ਚੰਡੀਗੜ੍ਹ (21 ਅਕਤੂਬਰ, 2015): ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੰਜਾਂ ਜੱਥੇਦਾਰਾਂ ਵੱਲੋਂ ਸਰਸਾ ਦੇ ਪੰਥ ਵਿਰੋਧੀ ਸੌਦਾ ਸਾਧ ਨੂੰ ਦਿੱਤੇ ਮਾਫੀਨਾਮੇ ਅਤੇ ਬਾਅਦ ਵਿੱਚ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਅਤੇ ਬਾਅਦ ਵਿੱਚ ਵਾਪਰੀਆਂ ਘਟਨਾਵਾਂ ਕਰਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਦਲ ਦੀ ਧਾਰਮਿਕ ਤੇ ਰਾਜਸੀ ਲੀਡਰਸ਼ਿਪ ਦਾ ਘਰਾਂ ਵਿੱਚੋਂ ਨਿਕਲਣਾ ਵੀ ਮੁਹਾਲ ਹੋਇਆ ਪਿਆ ਹੈ।
ਇਨ੍ਹਾਂ ਘਟਨਾਵਾਂ ਦੇ ਚੱਲਦਿਆਂ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉੋੱਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਅੱਜ ਪਿੰਡ ਬਾਦਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ।
ਤਖ਼ਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਮੁਆਫ਼ੀ ਅਤੇ ਫਿਰ ਮੁਆਫ਼ੀ ਦਾ ਹੁਕਮਨਾਮਾ ਵਾਪਸ ਲਏ ਜਾਣ ਤੋਂ ਬਾਅਦ ਧਾਰਮਿਕ ਖੇਤਰ ਵਿੱਚ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ।ਸ਼੍ਰੋਮਣੀ ਕਮੇਟੀ ਦੇ ਰਾਗੀਆਂ,ਢਾਂਡੀਆਂ ਅਤੇ ਪ੍ਰਚਾਰਕਾਂ ਵੱਲੋਂ ਗਿਆਨੀ ਗੁਰਬਚਨ ਸਿਮਘ ਦੀ ਕੀਤੀ ਵਿਰੋਧਤਾ ਅਤੇ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਦੀ ਤਾਜ਼ਾ ਘਟਨਾ ਨੇ ਇਹ ਸੰਕਟ ਹੋਰ ਵੀ ਡੂੰਘਾ ਕਰ ਦਿੱਤਾ ਹੈ। ਧਾਰਮਿਕ ਖੇਤਰ ਵਿੱਚ ਇਹ ਚਰਚਾ ਭਾਰੂ ਹੋ ਗਈ ਹੈ ਤੇ ਤਖ਼ਤਾਂ ਦੇ ਜਥੇਦਾਰਾਂ ਵਜੋਂ ਨਵੀਆਂ ਸਖ਼ਸ਼ੀਅਤਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਬਾਦਲ ਦਲ ਦੇ ਪ੍ਰਧਾਨ ਦੀਆਂ ਸਰਗਰਮੀਆਂ ਨੂੰ ਵੀ ਇਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ਸੱਤਾ ਦੇ ਸਾਢੇ ਸੱਤ ਸਾਲਾਂ ਦੌਰਾਨ ਪਹਿਲੀ ਵਾਰੀ ਵੱਡਾ ਰਾਜਸੀ ਤੇ ਧਾਰਮਿਕ ਸੰਕਟ ਆਇਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੰਘੇ ਹਫਤੇ ਤੋਂ ਲਗਾਤਾਰ ਪਾਰਟੀ ਆਗੂਆਂ ਨਾਲ ਤਾਜ਼ਾ ਸੰਕਟ ਬਾਰੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਵਿੱਚ ਸਰਕਾਰ ਬਾਦਲ ਦਲ ਪ੍ਰਤੀ ਰੋਹ ਪੈਦਾ ਹੋਇਆ ਤਾਂ ਹਾਕਮ ਪਾਰਟੀ ਨੂੰ ਇਸ ਦਾ ਬਹੁਤ ਜ਼ਿਆਦਾ ਸੇਕ ਝੱਲਣਾ ਪਿਆ ਹੈ। ਬਾਦਲ ਦਲ ਦੇ ਆਗੂਆਂ ਨੂੰ ਲੋਕਾਂ ਦੇ ਵਿਰੋਧ ਦਾ ਜਨਤਕ ਤੌਰ ’ਤੇ ਹੀ ਸਾਹਮਣਾ ਨਹੀਂ ਕਰਨਾ ਪਿਆ ਸਗੋਂ ਕਈ ਕਮੇਟੀ ਮੈਂਬਰਾਂ ਅਤੇ ਆਗੂਆਂ ਦਾ ਕੁਟਾਪਾ ਵੀ ਹੋਇਆ। ਇਨ੍ਹਾਂ ਘਟਨਾਵਾਂ ਕਾਰਨ ਬਾਦਲ ਦਲ ਦੇ ਹੇਠਲੇ ਆਗੂਆਂ ਦੇ ਹੌਸਲੇ ਪਸਤ ਹੋਏ ਪਏ ਹਨ।
ਮੁੱਖ ਮੰਤਰੀ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਤਾਜ਼ਾ ਘਟਨਾਵਾਂ ਕਾਰਨ ਪਾਰਟੀ ਨੂੰ ਸਿਆਸੀ ਨੁਕਸਾਨ ਹੋਣ ਦੀ ਗੱਲ ਜਨਤਕ ਤੌਰ ’ਤੇ ਮੰਨਣੀ ਸ਼ੁਰੂ ਕਰ ਦਿੱਤੀ ਹੈ। ਬਾਦਲ ਦਲ ਦੇ ਪ੍ਰਧਾਨ ਵੱਲੋਂ ਭਾਵੇਂ ਪਾਰਟੀ ਵਰਕਰਾਂ ਨੂੰ ਅਕਾਲੀ ਦਲ ਦੇ ਹੱਕ ’ਚ ਮੁਹਿੰਮ ਚਲਾਉਣ ਲਈ ਕਿਹਾ ਸੀ ਪਰ ਲੋਕਾਂ ਦੇ ਰੋਹ ਕਾਰਨ ਕੋਈ ਵੀ ਆਗੂ ਲੋਕਾਂ ਵਿੱਚ ਜਾਣ ਦਾ ਹੌਸਲਾ ਨਹੀਂ ਕਰ ਰਿਹਾ।
ਉਪ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਮੁਤਾਬਕ ਸੁਖਬੀਰ ਬਾਦਲ ਅੱਜ ਸ਼ਾਮ ਪਿੰਡ ਬਾਦਲ ਚਲੇ ਗਏ। ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਅਸਤੀਫੇ ਦੇਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਬਾਦਲ ਦਲ ਵੱਲੋਂ ਸੰਤ ਸਮਾਜ ਨਾਲ ਸਬੰਧਿਤ ਮੈਂਬਰਾਂ ਵੱਲੋਂ ਹੀ ਅਸਤੀਫੇ ਦੇਣ ਦੀ ਗੱਲ ਆਖ਼ ਕੇ ਮਾਮਲਾ ਟਾਲਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਅਕਾਲੀ ਦਲ ਨਾਲ ਸਬੰਧਤ ਕਈ ਮੈਂਬਰਾਂ ਵੱਲੋਂ ਵੀ ਅਸਤੀਫੇ ਦਿੱਤੇ ਗਏ ਹਨ। ਇਸ ਨਾਲ ਪਾਰਟੀ ’ਚ ਬਗਾਵਤ ਵਾਲਾ ਮਾਹੌਲ ਬਣਿਆ ਹੋਇਆ ਹੈ।