‘ਆਪ’ ਵਿਧਾਇਕ ਨਰੇਸ਼ ਯਾਦਵ ਨੇ ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟੇਰਟ ਸ੍ਰੀਮਤੀ ਪ੍ਰੀਤੀ ਸੁਖੀਜਾ ਦੀ ਅਦਾਲਤ ਵਿੱਚ ਮਾਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਸਬੰਧੀ ਪੇਸ਼ੀ ਭੁਗਤੀ। ਬਾਕੀ ਤਿੰਨੇ ਮੁਲਜ਼ਮਾਂ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਨੇ ਵੀਡੀਓ ਕਾਨਫਰੰਸ ਜ਼ਰੀਏ ਪੇਸ਼ੀ ਭੁਗਤੀ। ਯਾਦਵ ਵੱਲੋਂ ਸੋਮਵਾਰ ਐਡਵੋਕੇਟ ਰਜਿਤ ਗੌਤਮ, ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਐਡਵੋਕੇਟ ਗੋਬਿੰਦਰ ਮਿੱਤਲ ਪੇਸ਼ ਹੋਏ। ਅਦਾਲਤ ਨੇ ਮੁਲਜ਼ਮ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਦੀ ਅਗਲੀ ਪੇਸ਼ੀ 14 ਅਗਸਤ ਅਤੇ ਵਿਧਾਇਕ ਯਾਦਵ ਦੀ ਅਗਲੀ ਪੇਸ਼ੀ 12 ਸਤੰਬਰ ਨੂੰ ਤੈਅ ਕੀਤੀ ਹੈ।
ਦਿੱਲੀ ਦੇ ਮਹਿਰੌਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਸੰਗਰੂਰ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।
ਸੋਮਵਾਰ ਨੂੰ ਦਿਲੀ ਤੋਂ ਗ੍ਰਿਫ਼ਤਾਰ ਕੀਤੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸੰਗਰੂਰ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਇੱਥੇ ਸ੍ਰੀਮਤੀ ਪ੍ਰੀਤੀ ਸੁਖੀਜਾ ਵਧੀਕ ਸਿਵਲ ਜੱਜ ਸੀਨੀਅਰ ਡਵੀਜਨ ਕਮ ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਨਰੇਸ਼ ਯਾਦਵ ਦੇ ਹੱਕ ਵਿਚ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਬਾਰ ਕੌਂਸਲ ਪੰਜਾਬ, ਹਰਿਆਣਾ ਚੰਡੀਗੜ੍ਹ ਦੇ ਚੇਅਰਮੈਨ ਐਡਵੋਕੇਟ ਰਜਤ ਗੌਤਮ, ਐਡਵੋਕੇਟ ਗੋਬਿੰਦਰ ਮਿੱਤਲ ਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਪੈਨਲ ਵੱਲੋਂ ਦਿੱਤੀਆਂ ਦਲੀਲਾਂ ਦੇ ਬਾਵਜੂਦ ਅਦਾਲਤ ਨੇ ਵਿਧਾਇਕ ਨਰੇਸ਼ ਯਾਦਵ ਨੂੰ 27 ਜੁਲਾਈ ਤੱਕ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।
ਪੰਜਾਬ ਪੁਲਿਸ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਵਾਲੇ ਕੇਸ ਵਿਚ ਆਮ ਆਦਮੀ ਪਾਰਟੀ ਦੇ ਮਹਿਰੌਲੀ (ਦਿੱਲੀ) ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਦਿੱਲੀ ਸਥਿਤ ਘਰ ਅਤੇ ਦਫਤਰ 'ਚ ਛਾਪਾ ਮਾਰਿਆ ਪਰ ਉਹ ਉਥੇ ਨਹੀਂ ਮਿਲਿਆ।
ਮਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਵਿੱਚ ਸੰਗਰੂਰ ਪੁਲੀਸ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਤੋਂ ਕਰੀਬ ਅੱਠ ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਗਈ। ਪੁੱਛ-ਪੜਤਾਲ ਤੋਂ ਬਾਅਦ ਨਰੇਸ਼ ਯਾਦਵ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਉਸ ਨਾਲ ਬੇਹੱਦ ਜ਼ਿਆਦਤੀ ਅਤੇ ਮਾੜਾ ਵਿਵਹਾਰ ਕੀਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਬੇਅਦਬੀ ਮਾਮਲੇ ਵਿੱਚ ਉਸ ਉਪਰ ਦਬਾਅ ਪਾ ਕੇ ਜ਼ਬਰਦਸਤੀ ਗੱਲ ਮਨਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਧਰ ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ਦੋਸ਼ਾਂ ਨੂੰ ਨਕਾਰਦਿਆਂ ਏਨਾ ਜ਼ਰੂਰ ਮੰਨਿਆ ਕਿ ਪੁੱਛ-ਗਿੱਛ ਦੌਰਾਨ ਕੁਝ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਪੁਖ਼ਤਾ ਸਬੂਤ ਮਿਲ ਗਏ ਹਨ ਅਤੇ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕਰਨ ਲਈ ਉਹ ਅਦਾਲਤ ਪਾਸੋਂ ਵਾਰੰਟ ਹਾਸਲ ਕਰੇਗੀ।
24 ਜੂਨ ਨੂੰ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਵਿਜੈ ਕੁਮਾਰ ਦਾ ਪੋਲੀਗਰਾਫ਼ੀ ਟੈਸਟ ਜੋ ਅੱਜ (7 ਜੁਲਾਈ) ਨੂੰ ਦਿੱਲੀ ਵਿਖੇ ਸੀ.ਬੀ.ਆਈ. ਦੀ ਲੈਬਾਰਟਰੀ ਵਿਚ ਹੋਣਾ ਸੀ, ਹੁਣ ਅੱਗੇ ਪਾ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਪ੍ਰਿਤਪਾਲ ਸਿੰਘ ਥਿੰਦ ਨੇ ਮੀਡੀਆ ਨੂੰ ਦੱਸਿਆ ਕਿ ਦਿੱਲੀ ਵਿਚ ਈਦ ਦੀ ਛੁੱਟੀ ਹੋਣ ਕਾਰਨ ਅਜਿਹਾ ਕੀਤਾ ਗਿਆ ਹੈ ਅਤੇ ਹੁਣ ਨਵੀਂ ਤਰੀਕ ਲੈਣ ਲਈ 8 ਜੁਲਾਈ ਨੂੰ ਇਸ ਟੈਸਟ ਦੀ ਪ੍ਰਵਾਨਗੀ ਲਈ ਸੀ.ਬੀ.ਆਈ. ਨੂੰ ਮੁੜ ਅਰਜ਼ੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਇਸ ਕੇਸ 'ਚ ਦਿੱਲੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਨਰੇਸ਼ ਯਾਦਵ ਦੀ ਅਗਲੀ ਪੁੱਛਗਿੱਛ ਦੀ ਨਵੀਂ ਤਰੀਕ ਵੀ ਬਾਅਦ ਵਿਚ ਨਿਸ਼ਚਿਤ ਕੀਤੀ ਜਾਵੇਗੀ।
24 ਜੂਨ ਨੂੰ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਵਿਖੇ ਹੋਏ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਕੇਸ ਵਿਚ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਤੋਂ ਸੰਗਰੂਰ ਪੁਲਿਸ ਨੇ ਪਟਿਆਲਾ ਵਿਖੇ 5 ਘੰਟੇ ਤਕ ਪੁੱਛਗਿੱਛ ਕੀਤੀ। ਸਾਰੀ ਪੁੱਛਗਿੱਛ ਪਟਿਆਲਾ ਸੀ.ਆਈ.ਏ. ਸਟਾਫ ਵਿਖੇ ਹੋਈ।
ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਹੁਰਮਤੀ ਵਾਲੇ ਕੇਸ ਵਿਚ ਜਾਂਚ ਦੌਰਾਨ ਕਈ ਦਿਲਚਸਪ ਪਰਤਾਂ ਖੁੱਲ੍ਹ ਰਹੀਆਂ ਹਨ ਅਤੇ ਵੱਡੇ-ਵੱਡੇ ਵਿਅਕਤੀਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ। ਪੰਜਾਬ ਪੁਲਿਸ ਵੱਲੋਂ ਕਰਾਰ ਦਿੱਤੇ ਮੁੱਖ ਦੋਸ਼ੀ ਵਿਜੇ ਗਰਗ ਅਤੇ ਗੌਰਵ ਉਰਫ਼ ਗੋਲਡੀ ਦੀ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕਈ ਅਜਿਹੇ ਪਹਿਲੂ ਸਾਹਮਣੇ ਆ ਰਹੇ ਹਨ, ਜਿਸ ਨੇ ਪੁਲਿਸ ਨੂੰ ਵੀ ਦੰਗ ਕਰ ਦਿੱਤਾ ਹੈ। ਸੂਚਨਾ ਅਨੁਸਾਰ ਪੁਲਿਸ ਵੱਲੋਂ ਅੱਜ ਮੋਗਾ ਦੇ ਇਕ ਐਨ.ਆਰ.ਆਈ. ਕੇਵਲ ਸਿੰਘ ਸੰਘਾ ਅਤੇ ਉਸ ਦੇ ਮਿੱਤਰ ਸ਼ਿਵਦੇਵ ਸਿੰਘ ਸਿਰਸਾ ਅਤੇ ਨਵੀਨ ਸੈਣੀ (ਪਿੰਡ ਡੀਟਾਸੈਣੀਆਂ) ਦੀ ਕੀਤੀ ਗਈ ਪੁੱਛਗਿੱਛ ਦੌਰਾਨ ਅੱਜ ਇਹ ਪੁਸ਼ਟੀ ਹੋ ਗਈ ਕਿ ਮੁੱਖ ਦੋਸ਼ੀ ਵੱਲੋਂ ਕੇਵਲ ਸਿੰਘ ਸੰਘਾ ਨੂੰ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਿਵਾਉਣ ਲਈ ਇਨ੍ਹਾਂ ਸਾਰਿਆਂ ਦੀ 28 ਜੂਨ ਲਈ ਨਰੇਸ਼ ਯਾਦਵ ਨਾਲ ਮੀਟਿੰਗ ਨਿਸ਼ਚਿਤ ਕੀਤੀ ਗਈ ਸੀ ਜੋ 27 ਜੂਨ ਨੂੰ ਦੋਸ਼ੀਆਂ ਦੇ ਗ੍ਰਿਫਤਾਰ ਹੋਣ ਕਾਰਨ ਸਿਰੇ ਨਾ ਚੜ੍ਹ ਸਕੀ।