ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਨੂੰ ਗਲਤ ਮੁਆਫੀ ਦਵਾਉਣ, ਬੇਅਦਬੀ ਘਟਨਾਵਾਂ ਨਾਲ ਡੇਰਾ ਸਿਰਸਾ ਦੇ ਤਾਰ ਜੁੜਨ ਅਤੇ ਬਹਿਬਲ ਕਲਾਂ, ਕੋਟਕਪੂਰਾ ਸਾਕਿਆਂ ਵਿਚ ਬਾਦਲ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਦੇ ਤੱਥ ਸਾਹਮਣੇ ਆਉਣ ਮਗਰੋਂ ਟਕਸਾਲੀ ਅਕਾਲੀ ਆਗੂਆਂ ਦੀਆਂ ਬਾਗੀ ਸੁਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ‘ਤੇ ਕਾਬਜ਼ ਬਾਦਲ ਪਰਿਵਾਰ ਆਪਣੀ ਪਕੜ ਨੂੰ ਬਣਾ ਕੇ ਰੱਖਣ ਲਈ ਭੱਜ ਨੱਠ ਕਰ ਰਿਹਾ ਹੈ ਉੱਥੇ ਟਕਸਾਲੀ ਅਕਾਲੀ ਆਗੂਆਂ ਨੇ ਹੁਣ ਬਾਦਲਾਂ ਦੀਆਂ ਨੀਤੀਆਂ ਅਤੇ ਕਾਰਵਾਈਆਂ ਖਿਲਾਫ ਜਨਤਕ ਤੌਰ ‘ਤੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ਵਿਚ ਸ਼ਾਮਿਲ ਹੁੰਦਿਆਂ ਟਕਸਾਲੀ ਅਕਾਲੀ ਆਗੂ ਰਤਨ ਸਿੰਘ ਅਜਨਾਲਾ ਨੇ ਪਾਰਟੀ ਦੀਆਂ ਕਾਰਵਾਈਆਂ ਨਾਲ ਅਸਹਿਮਤੀ ਅਤੇ ਨਰਾਜ਼ਗੀ ਪ੍ਰਗਟ ਕਰਦਿਆਂ ਬਾਦਲਾਂ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਨਾ ਜਾਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਡੇਰਾ ਸਿਰਸਾ ਮੁਖੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦੁਆਈ ਗਈ ਸੀ ਉਸ ਨਾਲ ਸਿੱਖ ਕੌਮ ਸਹਿਮਤ ਨਹੀਂ ਹੈ ਤੇ ਨਾ ਹੀ ਅਕਾਲੀ ਸਰਕਾਰ ਵੇਲੇ ਬਰਗਾੜੀ ਵਰਗੀਆਂ ਬੇਅਦਬੀ ਘਟਨਾਵਾਂ ਵਾਪਰਨੀਆਂ ਚਾਹੀਦੀਆਂ ਸਨ।
ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਹਾਂ, ਤੇ ਰਹਿਣਾ ਵੀ ਅਕਾਲੀ ਹਾਂ, ਜੰਮੇ ਅਕਾਲੀ ਜਾਂ, ਮਰਨਾ ਅਕਾਲੀ ਹੈ, ਪਰ ਇਹ ਸਭ ਅਸੀਂ ਅਕਾਲੀ ਦਲ ਦੀ ਬਿਹਤਰੀ ਲਈ ਹੀ ਕਰ ਰਹੇ ਹਾਂ।
ਜੱਜ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿਚ ਬਾਦਲ ਪਰਿਵਾਰ ‘ਤੇ ਲੱਗੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਨੇ ਸਿੱਟ ਬਣਾ ਦਿੱਤੀ ਹੈ ਜੋ ਕਾਰਵਾਈ ਕਰੇਗੀ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਰਗਾੜੀ ਅਤੇ ਹੋਰ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਨ੍ਹਾਂ ਕਾਰਨ ਸਿੱਖ ਜਗਤ ਵਿਚ ਫੈਲੇ ਰੋਸ ਦਾ ਨਤੀਜਾ ਹੀ ਸੀ ਕਿ ਬਾਦਲ ਦਲ ਦੀ ਚੋਣਾਂ ਵਿਚ ਵੱਡੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅਕਾਲੀ ਹੋਵੇ ਉਹ ਪਹਿਲਾਂ ਸਿੱਖ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਨਹੀਂ ਸਹਾਰ ਸਕਦਾ।
ਰੈਲੀਆਂ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਆਪ ਜਾ ਜਾ ਕੇ ਕੀਤੇ ਜਾ ਰਹੇ ਪ੍ਰਚਾਰ ‘ਤੇ ਹੈਰਾਨੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ, “ਅੱਗੇ ਰੈਲੀਆਂ ਦੇ ਪ੍ਰਚਾਰ ਦਾ ਕੰਮ ਸਾਡਾ ਛੋਟੇ ਆਗੂਆਂ ਦਾ ਹੁੰਦਾ ਸੀ, ਪਰ ਮੈਂ ਹੈਰਾਨ ਹਾਂ ਕਿ ਇਹ ਕਿਵੇਂ ਤੁਰੇ ਫਿਰਦੇ ਨੇ।”
ਉਹਨਾਂ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਜੋ ਕੁਝ ਵੀ ਵਾਪਰਿਆ ਉਸ ਦਾ ਨਿਰੀਖਣ ਹੋਣਾ ਚਾਹੀਦਾ ਹੈ ਤੇ ਜੋ ਦੋਸ਼ੀ ਹੈ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਉਹ ਭਾਵੇਂ ਪ੍ਰਧਾਨ ਹੋਵੇ ਜਾ ਕੋਈ ਵੀ।