Site icon Sikh Siyasat News

ਬੇਅਦਬੀ ਅਤੇ ਨਵੰਬਰ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਜੰਗ ਲੜਾਂਗੇ: ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ (ਨਰਿੰਦਰਪਾਲ ਸਿੰਘ ਤੇ ਸ.ਸ.ਬ): ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਤੇ ਕਮੇਟੀ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਐਲਾਨ’ ਕੀਤਾ ਹੈ ਕਿ ਉਹ ਬੇਅਦਬੀ ਅਤੇ ਨਵੰਬਰ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਜੰਗ ਲੜੇਗਾ ਇਸ ਲਈ ਦਲ ਦੇ ਕਾਰਕੁੰਨਾਂ ਨੂੰ ਚਾਹੀਦਾ ਹੈ ਕਿ ਉਹ ਦਲ ਦੇ ਹਰ ਸਮਾਗਮ ਮੌਕੇ ਵੱਡੀ ਗਿਣਤੀ ਪੁੱਜਕੇ ‘ਪਾਰਟੀ’ ਨੂੰ ਮਜਬੂਤ ਕਰਨ।

ਸੁਖਬੀਰ ਸਿੰਘ ਬਾਦਲ, ਬੀਤੇ ਦਿਨੀਂ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਸ਼ਮੂਲੀਅਤ ਲਈ ਅੰਮ੍ਰਿਤਸਰ ਵਿੱਚ ਸੀ।

ਪਾਠ ਦੇ ਭੋਗ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦਾਸ ਹਾਲ ਵਿਖੇ ਬਾਦਲ ਦਲ ਦੇ ਆਗੂਆਂ ਤੇ ਸ਼੍ਰੋ.ਗੁ.ਪ੍ਰ.ਕ. ਦੇ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇੇ ਕਿਹਾ ਕਿ ਨਵੰਬਰ 1984 ਵਿੱਚ ਕਾਂਗਰਸ ਵਲੋਂ ਦਿੱਲੀ ਤੇ ਬਾਕੀ ਹੋਰ ਸ਼ਹਿਰਾਂ ਵਿਚ ਕੀਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਵੀ ਸਜਾਵਾਂ ਨਹੀ ਹੋਈਆਂ।

ਉਹਨੇ ਕਿਹਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੀ ਮੰਗ ਸਾਰੀ ਕੌਮ ਕਰ ਰਹੀ ਹੈ ਇਸ ਲਈ ਬਾਦਲ ਦਲ ਨੇ 3 ਨਵੰਬਰ ਨੂੰ ਦਿੱਲੀ ਸਥਿਤ ਜੰਤਰ ਮੰਤਰ ਤੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ।

ਸੁਖਬੀਰ ਸਿੰਘ ਬਾਦਲ ਆਪਣੇ ਦਲ ਦੇ ਕਾਰਕੁੰਨਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ

ਪਾਰਟੀ ਦੇ ਮੌਜੂਦਾ ਤੇ ਸਾਬਕਾ ਵਿਧਾਇਕਾਂ, ਕਮੇਟੀ ਮੈਂਬਰਾਂ ਤੇ ‘ਜਿਲ੍ਹਾ ਜਥੇਦਾਰਾਂ’ ਨੂੰ ਸੰਬੋਧਨ ਹੁੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਹਲਕੇ ‘ਚੋਂ 500-700 ਕਾਰਕੁੰਨ ਦਿੱਲੀ ਪੁਜਣੇ ਚਾਹੀਦੇ ਹਨ ਤੇ ਚੰਗਾ ਹੋਵੇ ਕਿ ਇਹ ਵਰਕਰ 2 ਨਵੰਬਰ ਦੀ ਸ਼ਾਮ ਹੀ ਦਿਲੀ ਪੁਜ ਜਾਣ, ਉਨ੍ਹਾਂ ਦੇ ਲੰਗਰ ਤੇ ਰਿਹਾਇਸ਼ ਦਾ ਸਾਰਾ ਇੰਤਜਾਮ ਗੁ: ਬੰਗਲਾ ਸਾਹਿਬ ਤੇ ਗੁ: ਰਕਾਬ ਗੰਜ਼ ਸਾਹਿਬ ਵਿਖੇ ਹੋਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ 3 ਨਵੰਬਰ ਨੂੰ ਪਾਰਟੀ ਕਾਰਕੁੰਨ ਗੁ: ਰਕਾਬ ਗੰਜ਼ ਸਾਹਿਬ ਸਥਿਤ ਉਸ ਸੱਚ ਦੀ ਦੀਵਾਰ ਨੇੜੇ ਇਕੱਤਰ ਹੋਣਗੇ ਜੋ ਅਕਾਲੀ ਦਲ ਨੇ ਨਵੰਬਰ 84 ਵਿੱਚ ਮਾਰੇ ਸਿੱਖਾਂ ਦੀ ਯਾਦ ਵਿੱਚ ਬਣਵਾਈ ਹੈ।

ਬਾਦਲ ਦਲ ਦੇ ਪ੍ਰਧਾਨ ਨੇ ਆਪਣੇ ਦਲ ਦੇ ਆਗੂਆਂ ਤੇ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ 30 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਵਜੋਂ ਹੋ ਰਹੀ ਤਾਜਪੋਸ਼ੀ ਦੀ ਰਸਮ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਪੁਜਣ।

ਅੱਜ ਦੀ ਇਸ ਇਕਤਰਤਾ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪਰਧਾਨ ਬੀਬੀ ਜਗੀਰ ਕੌਰ, ਪ੍ਰੋ:ਕਿਰਪਾਲ ਸਿੰਘ ਬਡੂੰਗਰ, ਸਾਬਕਾ ਕਾਰਜਕਾਰੀ ਪਰਧਾਨ ਅਲਵਿੰਦਰ ਪਾਲ ਸਿੰਘ ਪਖੋਕੇ, ਸਾਬਕਾ ਸੀਨੀਅਰ ਮੀਤ ਪਰਧਾਨ ਬਲਦੇਵ ਸਿੰਘ ਕੈਮਪੁਰਾ, ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਗੁੁਰਬਚਨ ਸਿੰਘ ਕਰਮੂਵਾਲ, ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਜਥੇਦਾਰ ਤੋਤਾ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਲਖਬੀਰ ਸਿੰਘ ਲੋਧੀਨੰਗਲ ਸਮੇਤ ਕੋਈ 60 ਦੇ ਕਰੀਬ ਕਮੇਟੀ ਮੈਂਬਰ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version