ਫਰੀਦਕੋਟ: ਬਹਿਬਲ ਕਲਾਂ ਗੋਲੀ ਕਾਂਡ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਵਾਉਣ ਦੇ ਮਾਮਲੇ ਵਿਚ ਬਾਦਲ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਬਾਦਲਾਂ ਖਿਲਾਫ ਸਿੱਖ ਸੰਗਤ ਦਾ ਰੋਹ ਵੱਧਦਾ ਜਾ ਰਿਹਾ ਹੈ। ਪਰ ਬਾਦਲ ਦਲ ਦੇ ਪ੍ਰਧਾਨ ਦੇ ਨਿਤ ਨਵੇਂ ਬਿਆਨ ਇਸ ਸਥਿਤੀ ਨੂੰ ਹੋਰ ਖਰਾਬ ਕਰ ਸਕਦੇ ਹਨ। ਅੱਜ ਫਰੀਦਕੋਟ ਵਿਖੇ ਪਾਰਟੀ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਭਾਈ ਧਿਆਨ ਸਿੰਘ ਮੰਡ ਦੇ ਸ਼ਹੀਦ ਭਰਾ ਭਾਈ ਹਰਭਜਨ ਸਿੰਘ ਮੰਡ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ।
ਫਰੀਦਕੋਟ ਦੇ ਚਾਂਦ ਪੈਲੇਸ ਵਿਚ ਪਾਰਟੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, “ਜਿਹੜੇ ਬੈਠੇ ਐ ਬਰਗਾੜੀ, ਕੌਣ ਬੈਠੇ ਐ, ਆਹ ਉਹ ਬੈਠੇ ਐ ਜਿਹੜੇ ‘ਅੱਤਵਾਦ’ ਪੰਜਾਬ ‘ਚ ਲਿਆਉਣਾ ਚਾਹੁੰਦੇ ਐ। ਆਹ ਮੰਡ (ਭਾਈ ਧਿਆਨ ਸਿੰਘ ਮੰਡ) ਐ, ਮੰਡ ਦਾ ਕੀ ਪਿਛੋਕੜ ਐ, ਇਹਦਾ ਭਰਾ (ਸ਼ਹੀਦ ਭਾਈ ਹਰਭਜਨ ਸਿੰਘ ਮੰਡ) ਸਭ ਤੋਂ ਵੱਡਾ ਅੱਤਵਾਦੀ ਸੀ।”
ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਹਰਭਜਨ ਸਿੰਘ ਮੰਡ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵਲੋਂ ਕੀਤੇ ਹਮਲੇ ਤੋਂ ਬਾਅਦ ਪੰਜਾਬ ਦੀ ਅਜ਼ਾਦੀ ਲਈ ਚੱਲੇ ਹੱਥਿਆਰਬੰਦ ਸੰਘਰਸ਼ ਵਿਚ ਜੂਝਦਿਆਂ ਸ਼ਹੀਦ ਹੋ ਗਏ ਸਨ।
ਆਪਣੇ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਇਕ ਵਾਰ ਫੇਰ ਆਈਅੇਸਆਈ ਦਾ ਰਾਗ ਅਲਾਪਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਈਐਸਆਈ ਵਲੋਂ ਪੰਜਾਬ ਦਾ ਮਹੌਲ ਖਰਾਬ ਕਰਨ ਲਈ 16 ਕਰੋੜ ਰੁਪਏ ਦਿੱਤੇ ਗਏ ਹਨ।
ਜਿੱਥੇ ਇਕ ਪਾਸੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਸਿੱਖਾਂ ਦਾ ਰੋਹ ਵੱਧਦਾ ਜਾ ਰਿਹਾ ਹੈ ਉੱਥੇ ਇਨ੍ਹਾਂ ਹਾਲਾਤਾਂ ਵਿਚ ਘਿਰੇ ਟਕਸਾਲੀ ਅਕਾਲੀ ਆਗੂਆਂ ਲਈ ਸੁਖਬੀਰ ਬਾਦਲ ਦੇ ਅਜਿਹੇ ਬਿਆਨ ਪਿੰਡਾਂ ਵਿਚ ਹੋਰ ਮੁਸ਼ਕਿਲਾਂ ਖੜੀਆਂ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਹੁਣ ਦੀਆਂ ਗੱਲਾਂ ਵੀ ਚੱਲਣ ਲਗ ਪਈਆਂ ਹਨ। ਪਰ ਕੁਝ ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਇਕ ਪਰਿਵਾਰ ਦੀਆਂ ਜੰਜੀਰਾਂ ਵਿਚ ਫਸ ਚੁੱਕੀ ਪਾਰਟੀ ਦੇ ਟਕਸਾਲੀ ਆਗੂਆਂ ਵਿਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਸਕਦਾ ਹੈ।