ਖੇਤੀਬਾੜੀ

ਖੁਦਕੁਸ਼ੀ ਮਾਮਲਾ: ਪੰਜਾਬ ਦੇ ਸੱਤ ਜ਼ਿਲ੍ਹਿਆਂ ਚ 53.87 ਫੀਸਦ ਖੇਤ ਮਜ਼ਦੂਰਾਂ ਨੇ ਕੀਤੀ ਖੁ਼ਦਕੁਸ਼ੀ

By ਸਿੱਖ ਸਿਆਸਤ ਬਿਊਰੋ

July 15, 2017

ਚੰਡੀਗੜ੍ਹ: ਪੰਜਾਬ ਸਰਕਾਰ ਭਾਵੇਂ ਅਜੇ ਤਕ ਜ਼ਮੀਨ ਵਿਹੂਣੇ ਖੇਤ ਮਜ਼ੂਦਰਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਕੋਈ ਫ਼ੈਸਲਾ ਲੈਣ ’ਚ ਨਾਕਾਮ ਰਹੀ ਹੈ, ਪਰ ਸਰਕਾਰ ਵੱਲੋਂ ਤਿਆਰ ਕਰਵਾਈ ਰਿਪੋਰਟ ਤੋਂ ਜਿਹੜਾ ਖੁਲਾਸਾ ਹੋਇਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਰਿਪੋਰਟ ਮੁਤਾਬਕ ਪੰਜਾਬ ’ਚ ਜ਼ਮੀਨਾਂ ਤੋਂ ਵਾਂਝੇ ਅਤੇ ਕਰਜ਼ਿਆਂ ਕਰਕੇ ਖ਼ੁਦਕੁਸ਼ੀ ਕਰਨ ਵਾਲੇ ਖੇਤ ਮਜ਼ਦੂਰਾਂ ਦੀ ਗਿਣਤੀ ਕਿਸਾਨਾਂ ਨਾਲੋਂ ਕਿਤੇ ਵੱਧ ਹੈ।

ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ’ਚ ਖ਼ੁਦਕੁਸ਼ੀਆਂ ਬਾਰੇ ਤਿਆਰ ਰਿਪੋਰਟ ਮੁਤਾਬਕ ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚ 2010 ਤੋਂ 2016 ਦੇ ਅਰਸੇ ਦੌਰਾਨ ਖੇਤ ਮਜ਼ਦੂਰਾਂ ਦੀ ਗਿਣਤੀ ਕਿਸਾਨਾਂ ਦੇ ਮੁਕਾਬਲੇ ਵੱਧ ਸੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿਆਰ ਇਹ ਰਿਪੋਰਟ ਸੱਤ ਜ਼ਿਲ੍ਹਿਆਂ ਫਰੀਦਕੋਟ, ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਪਟਿਆਲਾ, ਰੂਪਨਗਰ, ਐਸਏਐਸ ਨਗਰ ਤੇ ਮੁਕਤਸਰ ਵਿੱਚ ਕੀਤੇ ਸਰਵੇਖਣ ’ਤੇ ਅਧਾਰਤ ਹੈ। ਪੰਜਾਬ ਦੇ ਹੋਰਨਾਂ ਜ਼ਿਿਲ੍ਹਆਂ ਬਾਰੇ ਰਿਪੋਰਟ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ।

ਰਿਪੋਰਟ ਮੁਤਾਬਕ 2010 ਤੋਂ 2016 ਦੇ ਅਰਸੇ ਦੌਰਾਨ ਸੱਤ ਜ਼ਿਲ੍ਹਿਆਂ ’ਚੋਂ ਖੁ਼ਦਕੁਸ਼ੀਆਂ ਦੇ 737 ਕੇਸ ਸਾਹਮਣੇ ਆਏ ਸਨ। ਇਨ੍ਹਾਂ ’ਚੋਂ 397 ਲਗਪਗ 53.87 ਫੀਸਦ ਖੇਤ ਮਜ਼ਦੂਰ ਹਨ ਜਦਕਿ 340 (46.3 ਫੀਸਦ) ਕਿਸਾਨ ਸਨ। ਖ਼ੁਦਕੁਸ਼ੀ ਕਰਨ ਵਾਲੇ ਖੇਤ ਮਜ਼ਦੂਰਾਂ ’ਚੋਂ ਵੱਡੀ ਗਿਣਤੀ ਹੌਲੀ ਅਤੇ ਦਰਮਿਆਨੀ ਉਮਰ ਦੇ ਸਨ।

ਸਾਲ 2000 ਤੋਂ 2009 ਦੇ ਅਰਸੇ ਦੌਰਾਨ ਪੇਂਡੂ ਖ਼ੁਦਕੁਸ਼ੀਆਂ ਬਾਰੇ ਇਨ੍ਹਾਂ ਸੱਤ ਜ਼ਿਲ੍ਹਿਆਂ ਨਾਲ ਸਬੰਧਤ ਪਿਛਲੀ ਰਿਪੋਰਟ ਮੁਤਾਬਕ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਖ਼ੁਦਕੁਸ਼ੀਆਂ ਕੁੱਲ ਅੰਕੜਿਆਂ ਦਾ 46 ਫੀਸਦ ਬਣਦੀਆਂ ਹਨ। ਹਾਲਾਂਕਿ ਮੌਜੂਦਾ ਰਿਪੋਰਟ ਮੁਤਾਬਕ ਪਿਛਲੇ ਅਧਿਐਨ ਦੀ ਨਿਸਬਤ ਐਤਕੀਂ ਖੇਤ ਮਜ਼ਦੂਰਾਂ ਵੱਲੋਂ ਖੁ਼ਦਕੁਸ਼ੀਆਂ ’ਚ 8 ਫੀਸਦ ਦਾ ਇਜ਼ਾਫ਼ਾ ਹੋਇਆ ਹੈ। ਖ਼ੁਦਕੁਸ਼ੀਆਂ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਖੇਤ ਮਜ਼ਦੂਰਾਂ ਵੱਲੋਂ 83.38 ਫੀਸਦ ਖੁ਼ਦਕੁਸ਼ੀਆਂ ਕਰਜ਼ੇ ਦੀ ਵੱਧਦੀ ਪੰਡ ਕਰਕੇ ਕੀਤੀਆਂ ਜਦਕਿ 11.62 ਫੀਸਦ ਕੇਸਾਂ ’ਚ ਖੁ਼ਦਕੁਸ਼ੀ ਦੀ ਵਜ੍ਹਾ ਕੁਝ ਹੋਰ ਸੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ.ਲਖਵਿੰਦਰ ਸਿੰਘ ਨੇ ਕਿਹਾ,‘2007 ਵਿੱਚ ਅਸੀਂ ਖੇਤ ਮਜ਼ਦੂਰਾਂ ਦੀ ਹਾਲਤ ਬਾਰੇ ਇਕ ਰਿਪੋਰਟ ਸਰਕਾਰ ਨੂੰ ਸੌਂਪੀ ਸੀ। ਇਸ ਰਿਪੋਰਟ ਮੁਤਾਬਕ 70 ਫੀਸਦ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਸਨ, ਪਰ ਸਰਕਾਰ ਨੇ ਨੀਤੀ ਬਣਾਉਣ ਲੱਗਿਆਂ ਕਦੇ ਵੀ ਇਸ ਰਿਪੋਰਟ ਦੇ ਤੱਥਾਂ ਤੇ ਅੰਕੜਿਆਂ ਨੂੰ ਨਹੀਂ ਗੌਲਿਆ। ਜੇ ਕਿਤੇ ਸਰਕਾਰ ਨੇ ਸਮਾਂ ਰਹਿੰਦਿਆਂ ਕਦਮ ਪੁੱਟਿਆ ਹੁੰਦਾ ਤਾਂ ਖੇਤ ਮਜ਼ਦੂਰਾਂ ਨੂੰ ਬਚਾਇਆ ਜਾ ਸਕਦਾ ਸੀ।’ ਰਿਪੋਰਟ ਨੂੰ ਤਿਆਰ ਕਰਨ ਵਿੱਚ ਸੁਖਵਿੰਦਰ ਸਿੰਘ, ਕੇਸਰ ਸਿੰਘ ਭੰਗੂ ਤੇ ਜਸਵਿੰਦਰ ਸਿੰਘ ਬਰਾੜ ਵੀ ਸ਼ਾਮਲ ਸਨ।

ਇਹ ਰਿਪੋਰਟ 4 ਜੁਲਾਈ ਨੂੰ ਪੰਜਾਬੀ ਟ੍ਰਿਿਬਊਨ ਅਖ਼ਬਾਰ ਵਿੱਚ ਛਪੀ ਸੀ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਛਾਪ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: