– ਸੁਖਵਿੰਦਰ ਸਿੰਘ ਰਟੌਲ
ਇਕ ਗੀਤ ਸੁਣਾਵਾਂਗਾ, ਵੋਟਾਂ ਤੋਂ ਮਗਰੋਂ
ਪੰਜਾਬ ਜਗਾਵਾਂਗਾ, ਵੋਟਾਂ ਤੋਂ ਮਗਰੋਂ।
ਮੁਰਝਾਇਆ ਹੈ ਫੁੱਲ ਗੁਲਾਬ ਦਾ ਸੱਜਣੋ,
ਇਹਨੂੰ ਫੇਰ ਖਿੜਾਵਾਂਗਾ ਵੋਟਾਂ ਤੋਂ ਮਗਰੋਂ।
ਜੜ੍ਹਾਂ ਤੇ ਟਾਹਣੀਆਂ ਸੁਕੀਆਂ ਨੇ ਜੋ ਵੀ,
ਮੈਂ ਹਰੀਆਂ ਕਰਾਵਾਂਗਾ ਵੋਟਾਂ ਤੋਂ ਮਗਰੋਂ।
ਨਸ਼ਿਆਂ ਦੀ ਏਥੇ ਪਈ ਝੁੱਲੇ ਹਨੇਰੀ,
ਮੈਂ ਵਗਣੋਂ ਹਟਾਵਾਂਗਾ ਵੋਟਾਂ ਤੋਂ ਮਗਰੋਂ।
ਤੇ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹਦੀ ਜਵਾਨੀ,
ਮੈਂ ਡੁੱਬਣੋਂ ਬਚਾਵਾਂਗਾ ਵੋਟਾਂ ਤੋਂ ਮਗਰੋਂ।
ਕਿੰਨੇ ਪੰਜਾਬੀ ਆਹ ਚਿੱਟੇ ਨਾਲ ਮਰਗੇ,
ਮੈਂ ਸਾਰੇ ਗਿਣਾਵਾਂਗਾ ਵੋਟਾਂ ਤੋਂ ਮਗਰੋਂ।
ਖੇਤਾਂ ਨੂੰ ਖਾ ਗਈਆਂ ਖਾਦਾਂ ਸਪਰੇਹਾਂ,
ਮੈਂ ਸਭ ਨੂੰ ਸਮਝਾਵਾਂਗਾ ਵੋਟਾਂ ਤੋਂ ਮਗਰੋਂ
ਕੁੜੀਆਂ ਦੇ ਚਿਹਰੇ ਤੇ ਪੈਂਦੇ ਤੇਜ਼ਾਬਾਂ ਦੀ
ਚਰਚਾ ਚਲਾਵਾਂਗਾ ਵੋਟਾਂ ਤੋਂ ਮਗਰੋਂ।
ਸੜਕਾਂ ਤੇ ਹੱਕਾਂ ਲਈ ਲੜਦੇ ਹੋਏ ਲੋਕਾਂ ਨੂੰ
ਮੈਂ ਸਲੀਕੇ ਸਿਖਾਵਾਂਗਾ ਵੋਟਾਂ ਤੋਂ ਮਗਰੋਂ।
ਤੇ ਇਹਨਾਂ ਦੀ ਜਿਸਨੇ ਇਹ ਹਾਲਤ ਹੈ ਕੀਤੀ,
ਉਹਨੂੰ ਫਿਰ ਵੀ ਲੁਕਾਵਾਂਗਾ, ਵੋਟਾਂ ਤੋਂ ਮਗਰੋਂ।
ਤੇ ਸੱਪਾਂ ਨੂੰ ਸਹੀ ਸਲਾਮਤ ਲੰਘਾ ਕੇ,
ਕੁੱਟੀ ਲੀਕ ਨੂੰ ਜਾਵਾਂਗਾ ਵੋਟਾਂ ਤੋਂ ਮਗਰੋਂ।
ਔਹ ਫਾਂਸੀ ‘ਤੇ ਚੜ੍ਹ ਕੇ ਜੋ ਉੱਤੇ ਜਾ ਪਹੁੰਚੇ,
ਮੈਂ ਥੱਲੇ ਲਿਆਵਾਂਗਾ ਵੋਟਾਂ ਤੋਂ ਮਗਰੋਂ।
ਰਟੌਲ ਵੇਖੀਂ ਸ਼ਹੀਦਾਂ ਤੋਂ ਮੈਂ ਅਪਣੇ ਹੱਕ ‘ਚ
ਵੋਟ ਪਵਾਵਾਂਗਾ ਵੋਟਾਂ ਤੋਂ ਮਗਰੋਂ ।