ਚੰਡੀਗੜ੍ਹ (23 ਜੁਲਾਈ 2014): ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਸਿੱਖਾਂ ਦੀ ਮੰਗ ‘ਤੇ ਬਣਾਈ ਗਈ ਹਰਿਆਣਾ
ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਨਾਮਜ਼ਦਗੀ ਨਾਲ ਗੁਰਦੁਆਰਾ ਕਮੇਟੀ ਲਈ ਆਰੰਭੇ ਸੰਘਰਸ਼ ਦਾ ਇੱਕ ਪੜਾਅ ਪੂਰਾ ਹੋ ਗਿਆ ਹੈ।ਅੱਜ ਸਰਕਾਰ ਨੇ ਕਮੇਟੀ ਦੇ 41 ਮੈਬਰਾਂ ਦਾ ਸਰਕਾਰੀ ਤੌਰ ‘ਤੇ ਐਲਾਨ ਕਰ ਦਿੱਤਾ ਗਿਆ ਹੈ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਅਨੁਸਾਰ ਕਮੇਟੀ ਦੇ 40 ਮੈਂਬਰ ਚੋਣ ਰਾਹੀਂ ਅਤੇ 9 ਮੈਂਬਰ ਕੋਆਪਟ ਕੀਤੇ ਜਾਣੇ ਹਨ ਪਰ ਸਰਕਾਰ ਵੱਲੋਂ 41 ਮੈਂਬਰੀ ਕਮੇਟੀ ਬਣਾਈ ਗਈ ਹੈ। ਬਾਕੀ ਅੱਠ ਮੈਂਬਰਾਂ ਨੂੰ ਨਾਮਜ਼ਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਵੀਂ ਚੁਣੀ ਗਈ ਕਮੇਟੀ ਲਈ ਸਭ ਤੋਂ ਔਖਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਗੁਰਦੁਆਰਿਆਂ ਦਾ ਕਬਜ਼ਾ ਲੈਣਾ ਹੈ। ਕਿਊਕਿਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਗੁਰਦੁਆਰਿਆਂ ਵਿੱਚ ਟਾਸਕ ਫੋਰਸ ਅਤੇ ਹੋਰ ਬੰਦੇ ਭੇਜੇ ਜਾਣ ਕਰਕੇ ਇਸ ਨੂੰ ਆਪਣਾ ਕੰਮ ਕਾਜ ਸ਼ੁਰੂ ਕਰਨ ਵਿੱਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬੀ ਟ੍ਰਿਬਿਊਨ ਅਖਬਾਰ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41 ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰ ਦੇਣ ਨਾਲ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਕਾਇਦਾ ਹੋਂਦ ਵਿੱਚ ਆ ਗਈ ਹੈ। ਇਸ ਕਮੇਟੀ ਦਾ ਕਾਰਜਕਾਲ ਡੇਢ ਸਾਲ ਹੋਵੇਗਾ ਤੇ ਉਸ ਤੋਂ ਬਾਅਦ ਆਮ ਚੋਣ ਕਰਵਾਉਣੀ ਹੋਵੇਗੀ। ਨਵੀਂ ਕਮੇਟੀ ਦੇ ਬਣਨ ਤੱਕ ਐਡਹਾਕ ਕਮੇਟੀ ਹੀ ਸੂਬੇ ਦੇ ਗੁਰਦੁਆਰਿਆਂ ਦੇ ਕੰਮਕਾਜ ਨੂੰ ਦੇਖੇਗੀ।