ਸਿੱਖ ਖਬਰਾਂ

ਸਿੱਖ ਯੂਥ ਆਫ ਪੰਜਾਬ ਵਲੋ ਜਾਤ-ਪਾਤ ਦੀ ਸਮਸਿਆ ਦੇ ਹੱਲ ਸੰਬੰਧੀ 25 ਫਰਵਰੀ ਨੂੰ ਕਨਵੈਨਸ਼ਨ ਹੋਵੇਗੀ

By ਸਿੱਖ ਸਿਆਸਤ ਬਿਊਰੋ

February 20, 2016

ਹੁਸ਼ਿਆਰਪੁਰ( 20 ਫਰਵਰੀ, 2016): ਸਿੱਖ ਯੂਥ ਆਫ ਪੰਜਾਬ ਵਲੋ ਜਾਤ-ਪਾਤ ਦੀ ਸਮਸਿਆ ਦੇ ਹੱਲ ਸੰਬੰਧੀ ਚੇਤੰਨਤਾ ਲਿਆਉਣ ਲਈ ਹੁਸ਼ਿਆਰਪੁਰ ਵਿਖੇ 25 ਫਰਵਰੀ ਨੂੰ ਕਨਵੈਨਸ਼ਨ ਕਰਵਾਈ ਜਾ ਰਹੀ ਹੈ । ਅਹਿਮ ਗੱਲ ਇਹ ਹੈ ਕਿ ਇਸ ਸਮਾਗਮ ਨੂੰ ਸਿੱਖ ਪੰਥ ਅਤੇ ਦਲਿਤ ਸਮਾਜ ਨਾਲ ਸਬੰਧਤ ਜਥੇਬੰਦੀਆਂ ਮਿਲਕੇ ਆਯੋਜਿਤ ਕਰ ਰਹੀਆਂ ਹਨ।

ਇਹ ਫੈਸਲਾ ਸਿੱਖ ਯੂਥ ਆਫ ਪੰਜਾਬ ਦੇ ਪ੍ਰਤੀਨਿਧਾਂ ਨੇ ਭਗਤ ਰਵਿਦਾਸ ਅਤੇ ਭਗਵਾਨ ਬਾਲਮੀਕ ਸਭਾਂਵਾਂ ਦੇ ਅਹੁਦੇਦਾਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ। ਇਸ ਸਬੰਧੀ ਦੋਨਾਂ ਧਿਰਾਂ ਦੀ ਇੱਕ ਅਹਿਮ ਮੀਟਿੰਗ ਹੁਸ਼ਿਆਰਪੁਰ ਵਿਖੇ ਹੋਈ।

ਮੀਟਿੰਗ ਨੂੰ ਸਬੋਧਨ ਹੁੰਦਿਆਂ ਯੂਥ ਆਗੂ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਜਾਤ-ਪਾਤ ਦਾ ਜ਼ਹਿਰ ਭਾਰਤੀ ਉਪ ਮਹਾਦੀਪ ਵਿੱਚ ਨਾਸੂਰ ਬਣਕੇ ਫੈਲਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਜ਼ਹਿਰ ਨੇ ਸਾਡੇ ਸਮਾਜ ਨੂੰ ਗੰਦਲਾ ਕਰ ਰਖਿਆ ਹੈ ਅਤੇ ਨਾਲ ਹੀ ਰਿਸ਼ਤਿਆਂ ਅੰਦਰ ਦੁਫੇੜ ਅਤੇ ਕੜਵਾਹਟ ਪੈਦਾ ਕੀਤੀ ਹੈ। ਉਹਨਾਂ ਹਾਲ ਹੀ ਵਿੱਚ ਹੈਦਰਾਬਾਦ ਵਿਖੇ ਦਲਿਤ ਨੌਜਵਾਨ ਨੂੰ ਆਤਮ-ਹਤਿਆ ਕਰਨ ਲਈ ਮਜਬੂਰ ਕਰਨ ਲਈ ਸਮਾਜ ਅੰਦਰ ਜਾਤ-ਪਾਤ ਦੇ ਨਾਮ ਹੇਠ ਫੈਲੀ ਅਰਾਜਕਤਾ ਨੂੰ ਜ਼ਿੰਮੇਵਾਰ ਠਹਿਰਾਇਆ।

ਉਨਾ ਕਿਹਾ ਕਿ ਸਿੱਖੀ ਸਿਧਾਂਤ ਜਾਤ ਪਾਤ ਨੂੰ ਰੱਦ ਕਰਦੇ ਹਨ, ਪਰ ਅਫਸੋਸ ਕਿ ਇਸ ਦੇ ਬਾਵਜੂਦ ਇਸ ਬੀਮਾਰੀ ਨੇ ਸਿੱਖ ਪੰਥ ਅੰਦਰ ਆਪਣੀਆਂ ਜੜ੍ਹਾਂ ਲਾ ਲਈਆਂ ਹਨ, ਜਿਸਨੂੰ ਖਦੇੜਣਾ, ਹਰ ਸੱਚੇ ਸਿੱਖ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਧਾਰਮਿਕ ਅਤੇ ਰਾਜਨੀਤਿਕ ਧਿਰਾਂ ਦੇ ਅਵੇਸਲੇਪਣ ਕਾਰਨ ਸਮਾਜ ਅੰਦਰ ਜਾਤ ਪਾਤ ਦਾ ਰੋਗ ਜੋਰ ਫੜਦਾ ਜਾ ਰਿਹਾ ਹੈ ਪਰ ਪੰਥ ਦਾ ਸੁਹਿਰਦ ਅਤੇ ਚੇਤੰਨ ਵਰਗ ਇਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗਾ। ਉਹਨਾਂ ਕਿਹਾ ਕਿ ਜਾਤ ਪਾਤ ਦੇ ਨਾਮ ਹੇਠ ਦਲਿਤਾਂ ਨਾਲ ਹੋ ਰਿਹਾ ਵਿਤਕਰਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦੁਖ ਪ੍ਰਗਟਾਉਦਿਆਂ ਕਿਹਾ ਕਿ ਸਖਤ ਕਾਨੂੰਨ ਬਨਣ ਦੇ ਬਾਵਜੂਦ ਦਲਿਤਾਂ ਔਰਤਾਂ ਖਿਲਾਫ ਵਿਤਕਰਾ ਅਤੇ ਜ਼ੁਲਮ ਥੰਮਣ ਦਾ ਨਾਮ ਨਹੀ ਲੈ ਰਿਹਾ ।

ਇਸ ਮੋਕੇ ਸ਼ਰੋਮਣੀ ਸ਼੍ਰੀ ਗੁਰੁ ਰਵਿਦਾਸ ਸਭਾ ਦੇ ਪ੍ਰਧਾਨ ਜਗਦੀਸ਼ ਬੱਧਣ ਨੇ ਸਿੱਖ ਯੂਥ ਆਫ ਪੰਜਾਬ ਦੇ ਉਪਰਾਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰਮਤ ਵਿਚਾਰਧਾਰਾ, ਜਾਤ-ਪਾਤ ਦੇ ਖਾਤਮੇ ਦਾ ਸੰਦੇਸ਼ ਦੇਂਦੀ ਹੈ ਅਤੇ ਸਾਡੇ ਗੁਰੂਆਂ ਨੇ ਇਸ ਵਰਣਵੰਡ ਨੂੰ ਰੱਦ ਕੀਤਾ ਹੈ। ਉਹਨਾਂ ਕਿਹਾ ਕਿ ਅਜੋਕੇ ਦੋਰ ਵਿੱਚ ਇਸ ਜ਼ਹਿਰ ਨੂੰ ਸਮਾਜ ਵਿੱਚੋ ਖਤਮ ਕਰਨਾ ਸਾਡੇ ਸਾਰਿਆਂ ਦਾ ਸਾਂਝਾ ਫਰਜ ਹੈ।

ਮੀਟਿੰਗ ਵਿੱਚ ਗੁਰਪ੍ਰੀਤ ਸਿੰਘ, ਨੋਬਲਜੀਤ ਸਿੰਘ, ਗੁਰਨਾਮ ਸਿੰਘ, ਰਣਵੀਰ ਸਿੰਘ ਤੋਂ ਇਲਾਵਾ ਗੁਰੁ ਰਵਿਦਾਸ ਟਾਈਗਰ ਫੋਰਸ ਰਜਿ ਪੰਜਾਬ, ਰਵਿਦਾਸੀਆਂ ਧਰਮ ਪ੍ਰਚਾਰਕ ਸਭਾਂ, ਅੱਤਿਆਚਾਰ ਵਿਰੋਧੀ ਫਰੰਟ, ਬੇਗਮਪੁਰਾ ਟਾਈਗਰ ਫੋਰਸ ਦੁਆਬਾ, ਭਾਰਤ ਮੁਕਤੀ ਮੋਰਚਾ ਅਤੇ ਭਗਵਾਨ ਬਾਲਮੀਕੀ ਧਰਮ ਰਕਸ਼ਾ ਸੰਮਤੀ ਜਥੇਬੰਦੀਆਂ ਦੇ ਅਹੁਦੇਦਾਰ ਚੇਅਰਮੈਨ ਰਵਿਦਾਸੀਆ ਧਰਮ ਪ੍ਰਚਾਰਕ ਮਹਾਸਭਾ ਸੁਰਿੰਦਰ ਸਿੰਘ ਪੱਪੀ, ਭਗਵਾਨ ਦਾਸ, ਧਿਆਨ ਚੰਦ ਐਮ ਸੀ, ਮੋਹਨ ਲਾਲ ਭਟੋਆਂ, ਕਸ਼ਮੀਰ  ਲੱਧੜ, ਗੁਰਦੀਪ ਸਿੰਘ, ਚੇਅਰਮੈਨ ਡਾ.ਅਜੈ ਮੱਲ, ਬਿੰਦਰ ਸੜੋਆਂ, ਪਿਆਰਾ ਸਿੰਘ ਬੱਧਣ, ਹਰਭਜਨ ਲਾਲ, ਡਾ. ਨੀਰਜ ਕੁਮਾਰ, ਸੁਰਜੀਤ ਮਾਹੀ, ਵਿਕਾਸ ਹੰਸ ਜਿਲਾ ਪ੍ਰਧਾਨ, ਸੂਰਜ ਮੱਟੂ, ਸੁਰਿੰਦਰਪਾਲ ਭੱਟੀ, ਵਿਕਾਸ ਭੱਟੀ, ਦਿਪਨੇਸ਼ ਸੰਘਰ, ਅਕਾਸ਼ ਹੰਸ, ਆਦਿ ਹਾਜਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: