ਲਾਹੌਰ: ਲਹਿੰਦੇ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਇੱਕ ਰੋਸ ਰੈਲੀ ਦੌਰਾਨ ਆਤਮਘਾਤੀ ਬੰਬਾਰ ਹਮਲੇ ਵਿੱਚ 16 ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ ਤਿੰਨ ਪੁਲਿਸ ਅਧਿਕਾਰੀ ਸ਼ਾਮਲ ਹਨ। ਹਮਲੇ ਵਿੱਚ 60 ਲੋਕ ਜ਼ਖ਼ਮੀ ਵੀ ਹੋਏ ਹਨ।
ਲਾਹੌਰ ਦੇ ਮੁੱਖ ਪੁਲਿਸ ਅਧਿਕਾਰੀ ਅਮੀਨ ਵੇਨ ਅਨੁਸਾਰ ਮ੍ਰਿਤਕਾਂ ਵਿੱਚ ਲਾਹੌਰ ਦਾ ਮੁੱਖ ਟਰੈਫਿਕ ਅਧਿਕਾਰੀ ਅਹਿਮਦ ਮੋਬੀਨ ਸ਼ਾਮਲ ਹੈ। ਹੋਰ ਵੱਖ-ਵੱਖ ਰਿਪੋਰਟਾਂ ਅਨੁਸਾਰ ਸੀਨੀਅਰ ਸੁਪਰਡੈਂਟ ਪੁਲਿਸ ਯਾਹਿਦ ਗੌਂਡਲ ਅਤੇ ਡੀਐੱਸਪੀ ਪਰਵੇਜ਼ ਬੱਟ ਵੀ ਮ੍ਰਿਤਕਾਂ ਵਿੱਚ ਸ਼ਾਮਲ ਹਨ। ਹਮਲਾਵਰ ਨੇ ਇਸ ਹਮਲੇ ਵਿੱਚ ਵਿਸ਼ੇਸ਼ ਤੌਰ ਉੱਤੇ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਡੀਆਈਜੀ ਮੋਬੀਨ ਉੱਤੇ ਬਲੋਚਿਸਤਾਨ ਵਿੱਚ ਵੀ ਹਮਲਾ ਹੋਇਆ ਸੀ ਪਰ ਉਦੋਂ ਉਹ ਬਚ ਗਿਆ ਸੀ।
ਪਾਕਿਸਤਾਨੀ ਪੰਜਾਬ ਦੇ ਸਿਹਤ ਮੰਤਰੀ ਖ਼ਵਾਜ਼ਾ ਸਲਮਾਨ ਰਫੀ਼ਕ ਅਨੁਸਾਰ ਹਮਲੇ ਵਿੱਚ 60 ਲੋਕ ਜ਼ਖ਼ਮੀ ਹੋਏ ਹਨ ਅਤੇ ਇਨ੍ਹਾਂ ਵਿੱਚੋਂ 11 ਦੀ ਹਾਲਤ ਗੰਭੀਰ ਹੈ। ਇੱਕ ਪੁਲੀਸ ਅਧਿਕਾਰੀ ਅਨੁਸਾਰ ਬੰਬਾਰ ਨੇ ਵਿਸ਼ੇਸ਼ ਤੌਰ ਉੱਤੇ ਉੱਥੇ ਜਾ ਕੇ ਧਮਾਕਾ ਕੀਤਾ ਜਿੱਥੇ ਪੁਲਿਸ ਅਧਿਕਾਰੀ ਮੌਜੂਦ ਸਨ। ਉਸਨੇ ਦੱਸਿਆ ਕਿ ਪੁਲਿਸ ਅਧਿਕਾਰੀ ਹੀ ਬੰਬਾਰ ਦਾ ਨਿਸ਼ਾਨਾ ਸਨ।