Site icon Sikh Siyasat News

ਅਕਾਲੀ ਦਲ ਭ੍ਰਿਸ਼ਟਾਚਾਰ ਨਾਲ ਭਰਿਆ ਪਿਆ ਹੈ: ਪਰਗਟ ਸਿੰਘ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਤੋਂ ਬੀਤੇ ਦਿਨ ਕੱਢੇ ਗਏ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਅਕਾਲੀ ਦਲ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਪਾਰਟੀ ਚਮਚਿਆਂ, ਦਲਾਲਾਂ ਤੇ ਭ੍ਰਿਸ਼ਟਾਚਾਰ ਨਾਲ ਭਰੀ ਪਈ ਹੈ, ਤੇ ਅੱਜ ਤੋਂ ਕਰੀਬ ਸਾਢੇ 4 ਸਾਲ ਪਹਿਲਾਂ ਇਸ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਛਾਉਣੀ ਹਲਕੇ ਤੋਂ ਟਿਕਟ ਦਿੱਤੀ ਸੀ ਕਿ ਪਾਰਟੀ ਨੂੰ ਤੁਹਾਡੇ ਜਿਹੇ ਇਮਾਨਦਾਰ ਤੇ ਮਿਹਨਤੀ ਆਗੂ ਦੀ ਜ਼ਰੂਰਤ ਹੈ, ਪ੍ਰੰਤੂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਲੋਕਾਂ ਦੇ ਵਿਕਾਸ ਲਈ ਆਵਾਜ਼ ਉਠਾਉਣ ਵਾਲੇ ਵਿਧਾਇਕ ਨੂੰ ਪਾਰਟੀ ‘ਚੋਂ ਮੁਅੱਤਲ ਵੀ ਕਰ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਖ਼ੂਫੀਆਤੰਤਰ ਇੰਨ੍ਹਾ ਢਿੱਲਾ ਹੋ ਚੁੱਕਿਆ ਹੈ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਚਲਦਾ ਕਿ ਪਾਰਟੀ ਦਾ ਵਿਧਾਇਕ ਇਸ ਸਮੇਂ ਦਿੱਲੀ ‘ਚ ਹੈ ਜਾਂ ਚੰਡੀਗੜ੍ਹ ਵਿਚ ਉਹ ਸਰਕਾਰ ਕਿਵੇਂ ਚੱਲੇਗੀ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ‘ਚ ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਤੇ ਉਨ੍ਹਾਂ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਮਿਲੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ-ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਛਾਉਣੀ ਹਲਕੇ ਦੇ ਅਧੀਨ ਆਉਂਦੇ ਵੱਖ-ਵੱਖ ਖੇਤਰਾਂ ਦੀਆਂ ਕਈ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਤੱਕ ਕਈ ਵਾਰ ਪਹੁੰਚ ਕੀਤੀ, ਪ੍ਰੰਤੂ ਉਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਕਾਰਨ ਛਾਉਣੀ ਹਲਕੇ ਦੇ ਵਿਕਾਸ ਕਾਰਜ ਅੱਜ ਵੀ ਰੁਕੇ ਪਏ ਹਨ।

ਪ੍ਰੈਸ ਕਲੱਬ ਵਿਖੇ ਮੀਡੀਆ ਨੂੰ ਸੰਬੋਧਤ ਹੁੰਦੇ ਹੋਏ ਪ੍ਰਗਟ ਸਿੰਘ

ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਹੱਕ ਲਈ ਜਮਸ਼ੇਰ ਪਲਾਂਟ ਦਾ ਵਿਰੋਧ ਬੀਤੇ ਸਾਢੇ ਤਿੰਨ ਸਾਲ ਤੋਂ ਕਰਦੇ ਆ ਰਹੇ ਹਨ ਪ੍ਰੰਤੂ ਸਰਕਾਰ ਇਸ ਥਾਂ ‘ਤੇ ਹੀ ਸਾਲਿਡ ਵੇਸਟ ਪ੍ਰਾਜੈਕਟ ਲਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਅਕਾਲੀ ਸਰਕਾਰ ਦਾ ਮਾਨਸਿਕ ਤੌਰ ‘ਤੇ ਦੀਵਾਲੀਆ ਨਿਕਲ ਚੁੱਕਿਆ ਹੈ ਤੇ ਉੱਥੇ ਕੇਵਲ ਚਮਚਿਆਂ ਤੇ ਦਲਾਲਾਂ ਦੀ ਹੀ ਸੁਣਵਾਈ ਹੁੰਦੀ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਸਮਾਗਮਾਂ ‘ਚ ਕੇਵਲ ਇਸ ਕਾਰਨ ਹੀ ਨਹੀਂ ਜਾਂਦੇ ਸਨ, ਕਿਉਂਕਿ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ‘ਤੇ ਗੁੱਸਾ ਸੀ।  ਉਨ੍ਹਾਂ ਨੇ ਇਸ ਵਾਰ ਪੱਕਾ ਮੰਨ ਬਣਾ ਲਿਆ ਸੀ ਕਿ ਉਹ ਸਿਆਸਤ ਪੂਰੀ ਤਰ੍ਹਾਂ ਛੱਡ ਦੇਣਗੇ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਪਾਰਟੀ ‘ਚੋਂ ਮੁਅੱਤਲ ਕੀਤਾ ਗਿਆ ਹੈ, ਉਸ ਤੋਂ ਬਾਅਦ ਉਹ ਕਿਸੇ ਵੀ ਹਾਲਤ ‘ਚ ਸਿਆਸਤ ਨਹੀਂ ਛੱਡਣਗੇ।

ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਉਹ ਆਪਣੇ ਨਜ਼ਦੀਕੀਆਂ ਨਾਲ ਸਲਾਹ ਕਰਕੇ ਜਲਦ ਹੀ ਖੁਲਾਸਾ ਕਰਨਗੇ, ਕਿ ਉਹ ਕਿਸ ਪਾਰਟੀ ‘ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਉਨ੍ਹਾਂ ਦਾ ਪੁਰਾਣਾ ਮਿੱਤਰ ਹੈ ਤੇ ਉਸ ਦੀ ਅਕਸਰ ਹੀ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ ਖ਼ਿਲਾਫ਼ ਅੱਜ ਤੱਕ ਕਦੇ ਵੀ ਜਨਤਕ ਤੌਰ ‘ਤੇ ਕੋਈ ਵੀ ਆਵਾਜ਼ ਨਹੀਂ ਚੁੱਕੀ ਪ੍ਰੰਤੂ ਮੀਟਿੰਗਾਂ ਆਦਿ ‘ਚ ਉਹ ਹਮੇਸ਼ਾਂ ਹੀ ਨਗਰ ਨਿਗਮ ਤੇ ਸ਼ਹਿਰ ‘ਚ ਫੈਲੇ ਭ੍ਰਿਸ਼ਟਾਚਾਰ ਸਬੰਧੀ ਮੁੱਦੇ ਚੁੱਕਦੇ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version