ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨੇ ਬੁੱਧਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਚਾਹੇ ਆਪਣੀ ਜਿਹੜੀ ਮਰਜ਼ੀ ‘ਤੋਪ’ ਨੂੰ ਹਲਕਾ ਲੰਬੀ ਤੋਂ ਚੋਣ ਮੈਦਾਨ ਵਿੱਚ ਉਤਾਰ ਦੇਵੇ, ਸਭ ਦਾ ਇਸ ਚੋਣ ਅਖਾੜੇ ਵਿੱਚ ਸਿਆਸੀ ਜ਼ੋਰ-ਅਜ਼ਮਾਈ ਲਈ ਨਿੱਘਾ ਸਵਾਗਤ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਨਾ ਕੇਵਲ ਲੰਬੀ ਸਗੋਂ ਸਮੁੱਚੇ ਪੰਜਾਬ ਵਿੱਚੋਂ ਅਜਿਹੀਆਂ ਪੰਜਾਬ ਵਿਰੋਧੀ ਤਾਕਤਾਂ ਨੂੰ ਕਰਾਰੀ ਹਾਰ ਦੇਣਗੇ।
ਬਠਿੰਡਾ ਦਿਹਾਤੀ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਹਮਾਇਤ ਮੰਗਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਪੱਸ਼ਟ ਕਰਨ ਕਿ ਉਨ੍ਹ੍ਹਾਂ ਦੀ ਸਰਕਾਰ ਨੇ ਐਸ.ਵਾਈ.ਐਲ. ਨਹਿਰ ਦੇ ਮੁੱਦੇ ‘ਤੇ ਪੰਜਾਬ ਵਿਰੋਧੀ ਸਟੈਂਡ ਕਿਉਂ ਲਿਆ? ਉਨ੍ਹਾਂ ਕਿਹਾ ਕਿ ਹਰਿਆਣਾ ਕੇਜਰੀਵਾਲ ਦਾ ਗ੍ਰਹਿ ਸੂਬਾ ਹੈ ਅਤੇ ਆਪਣੇ ਸੂਬੇ ਨੂੰ ਲਾਭ ਦੇਣ ਲਈ ਉਨ੍ਹਾਂ ਨੇ ਪੰਜਾਬ ਦੇ ਹਿੱਤ ਵੀ ਦਾਅ ‘ਤੇ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਿਚਾਰਧਾਰਾ ਤੋਂ ਰਹਿਤ ਇਨ੍ਹਾਂ ਪਾਰਟੀਆਂ ਤੋਂ ਕਿਸੇ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗਲਤੀ ਨਾਲ ਵੀ ਇਹ ਪਾਰਟੀਆਂ ਪੰਜਾਬ ਦੀ ਸੱਤਾ ਵਿੱਚ ਆ ਗਈਆਂ ਤਾਂ ਇਹ ਪੰਜਾਬ ਲਈ ਬਹੁਤ ਮੰਦਭਾਗਾ ਹੋਵੇਗਾ।