ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬੇਅਦਬੀ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਮਹਿੰਦਰਪਾਲ ਬਿੱਟੂ ਦੀ ਜੇਲ੍ਹ ਵਿੱਚ ਹੋਈ ਮੌਤ ਤੇ ਟਿਪਣੀ ਕਰਦਿਆਂ ਸਾਬਕਾ ਉਪ ਮੁਖ ਮੰਤਰੀ ਤੇ ਫਿਰੋਜਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ‘ਇਹ ਕਤਲ ਭਾਵਨਾਵਾਂ ਦੇ ਵਹਿਣ ਤਹਿਤ ਕੀਤੀ ਕਾਰਵਾਈ ਹੈ’। ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ‘ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਸ਼ੈਅ ਨਹੀ ਹੈ ਬੱਸ ਹਰ ਕਿਸੇ ਨੁੰ ਕੁਰਸੀ ਦੀ ਪਈ ਹੋਈ ਹੈ’।
ਬਾਦਲ ਪਰਵਾਰ ਵਲੋਂ ਦਰਬਾਰ ਸਾਹਿਬ ਸਮੂਹ ਵਿਖੇ ਕਰਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਸ਼ਮੂਲੀਅਤ ਕਰਨ ਪੁਜੇ ਸੁਖਬੀਰ ਸਿੰਘ ਬਾਦਲ ਮਹਿੰਦਰਪਾਲ ਬਿੱਟੂ ਦੇ ਕਤਲ ਬਾਰੇ ਅਨਜਾਣਤਾ ਪ੍ਰਗਟਾਉਂਦੇ ਨਜਰ ਆਏ।
ਪੱਤਰਕਾਰਾਂ ਵਲੋਂ ਦੋ ਤਿੰਨ ਵਾਰ ਪੂਰੀ ਗੱਲ ਦੱਸਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬੇਧਿਆਨੀ ਜਿਹੀ ਵਿਚ ਕਿਹਾ ਕਿ ‘ਇਹ ਭਾਵਨਾਵਾਂ ਵਿੱਚ ਵਹਿ ਕੇ ਕੀਤੀ ਕਾਰਵਾਈ ਹੋ ਸਕਦੀ’। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਨੇ ਕਿਹਾ ਕਿ ‘ਲੋਕਾਂ ਦੀਆਂ ਭਾਵਨਾਵਾਂ ਅਜੇ ਵੀ ਵਲੂੰਧਰੀਆਂ ਹੋਈਆਂ ਹਨ। ਇਹੀ ਲਗਦਾ। ਮੈਨੂੰ ਧੱਕਾ ਲੱਗਾ ਹੈ “ਵੁਈ ਆਰ ਸ਼ੌਕਡ”।
⊕ ਬਰਗਾੜੀ ਬੇਅਦਬੀ ਦਾ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਨਵੀਂ ਨਾਭਾ ਜੇਲ੍ਹ ਵਿਚ ਮਾਰਿਆ ਗਿਆ
ਕਤਲ ਮਾਮਲੇ ਵਿੱਚ ਡੇਰਾ ਮੁਖੀ ਜਾਂ ਮਹਿੰਦਰਪਾਲ ਬਿੱਟੂ ਦੀ ਕਰਤੂਤ ਦਾ ਜਿਕਰ ਕੀਤੇ ਬਗੈਰ ਹੀ ਸੁਖਬੀਰ ਬਾਦਲ ਨੇ ਸਿੱਧਾ ਨਿਸ਼ਾਨਾ ਅਮਰਿੰਦਰ ਸਿੰਘ ਸਰਕਾਰ ਵੱਲ ਸਾਧਦਿਆਂ ਕਿਹਾ ‘ਪੰਜਾਬ ਵਿੱਚ ਸਰਕਾਰ ਤਾਂ ਹੈ ਹੀ ਨਹੀ’। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਲਾਇਕ ਦੱਸਿਆ।