Site icon Sikh Siyasat News

ਸੁਖਬੀਰ ਬਾਦਲ ਨੇ ਬਹਿਬਲ ਕਲਾਂ ਸ਼ਹੀਦੀ ਸਮਾਗਮ ਦੇ ਬਰਾਬਰ ਹਰ ਹਲਕੇ ਅੰਦਰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੁਆਉਣ ਦੇ ਦਿੱਤੇ ਹੁਕਮ

ਸੁਖਬੀਰ ਬਾਦਲ (ਫਾਈਲ ਫੋਟੋ)

ਬਾਦਲ (22 ਅਕਤੂਬਰ, 2015): ਸੌਦਾ ਸਾਧ ਮਾਫੀਨਾਮਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਦੀ ਪਿੰਡ ਬਰਗਾੜੀ ਪਿਛਲੇ ਦਿਨੀ ਹੋਈ ਬੇਅਦਬੀ ਦੀ ਘਟਨਾ ਅਤੇ ਪੁਲਿਸ ਵੱਲੋਂ ਸ਼ਾਂਤਮਈ ਰਸ ਧਰਨਾ ਦੇ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਕਾਰਣ ਲੋਕ ਰੋਹ ਦੇ ਚਲਦਿਆਂ ਅਪਾਣੇ ਘਰਾਂ ਅੰਦਰ ਆਪਣੇ ਆਪ ਨੂੰ ਸਮੇਟੀ ਬੈਠੇ ਬਾਦਲ ਦਲ ਦੇ ਆਗੂਆਂ ਨੂੰ ਹੱਲਸ਼ੇਰੀ ਦੇਣ ਲਈ ਅਤੇ ਸ਼ਹੀਦ ਹੋਏ ਸਿੰਘਾਂ ਦੀ 25 ਅਕਤੂਬਰ ਨੂੰ ਅੰਤਮ ਅਰਦਾਸ ਸਮੇਂ ਹੋਣ ਵਾਲੇ ਪੰਥਕ ਇਕੱਠ ਵਿੱਚ ਸੰਗਤਾਂ ਦੀ ਸ਼ਮੂਲੀਅਤ ਘੱਟ ਕਰਨ ਲਈ ਬਾਦਲ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵਾਂ ਪ੍ਰੋਗਰਾਮ ਦਿੱਤਾ ਹੈ।

ਬਾਦਲ ਦਲ ਮਾਲਵਾ ਖਿੱਤੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪਸ਼ਚਾਤਾਪ ਕਰਨ ਲਈ 23 ਅਕਤੂਬਰ ਨੂੰ ਆਖੰਡ ਪਾਠ ਪ੍ਰਕਾਸ਼ ਕਰਵਾਏਗਾ ਅਤੇ 25 ਅਕਤੂਬਰ ਨੂੰ ਭੋਗ ਪਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ।

ਉਪ ਮੁੱਖ ਮੰਤਰੀ ਨੇ ਹਰ ਹਲਕੇ ਵਿੱਚ 25 ਅਕਤੂਬਰ ਨੂੰ ਭੋਗ ਪਾਉਣ ਦੀ ਹਦਾਇਤ ਕੀਤੀ ਹੈ ਅਤੇ ਉਸੇ ਦਿਨ ਹੀ ਬਹਿਬਲ ਕਲਾਂ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨਾਂ ਨਮਿਤ ਰੱਖੇ ਪਾਠਾਂ ਦੇ ਭੋਗ ਪੈ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬਹਿਵਲ ਕਲਾਂ ਦੇ ਬਰਾਬਰ ਪ੍ਰੋਗਰਾਮ ਉਲੀਕ ਦਿੱਤਾ ਹੈ ਤਾਂ ਜੋ ਬਹਿਵਲ ਕਲਾਂ ਵਿੱਚ ਹੋਣ ਵਾਲੇ ਇਕੱਠ ਨੂੰ ਠੱਲ੍ਹਿਆ ਜਾ ਸਕੇ। ਪਹਿਲਾਂ ਅਕਾਲੀ ਦਲ ਨੇ 23 ਅਕਤੂਬਰ ਨੂੰ ਪਾਠਾਂ ਦੇ ਭੋਗ ਪਾਉਣ ਦਾ ਪ੍ਰੋਗਰਾਮ ਦਿੱਤਾ ਸੀ, ਜਿਸ ਨੂੰ ਬਦਲ ਕੇ ਹੁਣ 25 ਅਕਤੂਬਰ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ ਬਾਦਲ ਦਲ ਇਨ੍ਹਾਂ ਧਾਰਮਿਕ ਸਮਾਗਮਾਂ ਬਹਾਨੇ ਘਰਾਂ ਵਿੱਚ ਹੌਸਲਾ ਸੁੱਟੀ ਬੈਠੇ ਅਕਾਲੀ ਨੇਤਾਵਾਂ ਤੇ ਵਰਕਰਾਂ ਨੂੰ ਮੁੜ ਮੈਦਾਨ ਵਿੱਚ ਉਤਾਰਨਾ ਚਾਹੁੰਦਾ ਹੈ।

ਉਪ ਮੁੱਖ ਮੰਤਰੀ ਨੇ ਅੱਜ ਪਿੰਡ ਬਾਦਲ ਦੇ ਰੈਸਟ ਹਾਊਸ ਵਿੱਚ ਜ਼ਿਲ੍ਹਾ ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ ਤੇ ਮੋਗਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ, ਹਲਕਾ ਵਿਧਾਇਕਾਂ ਤੇ ਇੰਚਾਰਜਾਂ, ਸਰਕਲ ਜਥੇਦਾਰਾਂ ਅਤੇ ਚੇਅਰਮੈਨਾਂ ਆਦਿ ਨਾਲ ਜ਼ਿਲ੍ਹਾਵਾਰ ਮੀਟਿੰਗਾਂ ਕੀਤੀਆਂ।

ਬਾਦਲ ਨੇ ਪਾਰਟੀ ਆਗੂਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਅਕਾਲੀ ਦਲ ਖ਼ਿਲਾਫ਼ ਚੱਲੀ ਲਹਿਰ ਦੇ ਟਾਕਰੇ ਲਈ ਮੈਦਾਨ ਵਿੱਚ ਨਿੱਤਰਨ ਲਈ ਆਖਿਆ। ੳੁਨ੍ਹਾਂ ਪੰਜਗਰਾਈ ਦੇ ਫੜੇ ਨੌਜਵਾਨਾਂ ਦੇ ਮਾਮਲੇ ਸਬੰਧੀ ਆਖਿਆ ਕਿ ਪੁਲੀਸ ਨੇ ਪੁਖ਼ਤਾ ਸਬੂਤ ਮਿਲਣ ਮਗਰੋਂ ਹੀ ਕਾਰਵਾਈ ਕੀਤੀ ਹੈ, ਜੋ ਬਿਲਕੁਲ ਸਹੀ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਆਖਿਆ ਕਿ ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਫਿਰ ੳੁਹ ਕਿਉਂ ਖੁੱਲ੍ਹ ਕੇ ਵਿਚਰਨ ਤੋਂ ਝਿਜਕ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version