ਹਸਨਪੁਰ(14 ਅਗਸਤ, 2015): ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੁਲਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਵਾਲਿਆਂ ‘ਤੇ ਇੱਕ ਤਰਾਂ ਦੀ ਪਾਬੰਦੀ ਲਾ ਦਿੱਤੀ ਹੈ। ਬਾਪੂ ਸੂਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਦੀ ਦੇਖ ਰੇਖ ਕਰਨ ਵਾਲੀ ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਉਨ੍ਹਾਂ ਨਾਲ ਇਕੱਲੇ ਮੁਲਾਕਾਤ ਕਰਨ ਦੀ ਇਜ਼ਾਜਤ ਨਹੀਂ।ਬਾਪੂ ਸੂਰਤ ਸਿੰਘ ਖਾਲਸਾ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਮੁਕੰਮਲ ਰੂਪ ’ਚ ਬੰਦੀ ਬਣਾ ਲਿਆ ਹੈ।
ਅੱਜ ਬਾਅਦ ਦੁਪਿਹਰ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਬੀਬੀ ਪ੍ਰੀਤਮ ਕੌਰ ਅਤੇ ਭਾਈ ਵੱਸਣ ਸਿੰਘ ਜੱਫਰਵਾਲ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਲਈ ਪੁੱਜੇ ਤਾਂ ਪੁਲਿਸ ਨੇ ਉਨਾਂ ਨੂੰ ਜੀ. ਟੀ. ਰੋਡ ਨਾਕੇ ’ਤੇ ਰੋਕ ਲਿਆ ਅਤੇ ਲੱਗਭੱਗ ਇਕ ਘੰਟੇ ਦੀ ਖੱਜਲ ਖੁਆਰੀ ਤੋਂ ਬਾਅਦ ਸ਼ਰਤਾਂ ਨਾਲ ਪਿੰਡ ਜਾਣ ਦੀ ਆਗਿਆ ਦਿੱਤੀ।
ਸ਼ਰਤਾਂ ’ਚ ਇੱਕ ਘੰਟੇ ਤੋਂ ਪਹਿਲਾਂ ਵਾਪਸ ਆਉਣ ਤੋਂ ਇਲਾਵਾ ਪੁਲਿਸ ਅਫਸਰਾਂ ਦੀ ਹਾਜ਼ਰੀ ’ਚ ਹੀ ਬਾਪੂ ਨਾਲ ਗੱਲਬਾਤ ਕਰਨਾ ਸ਼ਾਮਲ ਸੀ।
ਪੰਥਕ ਆਗੂਆਂ ਨੇ ਇਸ ਫੈਸਲੇ ਨੂੰ ਮਨੁੱਖੀ ਅਧਿਕਾਰਾਂ ਦਾ ਕਤਲ ਅਤੇ ਪੰਜਾਬ ’ਚ ਐਮਰਜੈਂਸੀ ਲਾਗੂ ਹੋਣ ਦਾ ਦੋਸ਼ ਲਾਇਆ। ਗੁਰਦੀਪ ਸਿੰਘ ਬਠਿੰਡਾ ਨੇ ਇਸ ਸਮੇਂ ਦੱਸਿਆ ਕਿ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੋਝੇ ਹੱਥਕੰਡਿਆਂ ’ਤੇ ਉਤਰ ਆਈ ਹੈ।
ਉਨਾਂ ਇਸ ਸਮੇਂ ਦੱਸਿਆ ਕਿ ਸੰਘਰਸ਼ ਕਮੇਟੀ ਦੀ 17 ਅਗਸਤ ਨੂੰ ਮੋਗੇ ਵਿਖੇ ਮੀਟਿੰਗ ਬੁਲਾਈ ਗਈ ਹੈ। ਜਿਸ ’ਚ ਤਾਜ਼ਾ ਸਥਿਤੀ ’ਤੇ ਵਿਚਾਰ ਚਰਚਾ ਤੋਂ ਬਾਅਦ ਸੰਘਰਸ਼ ਦਾ ਅਗਲਾ ਪ੍ਰੋਗਰਾਮ ਐਲਾਨਿਆ ਜਾਵੇਗਾ।
ਉਨਾਂ ਇਸ ਸਮੇਂ ਇਹ ਵੀ ਦੱਸਿਆ ਕਿ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਬਾਦਲ ਸਰਕਾਰ ਦੇ ਪੋਤੜੇ ਫਰੋਲਣ ਵਾਲਾ ਸੱਚੋ-ਸੱਚ ਬਿਆਨ ਜਾਰੀ ਕਰ ਕਰ ਦਿੱਤਾ ਗਿਆ ਹੈ। ਜਿਸਨੂੰ ਸੰਘਰਸ਼ ਕਮੇਟੀ 17 ਅਗਸਤ ਨੂੰ ਪ੍ਰੈੱਸ ਕਾਨਫਰੰਸ ’ਚ ਜਨਤਕ ਕਰ ਦੇਵੇਗੀ।