ਵਿੱਚ ਤੇ ਖਾਸ ਕਰ ਪਿਸ਼ਾਵਰ ਵਿੱਚ ਰਹਿੰਦੇ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਮੰਗ ਉਠਾਈ ਹੈ। ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਕਾਲ ਤਖਤ ਸਾਹਿਬ, ਨੇ ਭਾਰਤ ਨੂੰ ਇਹ ਪਾਕਿਸਤਾਨ ਨਾਲ ਹੋਣ ਵਾਲੀ ਸਫਾਰਤੀ ਗੱਲਬਾਤ ਮੌਕੇ ਉਠਾਉਣ ਲਈ ਕਿਹਾ ਹੈ।
ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੇ ਹੋਰ ਭਾਈਚਾਰਿਆਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੇ ਜਾਨ ਮਾਲ ਦੀ ਹਿਫਾਜ਼ਤ ਯਕੀਨੀ ਬਣਾਉਣ ਲਈ ਕਿਹਾ ਹੈ।