ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਅਤਿ ਗੰਭੀਰ, ਦੁਖਦਾਈ ਅਤੇ ਸੰਵੇਦਨਸ਼ੀਲ ਮਸਲਾ ਹੈ। ਬੇਅਦਬੀ ਦੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਇਹ ਘਟਨਾਵਾਂ ਕਰਵਾਈਆਂ ਜਾ ਰਹੀਆਂ ਹਨ।
26 ਜੂਨ ਤੋਂ 4 ਜੁਲਾਈ ਤੱਕ ਬਹੁਤ ਸਖਸ਼ੀਅਤਾਂ ਪਿੰਡ ਜੌਲੀਆਂ ਵਿਖੇ ਆਈਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਹਨ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿੱਚ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਅਤੇ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਨ ਲਈ ਜੋ 6 ਮੈਂਬਰੀ ਕਮੇਟੀ ਬਣਾਈ ਗਈ ਸੀ, ਉਹ ਲਗਾਤਾਰ ਪ੍ਰਸ਼ਾਸ਼ਨ ਨਾਲ ਸੰਪਰਕ ਵਿੱਚ ਰਹੀ ਅਤੇ ਉਸ ਨੇ ਪ੍ਰਸ਼ਾਸ਼ਨ ਦੀ ਸਾਰੀ ਕਾਰਵਾਈ ਨੂੰ ਬੜੀ ਨੇੜਿਉਂ ਵੇਖਿਆ। 27 ਜੂਨ ਤੋਂ 4 ਜੁਲਾਈ ਤੱਕ 'ਮਾਲਵਾ ਸਿੱਖ ਜਥਾ-ਸੰਗਰੂਰ' ਵੱਲੋਂ ਸਿੱਖ ਰਵਾਇਤ ਅਨੁਸਾਰ ਅੱਗੇ ਦੀ ਕਾਰਵਾਈ ਮਤਿਆਂ ਦੇ ਰੂਪ ਵਿਚ ਸਿੱਖ ਜਥੇਬੰਦੀਆਂ ਨਾਲ ਲਗਾਤਾਰ ਲੰਮੀਆਂ ਵਿਚਾਰਾਂ ਅਤੇ ਸਹਿਮਤੀ ਨਾਲ ਵਿਉੰਤੀ ਗਈ ਸੀ।
25 ਜੂਨ 2021 ਨੂੰ ਦੁਪਹਿਰ ਵੇਲੇ ਜਿਲ੍ਹਾ ਸੰਗਰੂਰ ਵਿੱਚ ਭਵਾਨੀਗੜ੍ਹ ਦੇ ਨੇੜਲੇ ਪਿੰਡ ਜੌਲੀਆਂ ਵਿਖੇ ਇਸੇ ਹੀ ਪਿੰਡ ਦੀ ਵਸਨੀਕ ਗੁਰਮੇਲ ਕੌਰ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਪਟਰੌਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਗਨ ਭੇਟ ਹੋ ਗਿਆ ਅਤੇ ਬਾਕੀ 6 ਸਰੂਪ ਜਿਹੜੇ ਸੱਚਖੰਡ ਵਿਖੇ ਸਨ ਉਹ ਸਿੱਖ ਸੰਗਤ ਨੇ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਏ। ਇਹ ਦੁਰਘਟਨਾ ਵਾਪਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਖ਼ਤ ਉਤੇ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਕੋਈ ਵੀ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਸੀ।
ਸਿੱਖ ਪੰਥ ਦੇ ‘ਸੱਚ’ ਨੂੰ ਉਪਜਾਉਣ, ਇਸ ਨੂੰ ਵੰਡਣ, ਇਸ ਦੀ ਰਾਖੀ ਕਰਨ ਅਤੇ ਇਸ ਨੂੰ ਮੌਜੂਦਾ ਰਾਜਨੀਤਕ ਸੰਦਰਭ ਵਿਚ ਇਕ ‘ਕੌਮ’ ਵਜੋਂ ਪਛਾਣ ਦੇਣ ਵਾਲੀਆਂ ਹਰੇਕ ਤਰ੍ਹਾਂ ਦੀਆਂ ਸੰਸਥਾਵਾਂ ਅਤੇ ਸੰਗਠਨ ਇਕ ਗੁੱਝੇ ਹਮਲੇ ਦੀ ਮਾਰ ਹੇਠ ਹਨ। ਇਹ ਵਰਤਾਰਾ ਨਵਾਂ ਨਹੀਂ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਇਸ ਤਰ੍ਹਾਂ ਦੇ ਹਮਲੇ ਬਦਲਵੇਂ ਰੂਪ ਵਿਚ ਹੁੰਦੇ ਆ ਰਹੇ ਹਨ।